ਸਰਦਾਰੀ, ਮਜ਼ਦੂਰੀ ਜਾਂ ਫਿਰ ਮਜ਼ਬੂਰੀ

ਅੱਜ-ਕੱਲ੍ਹ ਹਰ ਰੋਜ਼ ਬੇਹੱਦ ਦੁਖਦਾਈ ਖਬਰਾਂ ਬਾਹਰਲੇ ਦੇਸ਼ਾਂ ਤੋਂ ਸੁਣਨ ਨੂੰ ਮਿਲ ਰਹੀਆਂ ਹਨ। ਕਿਧਰੇ ਨੌਜਵਾਨ ਮੁੰਡੇ-ਕੁੜੀਆਂ ਹਾਰਟ ਅਟੈਕ ਨਾਲ ਮਰ ਰਹੇ ਹਨ। ਕਿਧਰੇ ਗੋਲੀ ਦਾ ਸ਼ਿਕਾਰ ਹੋ ਰਹੇ ਹਨ। ਕਿਧਰੇ ਫੁਕਰਪੁਣੇ ਵਿੱਚ ਝੀਲਾਂ ’ਤੇ ਨਹਾਉਣ ਗਏ ਡੁੱਬ ਕੇ ਮਰਨ ਦੀਆਂ ਘਟਨਾਵਾਂ ਸੁਣਨ ਨੂੰ ਮਿਲ ਰਹੀਆਂ ਹਨ। ਗੱਲ ਇਹ ਨਹੀਂ ਕਿ ਇੱਧਰ ਇਹ ਕੁਝ ਨਹੀਂ ਹੋ ਰਿਹਾ ਸਗੋਂ ਇੱਧਰ ਵੀ ਬਾਹਰਲੇ ਦੇਸ਼ਾਂ ਨਾਲੋਂ ਜ਼ਿਆਦਾ ਲੋਕਾਂ ਦਾ ਕਤਲੇਆਮ ਹੋ ਰਿਹਾ ਹੈ ਪਰ ਇੱਧਰ ਨਾਲੋਂ ਉੱਧਰ ਦਾ ਬਹੁਤ ਫਰਕ ਸੀ। ਹੁਣ ਉਹ ਫਰਕ ਮਿਟਦਾ ਹੋਇਆ ਨਜ਼ਰ ਆ ਰਿਹਾ ਹੈ। ਜੇਕਰ ਗੱਲ ਕਰੀਏ ਕਿ ਇੱਧਰੋਂ ਜ਼ਿਆਦਾਤਰ ਨੌਜਵਾਨ ਮੁੰਡੇ ਕੁੜੀਆਂ ਹੀ ਬਾਹਰ ਜਾ ਰਹੇ ਹਨ। ਕੋਈ ਆਈਲੈਟਸ ਕਰਕੇ, ਕੋਈ ਵਰਕ ਪਰਮਿਟ ਲੈ ਕੇ ਤੇ ਕੋਈ ਦੋ ਨੰਬਰ ਵਿੱਚ ਜਾਣ ਦੀ ਹੋੜ ਵਿੱਚ ਲੱਗਾ ਹੋਇਆ ਹੈ। ਲੱਖਾਂ ਰੁਪਏ ਖ਼ਰਚ ਕੇ ਬਾਹਰਲੇ ਦੇਸ਼ਾਂ ਦੀ ਨਾਗਰਿਕਤਾ ਹਾਸਲ ਕਰਨ ਵਾਸਤੇ ਜੱਦੋ-ਜਹਿਦ ਕਰ ਰਹੇ ਹਨ। ਕਈ ਤਾਂ ਚੰਗੇ ਸਰਦੇ-ਪੁੱਜਦੇ ਘਰਾਂ ਦੇ ਧੀਆਂ-ਪੁੱਤ ਹਨ, ਜਿਨ੍ਹਾਂ ਨੇ ਕਦੇ ਇੱਧਰ ਘਰ ਵਿੱਚ ਰਹਿੰਦਿਆਂ ਡੱਕਾ ਤੋੜ ਕੇ ਦੂਹਰਾ ਨਹੀਂ ਸੀ ਕੀਤਾ ਹੁੰਦਾ। ਉਹ ਵੀ ਉੱਧਰ ਜਾ ਕੇ ਦਿਨ-ਰਾਤ ਇੱਕ ਕਰੀ ਜਾਂਦੇ ਨੇ। ਕਈ-ਕਈ ਘੰਟਿਆਂ ਦਾ ਸਫ਼ਰ ਕਰਕੇ ਕੰਮ ਕਰਨ ਲਈ ਜਾਂਦੇ ਹਨ। ਕਈਆਂ ਕੋਲ ਤਾਂ ਰੋਟੀ ਖਾਣ ਵਾਸਤੇ ਵੀ ਟਾਈਮ ਨਹੀਂ ਹੁੰਦਾ। ਇੱਧਰੋਂ ਆ ਕੇ ਉੱਧਰ ਕੰਮ ’ਤੇ ਚਲੇ ਜਾਣਾ। ਨਾ ਸਿਹਤ ਦਾ ਖਿਆਲ, ਨਾ ਕਿਸੇ ਹੋਰ ਦਾ, ਬੱਸ ਡਾਲਰਾਂ ਦੀ ਦੌੜ। ਕੀ ਸੱਚੀ-ਮੁੱਚੀ ਹਰ ਇੱਕ ਨੂੰ ਪੈਸਿਆਂ ਦੀ ਲੋੜ ਪੈ ਗਈ ਹੈ। ਮੈਨੂੰ ਨਹੀਂ ਲੱਗਦਾ ਕਿ ਪੰਜਾਬ ਵਿੱਚ ਇੰਨੀ ਪੈਸੇ ਦੀ ਭੁੱਖ ਵੱਧ ਗਈ ਹੋਵੇਗੀ। ਜੇਕਰ ਇੰਨੇ ਪੈਸੇ ਬੰਦੇ ਕੋਲ ਨਾ ਹੁੰਦੇ ਫਿਰ ਬਾਹਰ ਕਿਵੇਂ ਚਲੇ ਜਾਂਦੇ ਹਨ। ਬਾਹਰਲੇ ਦੇਸ਼ਾਂ ਦੀ ਹੋੜ ਨਿ ਸਾਡੇ ਸਮੁੱਚੇ ਪੰਜਾਬ ਦੇ ਕਾਲਜ ਤੇ ਯੂਨੀਵਰਸਿਟੀਆਂ ਬੰਦ ਕਰਵਾ ਕੇ ਰੱਖ ਦਿੱਤੀਆਂ ਹਨ। ਦਸਵੀਂ ਤੋਂ ਬਾਅਦ ਕੋਈ ਵੀ ਕਿਸੇ ਵਿਸ਼ੇਸ਼ ਵਿਸ਼ੇ ਦੀ ਚੋਣ ਹੀ ਨਹੀਂ ਕਰਦਾ। ਬੱਸ ਇੱਕੋ-ਇੱਕ ਨਿਸ਼ਾਨਾ ਕਿ ਆਈਲੈਟਸ ਕਲੀਅਰ ਹੋ ਜਾਵੇ ਉਨਾ ਹੀ ਪੜ੍ਹਨਾ ਹੈ। ਮੈਂ ਇਹ ਗੱਲ ਨਹੀਂ ਕਹਿੰਦਾ ਕਿ ਬਾਹਰ ਨਾ ਜਾਵੋ। ਜਾਵੋ, ਜੰਮ-ਜੰਮ ਜਾਵੋਂ ਪਰ ਇੱਧਰੋਂ ਚੰਗੀਆਂ ਡਿਗਰੀਆਂ ਕਰਕੇ ਜਾਵੋ। ਬਾਹਰ ਜਾ ਕੇ ਚੰਗੀ ਪੜ੍ਹਾਈ ਕਰਕੇ ਉੱਧਰ ਚੰਗੀਆਂ ਨੌਕਰੀਆਂ ਹਾਸਲ ਕਰੋ। ਉਨ੍ਹਾਂ ਨੂੰ ਆਪਣਾ ਟੈਲੇਂਟ ਵਿਖਾਵੋ। ਅੰਗਰੇਜ਼ ਤੁਹਾਡੇ ਨੌਕਰ ਲੱਗਣ, ਨਾ ਕਿ ਤੁਸੀਂ ਅੰਗਰੇਜ਼ਾਂ ਦੇ। ਫਾਇਦਾ ਫਿਰ ਹੈ ਬਾਹਰ ਜਾਣ ਦਾ। ਘਰ-ਬਾਰ ਵੀ ਛੱਡਿਆ ਤੇ ਸਰਦਾਰੀ ਵੀ, ਫਿਰ ਜਾ ਕੇ ਦਿਹਾੜੀਆਂ ਹੀ ਕਰਨੀਆਂ ਹਨ ਫਿਰ ਇੱਧਰ ਕੋਈ ਕੰਮ ਘੱਟ ਨੇ। ਅੱਜ-ਕੱਲ੍ਹ ਵੇਖ ਲਵੋ ਪੰਜਾਬ ਦੇ ਵਿੱਚ ਪਰਵਾਸੀ ਲੋਕਾਂ ਨੇ ਮਿਹਨਤ ਕਰ-ਕਰ ਕੇ ਇੱਧਰ ਕਾਰਖਾਨੇ ਖੋਲ੍ਹ ਲਏ ਹਨ। ਜਿਹੜੇ ਪਹਿਲਾਂ ਆਪ ਦਿਹਾੜੀਆਂ ਕਰਦੇ ਸੀ, ਅੱਜ ਉਹ ਠੇਕੇਦਾਰ ਬਣ ਕੇ ਬੈਠੇ ਹੋਏ ਹਨ। ਕੀ ਅਸੀਂ ਨਹੀਂ ਠੇਕੇਦਾਰ ਬਣ ਸਕਦੇ? ਅਸੀਂ ਕੀ ਨਹੀਂ ਕਰ ਸਕਦੇ ਸਭ ਕੁਝ ਕਰ ਸਕਦੇ ਹਾਂ ਪਰ ਇੱਧਰ ਨਹੀਂ ਉੱਧਰ ਜਾ ਕੇ। ਅਜੇ ਵੀ ਸਮਾਂ ਸਾਡੇ ਕੋਲ ਹੈ, ਬਚਿਆ ਜਾ ਸਕਦਾ ਹੈ ਬਚ ਜਾਈਏ। ਸਮਾਂ ਫਿਰ ਹੱਥ ਨਹੀਂ ਆਉਣਾ। ਫਿਰ ਪਛਤਾਉਣਾ ਪਵੇਗਾ। ਆਪਣੀ ਸਰਦਾਰੀ ਛੱਡ ਕੇ ਬਾਹਰ ਦੀ ਮਜ਼ਦੂਰੀ ਨਾ ਕਰੀਏ। ਕਿਤੇ ਇੱਦਾਂ ਨਾ ਹੋਵੇ ਕਿ ਇਹ ਮਜ਼ਦੂਰੀ ਸਾਡੀ ਮਜ਼ਬੂਰੀ ਹੀ ਬਣ ਜਾਵੇ।