ਤੁਸੀਂ ਨਸ਼ਿਆਂ ਦਾ ਹੋਣਾ ਨੀ...

ਬਾਲ ਅਵਸਥਾ ਗੱਲਾਂ ਚੰਗੀਆਂ ਲਉ ਸਿੱਖ,
ਨਿਰਭਰ ਤੁਹਾਡੇ ਉੱਪਰ ਹੈ ਦੇਸ਼ ਦਾ ਭਵਿੱਖ।
ਹੋ ਕੇ ਰਹਿਣਾ ਸਦਾ ਹੁਸ਼ਿਆਰ ਬੱਚਿਓ,
ਖ਼ੁਰਾਕ, ਖੇਡਾਂ ਤੋਂ ਪੜ੍ਹਾਈ ਨੇ ਜ਼ਰੂਰੀ,
ਤੁਸੀਂ ਨਸ਼ਿਆਂ ਦਾ ਹੋਣਾ ਨੀ ਸ਼ਿਕਾਰ ਬੱਚਿਓ।

ਪੱਕੇ ਜ਼ਿੰਦਗੀ ਦੇ ਰੱਖਣੇ ਨੇ ਤੁਸੀਂ ਆਪਣੇ ਅਸੂਲ,
ਚੰਗੇ ਕੰਮ ਕਰਨੋਂ ਕਦੇ ਤੁਸੀਂ ਡਰਨਾ ਨੀ ਮੂਲ।
ਮਾਣਸ ਇਹ ਦੇਹੀ ਹੈ ਸਬੋਬਾਂ ਨਾਲ ਮਿਲਦੀ,
ਕਦੇ ਮਿਲਦੀ ਨਾ ਇਹ ਵਾਰ ਵਾਰ ਬੱਚਿਓ।
ਖ਼ੁਰਾਕ, ਖੇਡਾਂ ਤੇ ਪੜ੍ਹਾਈ ਨੇ ਜ਼ਰੂਰੀ,
ਤੁਸੀਂ ਨਸ਼ਿਆਂ ਦਾ............।

ਪੜ੍ਹਾਈ ਵਿੱਚ ਤੁਸੀਂ ਪੂਰਾ ਦਿਲ ਹੈ ਲਗਾਉਣਾ,
ਗਿਆਨ ਦੀਆਂ ਗੱਲਾਂ ਨੂੰ ਦਿਮਾਗ ’ਚ ਬਿਠਾਉਣਾ।
ਮੰਨਣਾ ਅਧਿਆਪਕਾਂ ਨੂੰ ਮਾਪਿਆਂ ਸਮਾਨ ਤੁਸੀਂ,
ਕਰਨਾ ਵੱਡਿਆਂ ਦਾ ਹਰ ਵੇਲੇ ਸਤਿਕਾਰ ਬੱਚਿਓ।
ਤੁਸੀਂ ਨਸ਼ਿਆਂ ਦਾ............।

ਸੰਗਤ ਜਿਨ੍ਹਾਂ ਦੀ ਹੈ ਮਾੜੀ ਆਦਤਾਂ ਨੇ ਗੰਦੀਆਂ,
ਕਾਮਯਾਬੀ ਦੀਆਂ ਕਦੇ ਛੂੰਹਦੇ ਨਾ ਬੁਲੰਦੀਆਂ।
ਮੱਲਾਂ ਇੱਕ ਦਿਨ ਜ਼ਿੰਦਗੀ ’ਚ ਤੁਸੀਂ ਮਾਰੋਗੇ ਜ਼ਰੂਰ,
ਗੱਲਾਂ ‘ਕੁਕੂ’ ਦੀਆਂ ਲਉ ਇਹ ਦਿਲ ਵਿੱਚ ਧਾਰ ਬੱਚਿਓ।
ਤੁਸੀਂ ਨਸ਼ਿਆਂ ਦਾ............।