ਗਜ਼ਲ

ਉਮਰ ਵਡੇਰੀ ਹੋ ਗਈ ਜੇ, ਕੰਮ ਰੁਕਦੇ ਰੁਕਦੇ ਕਰਿਆ ਕਰ।
ਹੁਣ ਫੱਟੇ ਜਿੱਥੇ ਪਏ ਰਹਿਣ ਦੇ, ਨਾ ਚੁੱਕਦੇ ਚੁੱਕਦੇ ਕਰਿਆ ਕਰ।

ਮਿੱਠੇ ਨੂੰ ਬਹੁਤਾ ਖਾਈਂ ਨਾ, ਤੂੰ ਜੀਅ ਐਵੇਂ ਲਲਚਾਈਂ ਨਾ,
ਘੱਟ ਲੂਣ ਦੀ ਵਰਤੋਂ ਚੰਗੀ ਏ, ਨਾ ਭੁੱਕਦੇ ਭੁੱਕਦੇ ਕਰਿਆ ਕਰ।

ਤਨ ਜਿੰਨਾ ਕੁ ਝੱਲ ਸਕਦਾ ਏ, ਤੂੰ ਬੋਝ ਓਨਾ ਹੀ ਪਾਇਆ ਕਰ,
ਵੱਧ ਵਜ਼ਨ ਉਠਾ ਕੇ ਗੋਡਿਆਂ ਨੂੰ ਨਾ ਦੁੱਖਦੇ ਦੁੱਖਦੇ ਕਰਿਆ ਕਰ।

ਮਿਲ ਵਰਤ ਕੇ ਵਕਤ ਗੁਜ਼ਾਰ ਲਵੀਂ, ਹਮਸਫ਼ਰਾਂ ਦੀ ਵੀ ਸਾਰ ਲਵੀਂ,
ਖ਼ੁਸ਼ਦਿਲ ਬਣ ਕਾਰਜ ਕਰਨੇ ਆਂ, ਨਾ ਰੁੱਸਦੇ ਰੁੱਸਦੇ ਕਰਿਆ ਕਰ।

ਪਾਣੀ ਬਿਨ ਪੌਦੇ ਮਰ ਜਾਂਦੇ, ਧੁੱਪ ਤੇਜ਼ ਪਵੇ ਤਾਂ ਸੜ ਜਾਂਦੇ,
ਬਿਨ ਖ਼ਾਦ ਕਦੇ ਲਹਿਰਾਉਂਦੇ ਨਹੀਂ, ਨਾ ਸੁੱਕਦੇ ਸੁੱਕਦੇ ਕਰਿਆ ਕਰ।

ਸਿੱਖ ਕੌਮ ਬਹਾਦਰ ਦੁਨੀਆਂ ’ਤੇ ਜੋ ਮਾਨਵਤਾ ਲਈ ਲੜਦੀ ਏ,
ਘੱਟ ਗਿਣਤੀ ਬਰਕਤ ਰੱਬ ਦੀ ਏ, ਨਾ ਮੁੱਕਦੇ ਮੁੱਕਦੇ ਕਰਿਆ ਕਰ।

ਜੋ ਚੜ੍ਹਦੀ ਕਲਾ ’ਚ ਰਹਿੰਦੇ ਨੇ, ਕਦੇ ਢਹਿੰਦੀ ਦੇ ਵੱਲ ਜਾਂਦੇ ਨਹੀਂ,
ਮੈਦਾਨੇ ਜੰਗ ਦੇਖ ‘ਲਾਂਬੜਾ’ ਸਿੰਘ ਬੁੱਕਦੇ ਬੁੱਕਦੇ ਕਰਿਆ ਕਰ।