ਖ਼ਾਲਸਾ ਸਿਰਜਣਾ

 

ਅੱਜ ਖ਼ਾਲਸਾ ਜਾਣਾ ਸਿਰਜਿਆ,ਗੁਰੂ ਮਨ ਵਿਚ ਲਈ ਧਾਰ।
ਅਕਾਲ ਪੁਰਖ ਦੀ ਵੱਖਰੀ,ਹੁਣ ਹੋ ਜਾਊ ਫ਼ੌਜ ਤਿਆਰ।

ਮੁਗ਼ਲਾਂ ਦਾ ਕਰਨਾ ਖ਼ਾਤਮਾ,ਭੈੜੇ ਰਾਜ ਦਾ ਅਤਿਆਚਾਰ।
ਵਿਸਾਖੀ ਮਾਹ ਵਸਾਖ ਦੀ , ਬਣ ਜਾਣਾ ਖ਼ਾਸ ਤਿਉਹਾਰ।

ਅਨੰਦਪੁਰ ਸਾਹਿਬ ਸਟੇਜ ਤੋਂ ਲਹਿਰਾਈ ਗੁਰ - ਤਲਵਾਰ ।
ਕਿਹਾ ਸੀਸ ਇੱਕ ਹੈ ਮੰਗਦੀ ,ਸੁਣ ਲਓ ਹਾਜ਼ਰ ਵਿਚ ਦਰਬਾਰ ।

' ਭਾਈ ਦਇਆ ਰਾਮ ਉੱਠ ਬੋਲਿਆ , “ਮੇਰਾ ਸੀਸ ਹੈ ਭੇਟ ਤਿਆਰ” ।
' ਪ੍ਰਵਾਨ ਗੁਰੂ ਜੀ ਕਰ ਲਿਆ , ਲੈ ਗਏ ਤੰਬੂ ਦੇ ਵਿਚਕਾਰ ।

ਦੂਜੀ ਵਾਰ ਮੰਚ ' ਤੇ ਆਣ ਕੇ ਗੁਰਾਂ ਉੱਚੀ ਕਿਹਾ ਪੁਕਾਰ ।
ਇਕ ਹੋਰ ਸੀਸ ਅੱਜ ਮੰਗਦੀ , ਮੇਰੀ ਪਿਆਸੀ ਹੈ ਤਲਵਾਰ ।

ਹੁਣ ਧਰਮ ਨਿਭਾਇਆ ਧਰਮਦਾਸ , ਕਰ ਦਿੱਤਾ ਪਰਉਪਕਾਰ ।
ਜਦ ਤੀਜੀ ਵਾਰੀ ਗੁਰੂ ਜੀ , ਆ ਮਾਰੀ ਫਿਰ ਲਲਕਾਰ ।


ਉੱਠ ਆ ਗਏ ਹਿੰਮਤ ਰਾਏ ਜੀ ਸੱਚੇ ਗੁਰੂ ਦਾ ਲੈਣ ਪਿਆਰ ।
ਚੌਥਾ ਸੀਸ ਗੁਰੂ ਜਦ ਮੰਗਿਆ , ਹੋਇਆ ਮੁਹਕਮ ਚੰਦ ਤਿਆਰ ।

ਫਿਰ ਪੰਜਵੇਂ ਸਾਹਿਬ ਚੰਦ ਜੀ , ਜਾ ਰਲੇ ਚਾਰਾਂ ਵਿਚਕਾਰ ।
ਗੁਰਾਂ ਪੰਜ ਪਿਆਰੇ ਸਾਜਣੇ ਕੀਤਾ ਅੰਮ੍ਰਿਤ ਖਾਸ ਤਿਆਰ ।

ਖੰਡੇ ਦੀ ਪਹੁਲ ਛਕਾਉਣ ' ਤੇ ਗੁਰਾਂ ਦੱਸੇ ਪੰਜ ਕਕਾਰ।
ਪੰਜਾਂ ਤੋਂ ਅੰਮ੍ਰਿਤ ਮੰਗ ਕੇ ਦਿੱਤਾ ਖ਼ਾਲਸੇ ਨੂੰ ਸਤਿਕਾਰ ।

ਤੁਸੀਂ ਸੀਸ ਦਿੱਤੇ ਪੰਜ ਖ਼ਾਲਸਾ ਮੈਂ ਤਾਂ ਵਾਰ ਦੇਣਾ ਪਰਿਵਾਰ ।
ਹੁਣ ਹੁਕਮ ਤੁਸਾਂ ਦਾ ਮੰਨਣਾ , ਕਦੇ ਕਰਨਾ ਨਹੀਂ ਇਨਕਾਰ ।

ਗੁਰ ਚੇਲਾ ਆਪੇ ਬਣ ਗਏ , ਗੁਰੂ ਗੋਬਿੰਦ ਸਿੰਘ ਅਵਤਾਰ ।
ਇੱਕੋ ਇੱਕ ਮਿਸਾਲ ਹੈ ਜੱਗ ' ਤੇ ਦੂਜੀ ਹੈ ਨਹੀਂ ਵਿਚ ਸੰਸਾਰ ।

ਰਹੂ ਚੜ੍ਹਦੀ ਕਲਾ ਵਿਚ ਖ਼ਾਲਸਾ ਮੇਰਾ ਰੂਪ ਖ਼ਾਸ ਸੁਚਿਆਰ
ਕਿੰਜ ਸਿਫ਼ਤ ਸੁਣਾਵੇ ‘ਲਾਂਬੜਾ’ , ਗੱਲ ਕਹਿਣ ਲਿਖਣ ਤੋਂ ਪਾਰ ।