ਇਤਿਹਾਸ ਦੀ ਵਿਲੱਖਣ ਲੜਾਈ ਸਾਰਾਗੜ੍ਹੀ

 

ਸਾਰਾਗੜ੍ਹੀ ਦੀ ਲੜਾਈ ਵਿਸ਼ਵ ਦੀਆਂ ਵਿਲੱਖਣ ਲੜਾਈਆਂ ਵਿੱਚੋਂ ਇਕ ਹੈ। ਇਹ ਲੜਾਈ ਬਰਤਾਨਵੀਂ ਭਾਰਤੀ ਸੈਨਾ ਵੱਲੋਂ 36 ਵੀਂ ਸਿੱਖ ਰੈਜੀਮੈਂਟ ਦੇ 21 ਬਹਾਦਰ ਸਿੱਖ ਸੈਨਿਕਾਂ ਅਤੇ ਅਫ਼ਗਾਨੀ ਪਠਾਣਾਂ ਦੇ ਹਜ਼ਾਰਾਂ ਉੜਕਜ਼ਈ ਅਤੇ ਅਫਰੀਦੀ ਕਬਾਇਲੀਆਂ ਦੇ ਵਿਚਕਾਰ 12 ਸਤੰਬਰ 1897 ਈ. ਨੂੰ ਸਾਰਾਗੜ੍ਹੀ ਵਿਚ ਲੜੀ ਗਈ। ਸਾਰਾਗੜ੍ਹੀ ਬਰਤਾਨਵੀ ਫਰੰਟੀਅਰ ਅਤੇ ਅਫ਼ਗਾਨਿਸਤਾਨ ਦੀ ਸਰਹੱਦ ਦੇ ਨੇੜੇ ਅਤੇ ਮੌਜੂਦਾ ਸਮੇਂ ਪਾਕਿਸਤਾਨ ਦੇ ਪ੍ਰਾਂਤ ਖੈਬਰ ਪਖਤੂਨਵਾ ਦੇ ਜ਼ਿਲ੍ਹਾ ਕੋਹਾਟ ਵਿਚ ਸਮਾਨਾ ਦੀ ਘਾਟੀ ਵਿਚ ਸਥਿਤ ਹੈ। ਇਸ ਖੇਤਰ ਨੂੰ ਵਜ਼ੀਰਾਸਤਾਨ ਦਾ ਇਲਾਕਾ ਵੀ ਕਿਹਾ ਜਾਂਦਾ ਹੈ। ਅੰਗਰੇਜ਼ਾਂ ਵੱਲੋਂ ਲੋਕਹਾਰਟ ਅਤੇ ਗੁਲਿਸਤਾਨ ਕਿਲ੍ਹਿਆਂ ਦੀ ਆਪਸ ਵਿਚ 6 ਕਿਲੋਮੀਟਰ ਦੂਰੀ ਦੇ ਵਿਚਕਾਰ ਨੀਵੀਂ ਥਾਂ 'ਤੇ ਦੋਹਾਂ ਕਿਲ੍ਹਿਆਂ ਨੂੰ ਝੰਡੇ ਦੁਆਰਾ ਸਿੰਗਨਲ ਦੇਣ ਦੇ ਉਦੇਸ਼ ਨਾਲ ਸਾਰਾਗੜ੍ਹੀ ਦੀ ਚੌਕੀ ਸਥਾਪਤ ਕੀਤੀ ਗਈ ਸੀ। ਇਹ ਖੇਤਰ ਮਹਾਰਾਜਾ ਰਣਜੀਤ ਸਿੰਘ ਦੇ ਵਾਰਿਸਾਂ ਕੋਲੋਂ ਅੰਗਰੇਜ਼ਾਂ ਦੇ ਅਧਿਕਾਰ ਵਿਚ ਚਲਿਆ ਗਿਆ ਸੀ। ਪਰ ਇਸ ਖੇਤਰ ਦੇ ਅਫਗਾਨੀ ਕਬਾਇਲੀ ਪਠਾਣ ਬਰਤਾਨਵੀ ਭਾਰਤੀ ਸਰਕਾਰ ਦੀ ਅਧੀਨਗੀ ਮੰਨਣ ਲਈ ਤਿਆਰ ਨਹੀਂ ਸਨ। ਉਨ੍ਹਾਂ ਨੇ 1896 ਈ. ਵਿਚ ਬਰਤਾਨਵੀ ਭਾਰਤੀ ਸਰਕਾਰ ਵਿਰੁੱਧ ਬਗ਼ਾਵਤ ਦਾ ਝੰਡਾ ਚੁੱਕ ਲਿਆ ਸੀ।

ਅਗਸਤ 1897 ਈ. ਵਿਚ ਅੰਗਰੇਜ਼ ਸੈਨਾ ਨੂੰ ਜਾਣਕਾਰੀ ਮਿਲੀ ਕਿ ਅਫਗਾਨੀ ਪਠਾਣਾਂ ਦੇ ਉੜਕਜ਼ਈ ਅਤੇ ਅਫਰੀਦੀ ਕਬਾਇਲੀ ਚਾਂਗਰੂ, ਸਮਪਾਗ ਅਤੇ ਖਣਕੀ ਵਾਦੀਆਂ ਵਿਚ ਇਕੱਠੇ ਹੋ ਰਹੇ ਹਨ। ਇਨ੍ਹਾਂ ਦੀ ਇੱਥੋਂ ਲੋਕਹਾਰਟ ਅਤੇ ਗੁਲਿਸਤਾਨ ਕਿਲ੍ਹਿਆਂ 'ਤੇ ਹਮਲਾ ਕਰਨ ਦੀ ਯੋਜਨਾ ਹੈ। ਕਰਨਲ ਹੈਗਟਨ ਦੀ ਅਗਵਾਈ ਵਿਚ ਬਰਤਾਨਵੀਂ ਸੈਨਾ ਨੇ ਇਨ੍ਹਾਂ ਕਬਾਇਲੀ ਹਮਲਾਵਰਾਂ ਨੂੰ ਅੱਗੇ ਵਧਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। 27 ਅਗਸਤ 1897 ਈ. ਤੋਂ 11 ਸਤੰਬਰ 1897 ਈ. ਤਕ ਇਹ ਕਬਾਇਲੀਆਂ ਅਤੇ ਬਰਤਾਨਵੀ ਭਾਰਤੀ ਸੈਨਾ ਵਿਚ ਕਈ ਝੜਪਾਂ ਹੋਈਆਂ। ਇਸ ਸਮੇਂ ਕਬਾਇਲੀ ਪਠਾਣ ਗੁਲਿਸਤਾਨ ਅਤੇ ਲੋਕਹਾਰਟ ਕਿਲ੍ਹਿਆਂ 'ਤੇ ਕਬਜ਼ਾ ਕਰਨ ਵਿਚ ਬੁਰੀ ਤਰ੍ਹਾਂ ਅਸਫ਼ਲ ਰਹੇ।

ਆਪਣੀ ਇਸ ਅਸਫ਼ਲਤਾ ਤੋਂ ਬਾਅਦ ਇਨ੍ਹਾਂ ਕਬਾਇਲੀਆਂ ਨੇ ਸਾਰਾਗੜ੍ਹੀ ਦੀ ਚੌਕੀ 'ਤੇ ਹਮਲਾ ਕਰਨ ਦਾ ਫ਼ੈਸਲਾ ਕੀਤਾ। ਉਸ ਸਮੇਂ ਸਾਰਾਗੜ੍ਹੀ ਚੌਕੀ ਵਿਚ ਕੇਵਲ 21 ਸਿੱਖ ਸੈਨਿਕ ਮੌਜੂਦ ਸਨ। ਇਨ੍ਹਾਂ ਸੈਨਿਕਾਂ ਕੋਲ ਗੋਲੀ ਸਿੱਕਾ ਵੀ ਸੀਮਤ ਜਿਹਾ ਸੀ। ਚੌਕੀ ਦੀ ਕਮਾਂਡ ਹਵਾਲਦਾਰ ਈਸ਼ਰ ਸਿੰਘ ਦੇ ਹਵਾਲੇ ਸੀ। 12 ਸਤੰਬਰ 1897 ਈ. ਨੂੰ ਸਵੇਰ ਸਮੇਂ ਅਫਗਾਨੀ ਕਬਾਇਲੀਆਂ ਨੇ ਸਾਰਾਗੜ੍ਹੀ ਚੌਕੀ 'ਤੇ ਹਮਲਾ ਕਰ ਦਿੱਤਾ। ਕਬਾਇਲੀਆਂ ਦੁਆਰਾ ਸਾਰਾਗੜ੍ਹੀ ਦੀ ਚੌਕੀ ਨੂੰ ਘੇਰਨ ਦਾ ਪਤਾ ਲੱਗਣ 'ਤੇ ਚੌਕੀ ਵਿਚਲੇ ਸਿੱਖ ਸੈਨਿਕਾਂ ਨੇ ਪੁਜ਼ੀਸ਼ਨਾਂ ਲੈ ਲਈਆਂ। ਕਬਾਇਲੀਆਂ ਦੁਆਰਾ ਚੌਕੀ ਨੂੰ ਚਾਰੇ ਪਾਸੇ ਤੋਂ ਘੇਰਨ ਕਾਰਨ ਇਸ ਦਾ ਸੰਪਰਕ ਪੂਰੀ ਤਰ੍ਹਾਂ ਬਰਤਾਨਵੀ ਭਾਰਤੀ ਸੈਨਾ ਨਾਲੋਂ ਟੁੱਟ ਗਿਆ। ਲੋਕਹਾਰਟ ਕਿਲ੍ਹੇ ਵਿੱਚੋਂ ਇਸ ਚੌਕੀ ਦੀ ਸਹਾਇਤਾ ਲਈ ਸੈਨਾ ਭੇਜਣ ਦੀ ਕੋਸ਼ਿਸ਼ ਕੀਤੀ ਗਈ, ਪਰ ਇਹ ਸੰਭਵ ਨਾ ਹੋ ਸਕੀ। ਲੋਕਹਾਰਟ ਕਿਲ੍ਹੇ ਤੋਂ ਇਸ਼ਾਰਾ ਮਿਲਣ 'ਤੇ ਇਨ੍ਹਾਂ ਸਿੱਖ ਸੈਨਿਕਾਂ ਨੇ ਲਗਪਗ ਸਾਢੇ ਨੌ ਵਜੇ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ। ਇਹ ਲੜਾਈ 6 ਘੰਟੇ 45 ਮਿੰਟ ਚੱਲੀ। ਕਬਾਇਲੀਆਂ ਨੇ ਚੌਕੀ ਦੀ ਕੰਧ ਵਿਚ ਪਾੜ ਪਾ ਕੇ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਪਰ ਸਿੱਖ ਸੈਨਿਕਾਂ ਨੇ ਇਨ੍ਹਾਂ ਨੂੰ ਅੰਦਰ ਨਾ ਆਉਣ ਦਿੱਤਾ। ਅਖੀਰ ਕਬਾਇਲੀਆਂ ਨੇ ਧੂੰਆਂ ਕਰਨ ਲਈ ਚੌਕੀ ਦੇ ਆਸੇ ਪਾਸੇ ਅੱਗ ਲਗਾ ਦਿੱਤੀ। ਇਸ ਸਮੇਂ ਤਕ ਸਿੱਖ ਸੈਨਿਕਾਂ ਕੋਲ ਗੋਲੀ ਸਿੱਕਾ ਵੀ ਖ਼ਤਮ ਹੋ ਚੁੱਕਿਆ ਸੀ। ਇਸ ਤੋਂ ਬਾਅਦ ਇਨ੍ਹਾਂ ਸਿੱਖ ਸੈਨਿਕਾਂ ਨੇ ਬੋਨਟਾਂ ਨਾਲ ਆਮ੍ਹਣੇ-ਸਾਹਮਣੇ ਦੀ ਲੜਾਈ ਲੜਣੀ ਸ਼ੁਰੂ ਕਰ ਦਿੱਤੀ। ਅਖੀਰ 'ਤੇ 20 ਸੈਨਿਕ ਸ਼ਹੀਦੀ ਪ੍ਰਾਪਤ ਕਰ ਚੁੱਕੇ ਸਨ। ਸਿਗਨਲ ਮੈਨ ਗੁਰਮੁੱਖ ਸਿੰਘ ਨੇ ਲੋਕਹਾਰਟ ਨੂੰ ਆਖਰੀ ਸਿਗਨਲ ਦਿੱਤਾ ਅਤੇ ਕਬਾਇਲੀਆਂ 'ਤੇ ਟੁੱਟ ਪਿਆ। ਉਹ ਵੀ ਲੜਦਾ ਹੋਇਆ ਅਖੀਰ ਸ਼ਹੀਦੀ ਪ੍ਰਾਪਤ ਕਰ ਗਿਆ। ਇਸ ਤੋਂ ਬਾਅਦ ਕਬਾਇਲੀਆਂ ਨੇ ਚੌਕੀ ਉੱਪਰ ਕਬਜ਼ਾ ਕਰ ਲਿਆ ਅਤੇ ਸਾਰਾਗੜ੍ਹੀ ਚੌਕੀ ਨੂੰ ਅੱਗ ਲਗਾ ਦਿੱਤੀ, ਜਿਸ ਕਾਰਨ ਕਈ ਸਿੱਖ ਸੈਨਿਕਾਂ ਦੀਆਂ ਲਾਸ਼ਾਂ ਬੁਰੀ ਤਰ੍ਹਾਂ ਝੁਲਸੀਆਂ ਗਈਆਂ।

ਇਸ ਲੜਾਈ ਦੀ ਵਿਲੱਖਣਤਾ ਇਹ ਸੀ ਕਿ ਇਹ ਬਰਤਾਨਵੀ ਭਾਰਤੀ ਸੈਨਾ ਦੇ ਕੇਵਲ 21 ਸਿੱਖ ਸੈਨਿਕਾਂ ਅਤੇ 8 ਹਜ਼ਾਰ ਤੋਂ 14 ਹਜ਼ਾਰ ਅਫਗਾਨੀ ਪਠਾਣਾਂ ਕਬਾਇਲੀਆਂ ਦੇ ਵਿਚਕਾਰ ਸੀ। ਅਫਗਾਨੀਆਂ ਅਨੁਸਾਰ ਇਸ ਲੜਾਈ ਵਿਚ ਉਨ੍ਹਾਂ ਦੇ 180 ਤੋਂ 200 ਤੱਕ ਪਠਾਣ ਮਾਰੇ ਗਏ। ਬਰਤਾਨਵੀਂ ਸਰੋਤਾਂ ਅਨੁਸਾਰ ਇਸ ਲੜਾਈ ਵਿਚ ਮਰਨ ਵਾਲੇ ਕਬਾਇਲੀਆਂ ਦੀ ਗਿਣਤੀ 450 ਸੀ ਅਤੇ ਵੱਡੇ ਗਿਣਤੀ ਵਿਚ ਜ਼ਖਮੀ ਹੋਏ।

ਅਖ਼ਬਾਰਾਂ ਵਿਚ ਸਾਰਾਗੜ੍ਹੀ ਦੀ ਲੜਾਈ ਦੀਆਂ ਖ਼ਬਰਾਂ ਪ੍ਰਕਾਸ਼ਿਤ ਹੋਣ 'ਤੇ ਦੁਨੀਆ ਭਰ ਵਿਚ ਇਨ੍ਹਾਂ 21 ਸਿੱਖ ਸੈਨਿਕਾਂ ਦੀ ਬਹਾਦਰੀ ਦੀ ਪ੍ਰਸ਼ੰਸਾ ਕੀਤੀ ਗਈ। ਸਾਰਾਗੜ੍ਹੀ ਦੇ ਇਨ੍ਹਾਂ ਯੋਧਿਆਂ ਨੂੰ ਬਰਤਾਨੀਆ ਦੀ ਸੰਸਦ ਦੇ ਦੋਵਾਂ ਸਦਨਾਂ ਵਿਚ ਸ਼ਰਧਾਂਜਲੀ ਦਿੱਤੀ ਗਈ। ਬਰਤਾਨੀਆ ਸਰਕਾਰ ਨੇ ਇਨ੍ਹਾਂ ਸ਼ਹੀਦ ਸਿੱਖ ਸੈਨਿਕਾਂ ਨੂੰ ਉਸ ਸਮੇਂ ਦੇ ਬਰਤਾਨਵੀ ਭਾਰਤ ਦੇ ਸਭ ਤੋਂ ਵੱਡੇ ਬਹਾਦਰੀ ਪੁਰਸਕਾਰ 'ਇੰਡੀਅਨ ਆਰਡਰ ਆਫ ਮੈਰਿਟ' ਨਾਲ ਸਨਮਾਨਿਤ ਕੀਤਾ ਗਿਆ। ਹਰੇਕ ਸ਼ਹੀਦ ਦੇ ਪਰਿਵਾਰ ਨੂੰ 500 ਸੌ ਰੁਪਏ ਨਕਦ ਇਨਾਮ, ਪੈਨਸ਼ਨ ਅਤੇ ਦੋ ਮਰੱਬੇ ਜ਼ਮੀਨ ਦਿੱਤੀ।

ਸਾਰਾਗੜ੍ਹੀ ਦੇ ਸ਼ਹੀਦਾਂ ਦੀ ਯਾਦ ਵਿਚ ਫਿਰੋਜ਼ਪੁਰ ਅਤੇ ਅੰਮ੍ਰਿਤਸਰ ਵਿਚ ਯਾਦਗਾਰਾਂ ਬਣਾਈਆਂ ਗਈਆਂ। ਸਾਰਾਗੜ੍ਹੀ ਦੇ ਸ਼ਹੀਦ ਸਿੱਖ ਸੈਨਿਕਾਂ ਵਿੱਚੋਂ ਬਹੁ ਗਿਣਤੀ ਇਨ੍ਹਾਂ ਜ਼ਿਲ੍ਹਿਆਂ ਨਾਲ ਸਬੰਧਤ ਸਨ। ਹਰ ਸਾਲ ਸਾਕਾ ਸਾਰਾਗੜ੍ਹੀ ਵਾਲੇ ਦਿਨ 12 ਸਤੰਬਰ ਨੂੰ ਇਨ੍ਹਾਂ ਦੀ ਯਾਦਗਾਰ 'ਤੇ ਇਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਂਦੀ ਹੈ ਅਤੇ ਇਹ ਬਹਾਦਰ ਸਿੱਖ ਸੈਨਿਕਾਂ ਦੀ ਮਹਾਨ ਕੁਰਬਾਨੀ ਨੂੰ ਯਾਦ ਕੀਤਾ ਜਾਂਦਾ ਹੈ।