ਪ੍ਰੀਖਿਆਵਾਂ ਦੀ ਤਿਆਰੀ ਕਿਵੇਂ ਕਰੀਏ

ਬੋਰਡ ਪ੍ਰੀਖਿਆਵਾਂ ’ਚ ਥੋੜਾ ਸਮਾਂ ਰਹਿ ਚੁਕਿਆ ਹੈ। ਬੱਚੇ ਲਗਾਤਾਰ ਅਪਣੇ ਪੇਪਰਾਂ ਦੀ ਤਿਆਰੀ ਕਰ ਰਹੇ ਹਨ। ਬੋਰਡ ਦੀਆਂ ਪ੍ਰੀਖਿਆਵਾਂ ਬਹੁਤ ਮਹੱਤਵਪੂਰਨ ਹੁੰਦੀਆਂ ਹਨ। ਸਾਰਾ ਸਾਲ ਬੱਚੇ ਮਿਹਨਤ ਕਰਦੇ ਹਨ ਤੇ ਫਿਰ ਇਨ੍ਹਾਂ ਪੀਖਿਆਵਾਂ ’ਚ ਬੈਠ ਕੇ ਵਧੀਆ ਅੰਕ ਪਾਪਤ ਕਰ ਕੇ ਅਪਣੀ ਮੰਜ਼ਿਲ ਸਰ ਕਰਦੇ ਹਨ। ਦਸਵੀਂ ਦੀ ਪ੍ਰੀਖਿਆ ਤੋਂ ਬਾਅਦ ਬੱਚੇ ਅਪਣਾ ਵੱਖ-ਵੱਖ ਖ਼ੇਤਰ ਚੁਣਦੇ ਹਨ। ਕਿਸੇ ਨੇ ਵਿਗਿਆਨ ਤੇ ਕਿਸੇ ਨੇ ਕਾਨੂੰਨ ਜਾਂ ਹੋਰ ਖੇਤਰ ਵਲ ਜਾਣਾ ਹੁੰਦਾ ਹੈ। ਅਜਿਹੇ ਖੇਤਰਾਂ ’ਚ ਜਦੋਂ ਦਾਖ਼ਲਾ ਹੁੰਦਾ ਹੈ ਤਾਂ ਮੈਰਿਟ ਲਿਸਟ ਕਾਫ਼ੀ ਜ਼ਿਆਦਾ ਉੱਚੀ ਹੋ ਜਾਂਦੀ ਹੈ। ਕਹਿਣ ਦਾ ਮਤਲਬ ਹੈ ਕਿ ਹਰ ਵਿਦਿਆਰਥੀ ਦੀ ਇਹ ਚਾਹਤ ਹੁੰਦੀ ਹੈ ਕਿ ਮੇਰਾ ਮਨਪਸੰਦ ਖੇਤਰ ’ਚ ਦਾਖ਼ਲਾ ਜ਼ਰੂਰ ਹੋ ਜਾਵੇ। ਠੀਕ ਇਸੇ ਤਰ੍ਹਾਂ ਬਾਰਵੀਂ ਤੋਂ ਬਾਅਦ ਵੱਖ- ਵੱਖ ਖੇਤਰਾਂ ’ਚ ਵਿਦਿਆਰਥੀਆਂ ਦੀ ਆਪਣੀ ਦਿਲਚਸਪੀ ਹੁੰਦੀ ਹੈ। ਇਸੇ ਮੁਤਾਬਕ ਵਿਦਿਆਰਥੀ ਆਪਣੀ ਤਿਆਰੀ ਦਿਲ ਲਗਾ ਕੇ ਕਰਦੇ ਹਨ।
ਪੇਪਰਾਂ ਦੀ ਤਿਆਰੀ ਇਕਾਗਰਤਾ ਨਾਲ ਕਰਨੀ ਚਾਹੀਦੀ ਹੈ। ਸਭ ਤੋਂ ਪਹਿਲਾ ਬੱਚੇ ਅਪਣਾ ਟਾਈਮ ਟੇਬਲ ਬਣਾਉਣ। ਕਿਸ ਵਿਸ਼ੇ ਨੂੰ ਉਨਾ ਨੇ ਕਿੰਨਾ ਸਮਾਂ ਦੇਣਾ ਹੈ, ਲਿਖ ਕੇ ਦੇਖਣ ਕਿਉਂਕਿ ਲਿਖਣ ਨਾਲ ਬਹੁਤ ਜਲਦੀ ਦਿਮਾਗ਼ ’ਚ ਬੈਠ ਜਾਂਦਾ ਹੈ। ਜੋ ਵੀ ਵਿਸ਼ੇ ਤੋਂ ਸਬੰਧਤ ਯਾਦ ਕੀਤਾ ਹੈ, ਉਸ ਦੇ ਛੋਟੇ-ਛੋਟੇ ਹੈਡਿੰਗ ਬਣਾਉਣ ਤਾਂ ਜੋ ਪੀਖਿਆ ਤੋਂ ਦੋ ਕੁ ਦਿਨ ਪਹਿਲਾਂ ਉਨ੍ਹਾਂ ਬਣਾਏ ਗਏ ਹੈਡਿੰਗ ਦਾ ਰੀਵੀਊ ਕੀਤਾ ਜਾ ਸਕੇ। ਕਿਉਂਕਿ ਉਸ ਵੇਲੇ ਏਨਾ ਸਮਾਂ ਨਹੀਂ ਹੁੰਦਾ ਕਿ ਸਾਰਾ ਸਿਲੇਬਸ ਦੇਖਿਆ ਜਾਵੇ। ਅੱਜਕਲ ਬੱਚੇ ਘਰ ਹੀ ਬੈਠ ਕੇ ਤਿਆਰੀ ਕਰ ਰਹੇ ਹਨ ਕਿਉਂਕਿ ਪ੍ਰੀਖਿਆਵਾਂ ’ਚ ਥੋੜ੍ਹਾਂ ਹੀ ਸਮਾਂ ਰਹਿ ਚੁੱਕਾ ਹੈ।
ਮੋਬਾਈਲ (ਇੰਟਰਨੈੱਟ) ਤੇ ਜੋ ਕੋਈ ਵਿਸ਼ੇ ਨਾਲ ਸਬੰਧਤ ਜਾਣਕਾਰੀ ਲੈਣੀ ਹੈ, ਉਹ ਤੁਹਾਨੂੰ ਵਧੀਆ ਮਿਲ ਜਾਂਦੀ ਹੈ ਪਰ, ਕਈ ਵਾਰ ਦੇਖਣ ’ਚ ਆਉਂਦਾ ਹੈ ਕਿ ਉਸ ਵਿਸ਼ੇ ਬਾਰੇ ਬਹੁਤ ਹੀ ਡੂੰਘੀ ਜਾਣਕਾਰੀ ਮਿਲ ਜਾਂਦੀ ਹੈ। ਫਿਰ ਉਹ ਗੱਲ ਸਾਨੂੰ ਸਮਝ ਨਹੀਂ ਆਉਂਦੀ। ਸੋ ਮੋਬਾਈਲ ਇੰਟਰਨੈਟ ਦੀ ਬਹੁਤ ਘੱਟ ਵਰਤੋਂ ਕਰੋ।
ਤਿਆਰੀ ਦੌਰਾਨ ਬੱਚਿਆਂ ਵੱਲੋਂ ਆਪਣੇ ਬਣਾਏ ਨੋਟਸ ਵਿਸ਼ੇਸ ਕਾਰਗਰ ਸਿੱਧ ਹੁੰਦੇ ਹਨ ਕਿਉਂਕਿ ਬੱਚੇ ਜੋ ਕੁਝ ਆਪ ਤਿਆਰ ਕਰਦੇ ਹਨ, ਉਸ ਮੁਤਾਬਕ ਅਪਣੇ ਨੋਟਸ ਬਣਾ ਲੈਂਦੇ ਹਨ। ਜਦੋਂ ਪੇਪਰਾਂ ਨੂੰ ਇਕ ਦੋ ਦਿਨ ਰਹਿ ਜਾਂਦੇ ਹਨ ਤਾਂ ਫਿਰ ਉਹੀ ਨੋਟਸ ਬੱਚਿਆਂ ਵੱਲੋਂ ਦੁਹਰਾਏ ਜਾਂਦੇ ਹਨ ਜਿਸ ਨਾਲ ਉਨ੍ਹਾਂ ਦਾ ਵਧੀਆ ਅਭਿਆਸ ਹੋ ਜਾਂਦਾ ਹੈ।
ਸਾਰਾ ਦਿਨ ਵੀ ਪੜ੍ਹਾਈ ਨਹੀਂ ਹੁੰਦੀ, ਥੋੜਾ ਸਮਾਂ ਖੇਡਣਾ ਵੀ ਜ਼ਰੂਰੀ ਹੁੰਦਾ ਹੈ। ਸਵੇਰ ਦਾ ਸਮਾਂ ਪੜ੍ਹਾਈ ਲਈ ਬਹੁਤ ਵਧੀਆ ਹੁੰਦਾ ਹੈ ਕਿਉਂਕਿ ਉਸ ਸਮੇਂ ਵਾਤਾਵਰਣ ਆਵਾਜ਼ ਪੁਦੂਸ਼ਣ ਮੁਕਤ ਹੁੰਦਾ ਹੈ। ਸਵੇਰ ਦਾ ਪੜ੍ਹਿਆ ਹੋਇਆ ਕਦੇ ਵੀ ਨਹੀਂ ਭੁਲਦਾ। ਸਵੇਰੇ ਜਲਦੀ ਉਠਣ ਦੀ ਆਦਤ ਪਾਉ, ਸੈਰ ਕਰੋ ਤੇ ਤਾਜ਼ਾ ਹੋ ਕੇ ਆਪਣੀ ਕਿਤਾਬ ਚੁੱਕੋ ਤੇ ਪੜ੍ਹਾਈ ਕਰੋ। ਪ੍ਰੀਖਿਆਵਾਂ ਦੌਰਾਨ ਆਪਣੇ ਖਾਣ-ਪੀਣ ਦਾ ਵਿਸ਼ੇਸ ਧਿਆਨ ਰੱਖਣਾ ਚਾਹੀਦਾ ਹੈ। ਤਾਜ਼ੇ ਫੁੱਲ- ਸਬਜ਼ੀਆਂ ਦਾ ਸੇਵਨ ਕਰੋ, ਇਸ ਨਾਲ ਸਰੀਰ ਵਿਚ ਚੁਸਤੀ ਵੀ ਆਏਗੀ ਤੇ ਪੜ੍ਹਾਈ ਵਿਚ ਦਿਲਚਸਪੀ ਵੀ ਵਧੇਗੀ। ਪ੍ਰੀਖਿਆਵਾਂ ਦੌਰਾਨ ਮਾਂ-ਬਾਪ ਦਾ ਵੀ ਅਹਿਮ ਰੋਲ ਹੁੰਦਾ ਹੈ। ਕਈ ਮਾਂ-ਬਾਪ ਅਪਣੇ ਬੱਚਿਆਂ ਤੇ ਪ੍ਰੇਸ਼ਰ ਪਾਉਂਦੇ ਹਨ ਕਿ ਤੇਰੇ ਏਨੇ ਪ੍ਰਤੀਸ਼ਤ ਅੰਕ ਆਉਣੇ ਚਾਹੀਦੇ ਹਨ। ਇਹ ਬਿਲਕਲ ਗ਼ਲਤ ਹੈ। ਕਦੇ ਵੀ ਆਪਣੇ ਬੱਚੇ ਦਾ ਕਿਸੇ ਨਾਲ ਮੁਕਾਬਲਾ ਨਾ ਕਰੋ। ਅਗਰ ਬੱਚੇ ਇਕਾਗਰ ਮਨ ਨਾਲ ਪ੍ਰੀਖਿਆਵਾਂ ਦੀ ਤਿਆਰੀ ਕਰਨਗੇ, ਸਮਾਂ ਸਾਰਣੀ ਮੁਤਾਬਕ ਚੱਲਣਗੇ ਤਾਂ ਨਿਸ਼ਚਤ ਹੀ ਵਿਦਿਆਰਥੀ ਸਫ਼ਲਤਾ ਹਾਸਲ ਵੀ ਕਰਨਗੇ। ਆਪਣੇ ਮਾਂ-ਬਾਪ ਤੇ ਸਮਾਜ ਦਾ ਨਾਂ ਵੀ ਰੋਸ਼ਨ ਕਰਨਗੇ।

ਸੰਜੀਵ ਸਿੰਘ ਸੈਣੀ

7888966168