ਮੇਰਾ ਪੰਜਾਬ

ਸੁਪਨਾ ਪੰਜਾਬੀਆਂ ਦਾ ਕਿਤੇ ਟੁੱਟ ਜਾਵੇ ਨਾ
ਪੈਰਾਂ 'ਚ ਗ਼ੁਲਾਮੀ ਦੀ ਜੰਜ਼ੀਰ ਕੋਈ ਪਾਵੇ ਨਾ
ਆਪੋ 'ਚ ਮਾਰ-ਧਾੜ ਜੰਗ ਲੱਗ ਜਾਵੇ ਨਾ
ਉੱਕ ਗਿਆ ਮੰਜ਼ਿਲ ਤੋਂ ਡਾਂਡੇ-ਮੀਂਡੇ ਜਾਂਵਦਾ
ਮਨ ਮੇਰਾ ਵੇਖ ਵੇਖ ਡੂੰਘਾ ਪਛਤਾਂਵਦਾ

ਸੁਪਨੇ ਬਗ਼ੇਰ ਬੜਾ ਕਠਿਨ ਹੁੰਦਾ ਜੀਵਣਾ
ਸੋਨੇ ਜਿਹੀ ਦੇਹੀ ਵਿਚ ਮਿੱਟੀ ਬਣ ਥੀਵਣਾ
ਰਿਜ਼ਕ ਬਿਨਾਂ ਜੀਣ ਹੋਵੇ ਜ਼ਹਿਰ ਜਿਵੇਂ ਪੀਵਣਾ
ਮਲਾਹਾਂ ਦਿਆਂ ਮਨਾਂ ਵਿਚ ਕਿਤੇ ਕੋਈ ਖੋਟ ਹੈ
ਤਾਹੀੳਂ ਤਾਂ ਮਨ-ਮੇਰਾ ਡੱਕੇ-ਡੋਲੇ ਖਾਂਵਦਾ

ਧਰਤੀ ਲਈ ਕਿਸ ਹਿੱਕ ਵਿਚ ਧਰਵਾਸ ਹੈ?
ਪੈਰਾਂ ਅੱਗੇ ਦਿਸ ਰਿਹਾ ਲੰਮਾ ਬਨਵਾਸ ਹੈ
ਮਾਣ ਕਾਹਦਾ ਰਿਹਾ ਜਦੋਂ ਛੱਡ ਦਿੱਤਾ ਵਾਸ ਹੈ
ਪੈੇਰਾਂ ਵਿਚ ਕੰਡਿਆਂ ਵਿਛਾਇਆ ਹੋਵੇ ਜਾਲ ਜਦ
ਧਰਤੀ ਦੇ ਪਿਆਰ ਦੇ ਨਹੀਂ ਗੀਤ ਕੋਈ ਗਾਂਵਦਾ

ਇਕ ਇਕ ਘਰ ਕਈ ਚੁਲ੍ਹਿਆਂ 'ਚ ਵੰਡਿਆ
ਹੱਦਾਂ-ਸਰਹੱਦਾਂ ਦੀਆਂ ਜੇਲ੍ਹਾਂ ਵਿਚ ਡੱਕਿਆ
ਪੇਟ ਦੀ ਮੁਥਾਜੀ ਨੇ ਹੈ ਹੌਲਾ ਕਰ ਛੱਡਿਆ
ਕੂੰਜਾਂ ਦੀਆਂ ਡਾਰਾਂ ਵਾਂਗ ਯਾਰ ਜਦੋਂ ਦੂਰ ਜਾਣ
ਫੇਰ ਕੌਣ ਗਿੱਧੇ ਅਤੇ ਭੰਗਣੇ ਹੈ ਪਾਂਵਦਾ

ਮਨਾਂ ਵਿਚ ਗਹਿਰੇ ਸਰਾਪ ਵੱਸ ਗਏ ਨੇ
ਜਿਸਮਾਂ ਨੂੰ ਹਾਰਾਂ ਦੇ ਨਾਗ਼ ਡੱਸ ਗਏ ਨੇ
ਹੱਡਾਂ 'ਚ ਪੰਜਾਬੀਆਂ ਦੇ ਨਸ਼ੇ ਧਸ ਗਏ ਨੇ
ਸੱਧਰਾਂ-ਇੱਛਾਵਾਂ ਦੇ ਸਿਤਾਰੇ ਟੁੱਟ ਜਾਣ ਜਦੋਂ
ਮੋਰ ਵੀ ਕਲਹਿਰੀ ਨਹੀੳਂ ਤਾਲ ਵਿਚ ਆਂਵਦਾ

ਨੇਕ-ਨੀਤੀ ਵਾਲੇ ਬੰਦੇ ਨਜ਼ਰ ਨਹੀਂ ਆਂਵਦੇ
ਧਨ ਦੇ ਅੰਬਾਰ ਭਲਾ ਬੰਦੇ ਕਿਉਂ ਨੇ ਲਾਂਵਦੇ?
ਥਾਲ ਵਿਚ ਵਸਤਾਂ ਤਾਂ ਤਿਲ ਭਰ ਖਾਂਵਦੇ
ਡੋਬ ਰਹੇ ਬੇੜੇ ਜਦੋਂ ਆਪ ਹੀ ਮਲਾਹ ਹੋਣ
ਉਸ ਵੇਲੇ ਅੱਲਹ ਵੀ ਨਹੀਂ ਆਣਕੇ ਬਚਾਂਵਦਾ

ਸੇਵਾਦਾਰ ਵੇਖ ਬੀਰ ਸੇਵਾ ਨੇ ਨਿਭਾਂਵਦੇ
ਪਲਟਣਾਂ ਦੇ ਵਿਚ ਵੀ ਨੇ ਖ਼ੌਫ਼ ਪਏ ਇਹ ਖਾਂਵਦੇ
ਭਰਮ ਰਣਜੀਤ ਸਿਹੁੰ ਦੇ ਰਾਜ ਦਾ ਵਿਖਾਂਵਦੇ
ਮਰ ਜਾਏ ਜਦੋਂ ਵੀ ਜ਼ਮੀਰ ਕਦੇ ਬੰਦੇ ਦੀ
ਜੀਂਦਾ ਹੋਇਆ ਖਾਕ ਜਿਉਂ ਅਉਧ ਹੇ ਹੰਢਾਂਵਦਾ

ਦੇਸ਼ ਨਹੀਂ ਗ਼ਰੀਬ ਏਹਦੇ ਚੌਧਰੀ ਗ਼ਰੀਬ ਨੇ
ਖਾ ਕੇ ਵੀ ਭੁੱਖੇ ਨੇ ਇਹ ਆਦਮੀ ਅਜੀਬ ਨੇ
ਸਦੀਆਂ ਤੋਂ ਸੜ ਰਹੇ ਇਸਦੇ ਨਸੀਬ ਨੇ
ਫ਼ਸਲ ਕਿਵੇ ਹਰੀ ਹੋਵੇ ਮੈਂਡੜੇ ਪੰਜਾਬ ਦੀ
ਪਹਿਰੇਦਾਰ ਆਪ ਜਦੋਂ ਜੜੀਂ ਤੇਲ ਪਾਂਵਦਾ