ਗਜ਼ਲ

ਤੂੰ ਮੇਰੇ ਤੋਂ ਦੂਰ ਨਾ ਨੱਸ।
ਮੇਰਾ ਕੋਈ ਕਸੂਰ ਤਾਂ ਦੱਸ।

ਹੁਣ ਜੇ ਚੰਗਾ ਲੱਗਦਾ ਨਹੀਂ,
ਮੇਰੇ ’ਤੇ ਜਿੰਨਾ ਮਰਜ਼ੀ ਹੱਸ।

ਹੱਸਣ ਦਾ ਕੋਈ ਹਰਜ਼ ਨਹੀਂ,
ਪਰ ਤੂੰ ਆਪਣੇ ਦਿਲ ਦੀ ਦੱਸ?

ਦਿਲ ਮੇਰੇ ਤਕ ਪਹੁੰਚ ਕਰੀਂ,
ਲਾਈ ਬੈਠਾ ਪਿਆਰ ਦੀ ਕੱਸ।

ਅੱਤ ਚੁਕਣੀ ਵੀ ਚੰਗੀ ਨਹੀਂ,
ਏਥੇ ਹੀ ਹੁਣ ਕਰਦੇ ਬੱਸ।

ਆਪਣੇ ਹੀ ਮਤਲਬ ਦੇ ਲਈ,
ਪਾਈ ਰੱਖਿਆ ਏ ਘੜਮੱਸ।

ਗੁਰਬਤ ਸਿੱਧ ਹੋਵੇ ਵਰਦਾਨ,
ਇਸ ਤੋਂ ਵੀ ਤੂੰ ਦੂਰ ਨਾ ਨੱਸ।

ਸੰਘਰਸ਼ ਹੈ ਸਾਥੀ ਜੀਵਨ ਦਾ,
ਕਰ ਕਰ ਕੇ ਹੀ ਖੱਟਣਾ ਜਸ।

ਬਿਨ ਮਤਲਬ ਦਾ ਰੌਲਾ ਰੱਪਾ,
ਖ਼ਤਮ ਕਰੇ ਕੰਨਾਂ ਦਾ ਰਸ।

ਚੁੱਪ ਦੀ ਭਾਸ਼ਾ ਸਮਝੇ ਜੋ
ਓਹੀ ਸਕਦਾ ਜਾਣ ਰਹੱਸ।

ਹਉਮੈ ਤੇ ਹੰਕਾਰ ਤਾਈਂ,
ਆਕੜ ਆਪੇ ਦਿੰਦੀ ਦੱਸ।

ਪੰਜੇ ਹੀ ਵਿਕਾਰ ਬੰਦੇ ਨੂੰ,
ਚੁੱਪ ਚੁਪੀਤੇ ਜਾਂਦੇ ਡਸ।

‘ਲਾਂਬੜਾ’ ਮੱਦਦ ਉਸ ਦੀ ਕਰ,
ਮਿਹਨਤ ਕਰਨੋਂ ਜੋ ਬੇਬਸ।