ਬੱਚੇ ਬਗ਼ੀਚੇ ਦੇ ਫੁੱਲ

ਅਸੀਂ ਸਭ ਜਾਣਦੇ ਹਾਂ ਕਿ ਬਚਪਨ ਬੜਾ ਨਿਆਰਾ ਹੁੰਦਾ ਹੈ। ਨਾ ਕਿਸੇ ਚੀਜ਼ ਦੀ ਚਿੰਤਾ, ਨਾ ਗਮ ਦਾ ਅਹਿਸਾਸ ਸਗੋਂ ਬੱਚਾ ਖੇਡ ਨੂੰ ਹੀ ਆਪਣਾ ਜੀਵਨ ਸਮਝਦਾ ਹੈ। ਆਪਣਾ ਖਾਣਾ-ਪੀਣਾ ਭੁੱਲ ਕੇ ਬੱਚੇ ਦਾ ਮਨ ਖੇਡਣਾ ਹੀ ਲੋਚਦਾ ਹੈ। ਦੁਨੀਆਦਾਰੀ ਦੀਆਂ ਸਭ ਚਿੰਤਾਵਾਂ ਤੋਂ ਰਹਿਤ, ਮੋਹ-ਮਾਇਆ ਦੇ ਝੰਜਟਾਂ ਤੋਂ ਦੂਰ ਬਚਪਨ ਸਿਰਫ਼ ਖੇਡਣਾ ਹੀ ਪਸੰਦ ਕਰਦਾ ਹੈ। ਬੱਚੇ ਦਾ ਮਨ ਪਵਿੱਤਰ, ਸਾਫ਼, ਕੂੜ-ਕਪਟ ਤੋਂ ਰਹਿਤ ਸਭ ਨੂੰ ਇਕੋ ਜਿਹਾ ਦੇਖਣ ਵਾਲਾ ਹੁੰਦਾ ਹੈ। ਇਸੇ ਲਈ ਹੀ ਬੱਚੇ ਨੂੰ ਰੱਬ ਦੇ ਰੂਪ ਦਾ ਨਾਂ ਦਿੱਤਾ ਜਾਂਦਾ ਹੈ।

ਆਮ ਕਰ ਕੇ ਬਹੁਤ ਸਾਰੇ ਸਿੱਖਿਆ ਸ਼ਾਸਤਰੀਆਂ ਅਤੇ ਮਨੋਵਿਗਿਆਨੀਆਂ ਦਾ ਕਹਿਣਾ ਹੈ ਕਿ ਬੱਚੇ ਦਾ ਮਨ ਕੋਰਾ ਕਾਗਜ਼ ਹੁੰਦਾ ਹੈ; ਜਿਹੋ ਜਿਹਾ ਉਸ ਉਪਰ ਉਕਰਿਆ ਜਾਵੇਗਾ, ਉਹੋ ਜਿਹਾ ਹੀ ਉਸ ਦੇ ਜੀਵਨ ਵਿਚ ਪ੍ਰਤੱਖ ਨਜ਼ਰ ਆਵੇਗਾ। ਬੱਚਾ ਆਪਣੇ ਜੀਵਨ ਦੀ ਮੁੱਢਲੀ ਸਿੱਖਿਆ ਆਪਣੇ ਘਰ-ਪਰਿਵਾਰ ਤੋਂ ਹੀ ਗ੍ਰਹਿਣ ਕਰਦਾ ਹੈ ਜੋ ਉਸ ਦੇ ਅੱਗੇ ਵਾਲੇ ਜੀਵਨ ਲਈ ਅਮੁੱਲ ਹੋ ਜਾਂਦੀ ਹੈ। ਮਾਂ ਦਾ ਬੱਚੇ ਦੇ ਜੀਵਨ ’ਤੇ ਭਰਪੂਰ ਅਸਰ ਹੁੰਦਾ ਹੈ। ਕੋਈ ਵੀ ਬੱਚਾ ਆਪਣੇ ਮਾਪਿਆਂ ਲਈ ਅਨਮੋਲ ਦਾਤ ਹੁੰਦਾ ਹੈ ਕਿਉਂਕਿ ਸਭ ਮਾਪੇ ਜਾਣਦੇ ਹਨ ਕਿ ਸੰਸਾਰ ਦੀ ਕਿਸੇ ਵੀ ਉੱਤਮ ਵਸਤੂ ਤੋਂ ਵੱਧ ਉਸ ਦਾ ਬੱਚਾ ਹੁੰਦਾ ਹੈ। ਇਸੇ ਕਾਰਨ ਬੱਚਿਆਂ ਲਈ ਮੋਹ ਦਾ ਪੈਦਾ ਹੋਣਾ ਕੁਦਰਤੀ ਹੈ ਪਰ ਮਾਪਿਆਂ ਨੂੰ ਇਸ ਗੱਲ ਲਈ ਸੁਚੇਤ ਹੋਣ ਦੀ ਲੋੜ ਹੁੰਦੀ ਹੈ ਕਿ ਉਨ੍ਹਾਂ ਦਾ ਲਾਡਲਾ ਬੱਚਾ ਜੀਵਨ ਰੂਪੀ ਲਾਈਨ ਤੋਂ ਦੂਰ ਨਾ ਚਲਿਆ ਜਾਵੇ।

ਇਹ ਗੱਲ ਮਾਪੇ ਵੀ ਭਲੀਭਾਂਤ ਜਾਣਦੇ ਹਾਂ ਕਿ ਬਚਪਨ ਅਣਭੋਲ ਹੁੰਦਾ ਹੈ, ਬੱਚੇ ਦੇ ਅਧਿਆਤਮਿਕ ਅਤੇ ਸਰੀਰਕ ਵਿਕਾਸ ਲਈ ਮਾਪਿਆਂ ਨੂੰ ਭਰਪੂਰ ਯਤਨ ਕਰਨੇ ਪੈਂਦੇ ਹਨ। ਹਰ ਮਾਪਾ ਚਾਹੁੰਦਾ ਹੈ ਕਿ ਉਨ੍ਹਾਂ ਦਾ ਬੱਚਾ ਆਪਣੇ ਜੀਵਨ ਵਿਚ ਕੀਮਤੀ ਹੀਰਾ ਸਿੱਧ ਹੋਵੇ। ਜਿਉਂ ਜਿਉਂ ਬੱਚਾ ਵੱਡਾ ਹੁੰਦਾ ਹੈ, ਬੱਚੇ ਦੇ ਸੁੰਦਰ ਭਵਿੱਖ ਲਈ ਮਾਪਿਆਂ ਦੇ ਨਾਲ ਨਾਲ ਅਧਿਆਪਕਾਂ ਦਾ ਰੋਲ ਵੀ ਅਹਿਮ ਹੋ ਜਾਂਦਾ ਹੈ। ਬੱਚੇ ਦੀ ਬਹੁਤ ਛੋਟੀ ਉਮਰ ਵਿਚ ਬੱਚੇ ਦੀਆਂ ਲੋੜਾਂ ਨੂੰ ਮਾਂ ਭਾਵੇਂ ਬਹੁਤ ਜਲਦ ਸਮਝ ਲੈਂਦੀ ਹੈ ਪਰ ਬੱਚੇ ਦੇ ਵੱਡਾ ਹੋਣ ਦੇ ਨਾਲ ਨਾਲ ਉਸ ਦੀਆਂ ਲੋੜਾਂ ਵਿਚ ਵੀ ਵਾਧਾ ਹੁੰਦਾ ਹੈ, ਭਾਵੇਂ ਉਹ ਕੁਝ ਵੱਡਾ ਹੋ ਕੇ ਦੱਸਣਯੋਗ ਹੋ ਜਾਂਦਾ ਹੈ ਪਰ ਅਧਿਆਪਕਾਂ ਨੂੰ ਉਸ ਦੀਆਂ ਸਿੱਖਿਆ ਲੋੜਾਂ ਨੂੰ ਸਮਝਣ ਵਿਚ ਖੂਬ ਮਿਹਨਤ ਕਰਨੀ ਪੈਂਦੀ ਹੈ। ਇਹੀ ਕਾਰਨ ਹੈ ਕਿ ਸਕੂਲਾਂ ਵਿਚ ਬੱਚਿਆਂ ਨੂੰ ਸਮਝਣ ਲਈ ਅਧਿਆਪਕਾਂ ਵਾਸਤੇ ਵਿਸ਼ੇਸ਼ ਸਿੱਖਿਆ ਸਿਖਲਾਈ ਦੀ ਲੋੜ ਪੈਂਦੀ ਹੈ ਅਤੇ ਅਧਿਆਪਕਾਂ ਨੂੰ ਬੱਚਿਆਂ ਨੂੰ ਸਿੱਖਿਆ ਦੇਣ ਲਈ ਬੱਚਿਆਂ ਦੀ ਮਨੋਵਿਗਿਆਨਿਕ ਸਿਖਲਾਈ ਦਾ ਕੋਰਸ ਲਾਜ਼ਮੀ ਕਰਾਰ ਦਿੱਤਾ ਗਿਆ ਹੈ।

ਬੱਚੇ ਮਨ ਦੇ ਸੱਚੇ ਤਾਂ ਹੁੰਦੇ ਹੀ ਹਨ ਪਰ ਛੋਟੀ ਉਮਰ ਵਿਚ ਉਨ੍ਹਾਂ ਨੂੰ ਬੜਾ ਕੁਝ ਨਵਾਂ ਸਿੱਖਣ ਦੀ ਲੋੜ ਹੁੰਦੀ ਹੈ ਅਤੇ ਉਸ ਦੀ ਇਹ ਲੋੜ ਪੂਰੀ ਕਰਨ ਲਈ ਮਾਪਿਆਂ ਤੇ ਅਧਿਆਪਕਾਂ ਦਾ ਰੋਲ ਬੜਾ ਅਹਿਮ ਹੁੰਦਾ ਹੈ। ਜਦੋਂ ਕੋਈ ਵੀ ਬੱਚਾ ਸਕੂਲ ਜਾਣਾ ਆਰੰਭ ਕਰਦਾ ਹੈ ਤਾਂ ਉਸ ਨੂੰ ਸਿੱਖਿਆ ਪ੍ਰਾਪਤੀ ਦੇ ਨਾਲ ਨਾਲ ਕਈ ਤਰ੍ਹਾਂ ਦੀਆਂ ਤਣਾਓ ਭਰੀਆਂ ਅਤੇ ਵਾਧੂ ਭਾਰ ਵਾਲੀਆਂ ਗਤੀਵਿਧੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬੱਚੇ ਨੂੰ ਆਪਣੇ ਮਨ ਦੀ ਹਰਮਨ ਪਿਆਰੀ ਖੇਡ ਨੂੰ ਕਾਫ਼ੀ ਘੱਟ ਕਰਨਾ ਪੈਂਦਾ ਹੈ ਅਤੇ ਕੁਝ ਸਿੱਖਣ ਲਈ ਵੱਖਰਾ ਸਮਾਂ ਕੱਢਣਾ ਪੈਂਦਾ ਹੈ ਜਿਸ ਕਾਰਨ ਉਸ ਦੀ ਮਾਨਸਿਕ ਚੇਤਨਾ ਕੁਝ ਦਬਾਓ ਵਿਚ ਆ ਜਾਂਦੀ ਹੈ। ਬੱਚਾ ਤਾਂ ਸਭ ਕੁਝ ਭੁਲ ਭੁਲਾ ਕੇ ਸਦਾ ਖੇਡਣਾ ਹੀ ਲੋਚਦਾ ਹੈ ਪਰ ਸਕੂਲ ਵਿਚ ਦਾਖਲੇ ਸਮੇਂ ਉਸ ਨੂੰ ਅਧਿਆਪਕਾਂ ਦੀ ਸੋਚ ਅਨੁਸਾਰ ਕੁਝ ਸਿੱਖਣ ਦਾ ਯਤਨ ਕਰਨਾ ਪੈਂਦਾ ਹੈ। ਇਹ ਸਭ ਕੁਝ ਭਾਵੇਂ ਬੱਚੇ ਦੇ ਜੀਵਨ ਲਈ ਚੰਗਾ ਕਰਨ ਲਈ ਹੁੰਦਾ ਹੈ, ਫਿਰ ਵੀ ਬੱਚੇ ਦੇ ਮਨ ਵਿਚ ਸਕੂਲ ਅਤੇ ਅਧਿਆਪਕਾਂ ਦਾ ਡਰ ਬਣਿਆ ਰਹਿੰਦਾ ਹੈ। ਇਹੀ ਕਾਰਨ ਹੈ ਕਿ ਅਸੀਂ ਸ਼ੁਰੂ ਸ਼ੁਰੂ ਵਿਚ ਸਕੂਲ ਜਾਣ ਵਾਲੇ ਬੱਚਿਆਂ ਨੂੰ ਅਕਸਰ ਰੋ ਰੋ ਕੇ ਸਕੂਲ ਜਾਂਦੇ ਦੇਖਦੇ ਹਾਂ। ਉਸ ਨੂੰ ਪਤਾ ਹੁੰਦਾ ਹੈ ਕਿ ਸਕੂਲ ਵਿਚ ਉਸ ’ਤੇ ਬਹੁਤ ਸਾਰੀਆਂ ਬੰਦਿਸ਼ਾਂ ਲਾਗੂ ਹੋਣਗੀਆਂ ਅਤੇ ਅਧਿਆਪਕ ਉਸ ਨੂੰ ਮਾਰ ਜਾਂ ਝਿੜਕ ਵੀ ਸਕਦਾ ਹੈ। ਇਹ ਗੱਲ ਉਸ ਦੀ ਕੁਦਰਤੀ ਆਜ਼ਾਦੀ ਅਤੇ ਮਨਭਾਉਂਦੀ ਖੇਡ ਦੇ ਉਲਟ ਹੋ ਜਾਂਦੀ ਹੈ।

ਉਂਝ, ਬਹੁਤ ਸਾਰੇ ਬੁੱਧੀਜੀਵੀਆਂ, ਸਿੱਖਿਆ ਸ਼ਾਸਤਰੀਆਂ ਦਾ ਵਿਚਾਰ ਹੈ ਕਿ ਬੱਚਾ ਫੁੱਲ ਦੇ ਸਮਾਨ ਹੁੰਦਾ ਹੈ ਅਤੇ ਉਸ ਦਾ ਚਿਹਰਾ ਸਦਾ ਫੁੱਲ ਵਾਂਗ ਖਿੜਿਆ ਰਹਿਣਾ ਚਾਹੀਦਾ ਹੈ। ਉਸ ਦਾ ਮੁਰਝਾਇਆ ਚਿਹਰਾ ਕੁਝ ਵੀ ਨਵਾਂ ਸਿੱਖਣ ਦੇ ਕਾਬਲ ਨਹੀਂ ਹੁੰਦਾ। ਬੱਚਿਆਂ ਦੇ ਮਨੋਵਿਗਿਆਨੀਆਂ ਦਾ ਕਹਿਣਾ ਹੈ ਕਿ ਬੱਚੇ ਦੇ ਮਨ ਦੀ ਖੁਸ਼ਬੂ ਕਦੇ ਵੀ ਮੱਧਮ ਨਹੀਂ ਪੈਣੀ ਚਾਹੀਦੀ ਅਤੇ ਜੋ ਕੁਝ ਵੀ ਉਸ ਨੂੰ ਸਕੂਲ ਵਿਚ ਸਿਖਾਉਣਾ ਹੈ, ਉਹ ਖੇਡ ਖੇਡ ਵਿਚ ਹੀ ਸਿਖਾਇਆ ਜਾਵੇ। ਬੱਚਾ ਖੇਡ ਰਾਹੀਂ ਵੱਧ ਅਤੇ ਜਲਦੀ ਸਿੱਖਦਾ ਹੈ। ਉਸ ਦੇ ਬਾਲ ਮਨ ਦਾ ਅਧਿਆਪਕਾਂ ਨੂੰ ਸਦਾ ਧਿਆਨ ਰੱਖਣਾ ਚਾਹੀਦਾ ਹੈ। ਇਸੇ ਲਈ ਚੰਗੇ ਅਧਿਆਪਕ ਬੱਚਿਆਂ ਨੂੰ ਸੁੰਦਰ ਅਤੇ ਦਿਲਚਸਪ ਕਹਾਣੀਆਂ, ਕਵਿਤਾਵਾਂ ਜਾਂ ਖੇਡ ਗਤੀਵਿਧੀਆਂ ਰਾਹੀਂ ਹੀ ਪੜ੍ਹਾਉਣ ਦਾ ਯਤਨ ਕਰਦੇ ਹਨ। ਬੱਚੇ ਦੀ ਇਹ ਰੂਹਾਨੀ ਤਾਂਘ ਹੁੰਦੀ ਹੈ ਕਿ ਉਸ ਦੇ ਅਧਿਆਪਕ ਉਸ ਨੂੰ ਉਸ ਦੇ ਮਾਪਿਆਂ ਵਾਂਗ ਪਿਆਰ ਕਰਨ ਅਤੇ ਬਿਨਾ ਕਿਸੇ ਤਣਾਓ ਦੇ ਉਸ ਨੂੰ ਕੁਝ ਸਿਖਾਇਆ ਜਾਵੇ।

ਉਂਝ ਵੀ ਜੇ ਅਸੀਂ ਬੱਚਿਆਂ ਬਾਰੇ ਸੋਚੀਏ ਉਹ ਤਾਂ ਫੁੱਲ ਹੀ ਹਨ। ਸੱਚੀ-ਸੁੱਚੀ ਰੂਹ, ਮਾਸੂਮੀਅਤ ਦੇ ਨਾਲ ਭਰਿਆ ਚਿਹਰਾ ਅਤੇ ਹਰ ਤਰ੍ਹਾਂ ਦੇ ਦੋਸ਼-ਦੁਵੈਸ਼ ਤੋਂ ਦੂਰ, ਪਿਆਰ ਦੀ ਮੂਰਤ ਹੀ ਤਾਂ ਹੁੰਦਾ ਹੈ ਬੱਚਾ। ਇਸ ਲਈ ਜਿਸ ਤਰ੍ਹਾਂ ਕਿਸੇ ਬਗੀਚੇ ਦਾ ਮਾਲੀ ਆਪਣੇ ਬਗੀਚੇ ਵਿਚ ਲੱਗੇ ਫੁੱਲਾਂ ਦੀ ਬਹੁਤ ਹੀ ਸਹਿਜ ਢੰਗ ਨਾਲ ਦੇਖਭਾਲ ਕਰਦਾ ਹੈ ਅਤੇ ਉਨ੍ਹਾਂ ਨੂੰ ਵੱਧ ਤੋਂ ਵੱਧ ਸਮੇਂ ਲਈ ਖਿੜਿਆ ਰੱਖਣ ਦਾ ਯਤਨ ਕਰਦਾ ਹੈ, ਉਸੇ ਤਰ੍ਹਾਂ ਅਧਿਆਪਕ ਵੀ ਮਾਲੀ ਹੁੰਦਾ ਹੈ ਜੋ ਇਨ੍ਹਾਂ ਬੱਚੇ ਰੂਪੀ ਫੁੱਲਾਂ ਦੀ ਖੁਸ਼ਬੂ ਚਾਰੇ ਪਾਸੇ ਵੰਡਣ ਦੇ ਯੋਗ ਬਣਾਉਂਦਾ ਹੈ ਅਤੇ ਬੱਚਿਆਂ ਦੀ ਸੰਭਾਲ ਬਗੀਚੇ ਦੇ ਮਾਲੀ ਵਾਂਗ ਹੀ ਕਰਦਾ ਹੈ। ਫੁੱਲ ਵੀ ਕੋਮਲ ਹੁੰਦੇ ਹਨ ਅਤੇ ਥੋੜ੍ਹੇ ਜਿਹੇ ਰੁੱਖੇਪਨ ਨਾਲ ਮੁਰਝਾਉਣ ਲੱਗਦੇ ਹਨ, ਬਿਲਕੁਲ ਉਸੇ ਤਰ੍ਹਾਂ ਬੱਚੇ ਵੀ ਫੁੱਲਾਂ ਨਾਲੋਂ ਵੱਧ ਸੰਵੇਦਨਸ਼ੀਲ ਹੁੰਦੇ ਹਨ। ਉਹ ਨਹੀਂ ਚਾਹੁੰਦੇ ਕਿ ਕੋਈ ਉਨ੍ਹਾਂ ਦੀ ਮਾਸੂਮੀਅਤ ਦਾ ਲਾਭ ਉਠਾ ਕੇ, ਉਨ੍ਹਾਂ ਨੂੰ ਕੁਝ ਮਾੜਾ-ਚੰਗਾ ਬੋਲ ਕੇ, ਉਨ੍ਹਾਂ ਦਾ ਮਨ ਦੁਖਾਉਣ ਦਾ ਯਤਨ ਕਰੇ। ਉਹ ਵੀ ਫੁੱਲਾਂ ਵਾਂਗ ਖਿੜਿਆ ਰਹਿਣਾ ਚਾਹੁੰਦੇ ਹਨ। ਸਮਾਜ ਵਿਚ ਅਸੀਂ ਦੇਖਦੇ ਹਾਂ ਕਿ ਜਿਸ ਵਿਹੜੇ ਵਿਚ ਬੱਚੇ ਫੁੱਲਾਂ ਵਾਂਗ ਖਿੜ ਕੇ ਖੇਡਦੇ ਨਜ਼ਰ ਆਉਂਦੇ ਹਨ, ਉਸ ਵਿਹੜੇ ਵਾਲਾ ਘਰ ਭਾਗਾਂ ਵਾਲਾ ਜਾਣਿਆ ਜਾਂਦਾ ਹੈ। ਬੱਚੇ ਕਿਸੇ ਵੀ ਘਰ ਦੀ ਰੌਣਕ ਹੀ ਨਹੀਂ ਹੁੰਦੇ, ਉਹ ਤਾਂ ਫੁੱਲਾਂ ਵਾਂਗ ਘਰ ਪਰਿਵਾਰ ਦੇ ਅੰਦਰ ਹਰ ਤਰ੍ਹਾਂ ਦੀ ਖੁਸ਼ਬੂ ਵੰਡਦੇ ਹਨ। ਇਸੇ ਕਰ ਕੇ ਖੁਸ਼ ਬੱਚਿਆਂ ਨੂੰ ਦੇਖ ਕੇ ਉਨ੍ਹਾਂ ਦੇ ਮਾਪੇ ਸਦਾ ਖੁਸ਼ ਨਜ਼ਰ ਆਉਂਦੇ ਹਨ ਅਤੇ ਉਹ ਆਪਣੀ ਇਸ ਖੁਸ਼ੀ ਲਈ ਬੱਚਿਆਂ ਵਾਸਤੇ ਕੁਝ ਵੀ ਕਰਨ ਨੂੰ ਤਿਆਰ ਰਹਿੰਦੇ ਹਨ। ਉਹ ਬੱਚਿਆਂ ਦੀ ਖੁਸ਼ੀ ਅਤੇ ਚੰਗੀ ਸਿੱਖਿਆ ਲਈ ਵੱਧ ਤੋਂ ਵੱਧ ਖਰਚ ਕਰਦੇ ਹਨ ਅਤੇ ਆਪਣੇ ਸੁੱਖ ਤਿਆਗ ਕੇ ਬੱਚਿਆਂ ਨੂੰ ਖੁਸ਼ ਦੇਖਣਾ ਲੋਚਦੇ ਹਨ।

ਸਕੂਲ ਅਧਿਆਪਕਾਂ ਨੂੰ ਅਪੀਲ ਹੈ ਕਿ ਉਹ ਆਪਣੇ ਨੰਨ੍ਹੇ ਨੰਨ੍ਹੇ ਬਾਲ ਵਿਦਿਆਰਥੀਆਂ ਨੂੰ ਇਹ ਸਮਝ ਕੇ ਪਿਆਰ ਕਰਨ ਕਿ ਉਹ ਉਨ੍ਹਾਂ ਦੇ ਸਕੂਲ ਰੂਪੀ ਬਗੀਚੇ ਦੇ ਫੁੱਲ ਹਨ। ਅਜਿਹਾ ਸੋਚਣ ਅਤੇ ਕਰਨ ਨਾਲ ਅਧਿਆਪਕਾਂ ਨੂੰ ਵੀ ਅਥਾਹ ਖੁਸ਼ੀ ਮਿਲੇਗੀ ਅਤੇ ਉਹ ਆਪਣੇ ਪੇਸ਼ੇ ਨਾਲ ਵੀ ਵਫਾਦਾਰੀ ਨਿਭਾ ਸਕਣਗੇ।