ਧਰਤੀ ਜਿਸਨੂੰ ਮਾਂ ਆਖਦੇ

ਧਰਤੀ ਜਿਸ ਨੂੰ ਮਾਂ ਆਖਦੇ, ਤਰਸ ਏਹਦੇ ‘ਤੇ ਖਾਓ ਲੋਕੋ।
ਏਹਦੀ ਮਿੱਟੀ ਤੇ ਹਵਾ ਪਾਣੀ, ਪ੍ਰਦੂਸ਼ਣ ਕੋਲੋਂ ਬਚਾਓ ਲੋਕੋ।
ਕੂੜਾ ਕਰਕਟ ਇਕੱਠਾ ਕਰਕੇ, ਧਰਤੀ ਉਤੇ ਸੁੱਟੀ ਹੋ ਜਾਂਦੇ।
ਮਾਂ ਮਿੱਟੀ ਦੀ ਮਹਿਕ ਤੁਸੀਂ, ਦਿਨ ਦਿਹਾੜੇ ਲੁੱਟੀ ਹੋ ਜਾਂਦੇ।
ਪਾਕਿ ਪਵਿੱਤਰ ਧਰਤੀ ਮਾਂ ਨੂੰ, ਸੰਵਾਰੋ ਅਤੇ ਸਜਾਓ ਲੋਕੋ।
ਧਰਤੀ ਜਿਸ ਨੂੰ ਮਾਂ ਆਖਦੇ....
ਹਵਾ ਦਾ ਜੋ ਵੀ ਮਹੱਤਵ ਹੈ, ਕੀਹਨੂੰ ਇਸਦਾ ਗਿਆਨ ਨਹੀਂ।
ਏਹਦੇ ਨਾਲ ਜਿਉਂਦੇ ਫਿਰਦੇ, ਨਹੀਂ ਤਾਂ ਸਮਝੇ ਜਾਨ ਨਹੀਂ।
ਗੰਦੀਆਂ ਗੈਸਾਂ ਤੇ ਮਿੱਟੀ ਘੱਟਾ, ਰਲ਼ਕੇ ਤੁਸੀਂ ਘਟਾਓ ਲੋਕੋ।
ਧਰਤੀ ਜਿਸਨੂੰ ਮਾਂ ਆਖਦੇ....
ਨਦੀਆਂ ਨਾਲੋਂ ਨਹਿਰਾਂ ਨੂੰ ਵੀ, ਗੰਦਗੀ ਕੋਲੋਂ ਬਚਾਉਣਾ ਹੈ।
ਪਿੰਡ ਸ਼ਹਿਰ ਦਾ ਗੰਦਾ ਪਾਣੀ ਇਨ੍ਹਾਂ ਵਿੱਚ ਨਾ ਪਾਉਣਾ ਹੈ।
ਕਾਰਖਾਨੇ ਤੇ ਫੈਕਟਰੀਆਂ ਨੂੰ, ਸ਼ਹਿਰੋਂ ਬਾਹਰ ਲਗਾਓ ਲੋਕੋ।
ਧਰਤੀ ਜਿਸਨੂੰ ਮਾਂ ਆਖਦੇ....
ਹਵਾ ਦਾ ਸੋਮਾ ਸਾਰੇ ਜੰਗਲ ਨੇ, ਜੰਗਲਾਂ ਦੀ ਵੀ ਕਟਾਈ ਰੋਕੋ।
ਆਕਸਜੀਜਨ ਤੇ ਕਾਰਬਨ ਵਿੱਚ, ਵੱਧਦੀ ਜਾਂਦੀ ਖਾਈ ਰੋਕੋ।
ਧਰਤੀ ਹੇਠਲੇ ਪਾਣੀ ਦੀ ਵੀ, ਬੂੰਦ-ਬੂੰਦ ਹੁਣ ਬਚਾਓ ਲੋਕੋ।
ਧਰਤੀ ਜਿਸਨੂੰ ਮਾਂ ਆਖਦੇ....
ਨਹਿਰਾਂ ਸੜਕਾਂ ਤੇ ਖੇਤ ਕਿਨਾਰੇ, ਦਰੱਖਤਾਂ ਦੀ ਭਰਮਾਰ ਕਰੋ।
ਵਧਦੀ ਅਬਾਦੀ ਹੈ ਬਰਬਾਦੀ, ਏਹਦਾ ਵੀ ਪੂਰਾ ਪ੍ਰਚਾਰ ਕਰੋ।
‘ਅਮਰੀਕ ਤਲਵੰਡੀ’ ਵਾਗੂੰ ਸਾਰੇ ਆਪਣਾ ਫਰਜ਼ ਨਿਭਾਓ ਲੋਕੋ।
ਧਰਤੀ ਜਿਸਨੂੰ ਮਾਂ ਆਖਦੇ....