ਬਠਿੰਡਾ, 23 ਦਸੰਬਰ : ਸਥਾਨਕ ਸ਼ਹਿਰ ਦੇ ਮਾਲ ਰੋਡ ਤੇ ਸਥਿਤ ਮਲਟੀ ਸਟੋਰੀ ਕਾਰ ਪਾਰਕਿੰਗ ਦੇ ਸਾਹਮਣੇ ਬੀਤੀ ਰਾਤ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਅਤੇ ਦੋ ਦੇ ਗੰਭੀਰ ਜਖ਼ਮੀ ਹੋ ਜਾਣ ਦੀ ਖਬਰ ਹੈ। ਮ੍ਰਿਤਕਾਂ ਦੀ ਪਛਾਣ ਰਾਜਨ ਜੱਸਲ ਵਾਸੀ ਹੁਸ਼ਿਆਰਪੁਰ ਅਤੇ ਅਮਨਦੀਪ ਸਿੰਘ ਬਟਾਲਾ ਵਜੋਂ ਹੋਈ ਹੈ, ਨੌਜਵਾਨ ਰਿਦਮ ਵਾਸੀ ਲੁਧਿਆਣਾ ਦੀ ਹਾਲਤ ਠੀਕ ਨਾ ਹੋਣ ਕਾਰਨ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਰੈਫਰ ਕੀਤਾ ਗਿਆ ਹੈ ਅਤੇ ਨੌਜਵਾਨ ਸਾਕੇਤ ਜੋ ਲੁਧਿਆਣਾ ਦਾ ਵਾਸੀ ਹੈ ਦੇ ਮਾਮੂਲੀ ਸੱਟਾਂ ਹਨ, ਜੋ ਖਤਰੇ ਤੋਂ ਬਾਹਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਨੌਜਵਾਨ ਬੀਤੀ ਅੱਧੀ ਰਾਤ ਨੂੰ ਨਵੀਂ ਹੌਡਾ ਸਿਟੀ ਕਾਰ (ਪੀਬੀ 02 ਸੀਯੂ -1224) ’ਚ ਸਵਾਰ ਹੋਕੇ ਹਨੂੰਮਾਨ ਚੌਂਕ ਤੋਂ ਮਾਲ ਰੋਡ ਰਾਹੀਂ ਸਟੇਸ਼ਨ ਵਾਲੇ ਪਾਸੇ ਜਾ ਰਹੇ ਸਨ। ਜਦੋਂ ਹਾਂਡਾ ਸਿਟੀ ਕਾਰ ਮਲਟੀ ਸਟੋਰੀ ਕਾਰ ਪਾਰਕਿੰਗ ਦੇ ਗੇਟ ਕੋਲ ਪੁੱਜੀ ਤਾਂ ਇਸੇ ਦੌਰਾਨ ਬੇਕਾਬੂ ਹੋ ਗਈ ਅਤੇ ਸੜਕ ਦੇ ਕਿਨਾਰੇ ਲੱਗੇ ਯੂਨੀਪੋਲ ਨਾਲ ਟਕਰਾ ਗਈ। ਟੱਕਰ ਐਨੀ ਭਿਆਨਕ ਸੀ ਕਿ ਕਾਰ ਦੇ ਅਗਲੇ ਹਿੱਸੇ ਦੇ ਪਰਖਚੇ ਉੱਡ ਗਏ ਅਤੇ ਕਾਰ ਦੇ ਅੰਦਰ ਬਣੀਆਂ ਸੀਟਾਂ ਵੀ ਪੂਰੀ ਤਰਾਂ ਤਬਾਹ ਹੋ ਗਈਆਂ। ਕਾਰ ਦੀ ਟੱਕਰ ਕਾਰਨ ਪਾਰਕਿੰਗ ਅੱਗੇ ਰੱਖਿਆ ਹੋਇਆ ਸੀਮਿੰਟ ਦਾ ਮਜਬੂਤ ਬੈਂਚ ਪੂਰੀ ਤਰਾਂ ਟੁੱਟ ਗਿਆ ਜਿਸ ਤੋਂ ਪਤਾ ਲੱਗਦਾ ਹੈ ਕਿ ਕਾਰ ਕਿੰਨੇ ਜੋਰ ਨਾਲ ਟਕਰਾਈ ਹੋਵੇਗੀ। ਅੱਜ ਸਵੇਰ ਵਕਤ ਕੁੱਝ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਜੋਰਦਾਰ ਧਮਾਕਾ ਸੁਣਿਆ ਸੀ ਅਤੇ ਬਾਅਦ ’ਚ ਇਸ ਹਾਦਸੇ ਬਾਰੇ ਜਾਣਕਾਰੀ ਮਿਲੀ ਹੈ। ਉਨ੍ਹਾਂ ਦੱਸਿਆ ਕਿ ਕਾਰ ਦੀ ਰਫਤਾਰ ਕਾਫੀ ਤੇਜ ਸੀ ਅਤੇ ਉਹ ਮੋੜ ਆਉਂਦੀਆਂ ਹੀ ਆਪਣਾ ਸੰਤਾਲਨ ਗੁਆ ਬੈਠੀ ਅਤੇ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਦੀ ਸੂਚਨਾ ਮਿਲਦਿਆਂ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਵਲੰਟੀਅਰ ਸਾਹਿਬ ਸਿੰਘ, ਗੌਤਮ ਸ਼ਰਮਾ ,ਵਿਸ਼ਾਲ ਸ਼ਰਮਾ,ਸੁਮਿਤ ਮਹੇਸ਼ਵਰੀ, ਮੁਨੀਸ਼ ਮਿੱਤਲ,ਰੂਬਲ ਜੌੜਾ, ਅਨੁਰਾਗ ਜੈਨ ਅਤੇ ਮਨੀਸ਼ ਗਰਗ ਮੌਕੇ ਤੇ ਪੁੱਜੇ ਅਤੇ ਜਖਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ। ਜ਼ਖਮੀ ਨੌਜਵਾਨ ਰਿਦਮ ਨੂੰ ਪਹਿਲਾਂ ਇਲਾਜ਼ ਲਈ ਬਠਿੰਡਾ ਸਿਵਲ ਹਸਪਤਾਲ ਲਿਆਂਦਾ ਜਿੱਥੋਂ ਉਸਦੀ ਗੰਭੀਰ ਹਾਲਤ ਵੇਖਦਿਆਂ ਅੱਗੇ ਰੈਫਰ ਕਰ ਦਿੱਤਾ ਤਾਂ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਵਲੰਟੀਅਰਾਂ ਨੇ ਉਸ ਨੂੰ ਨਿੱਜੀ ਹਸਪਤਾਲ ਦਾਖਲ ਕਰਵਾ ਦਿੱਤਾ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਘਟਨਾ ਦਾ ਪਤਾ ਲੱਗਦਿਆਂ ਹੀ ਪੁਲਿਸ ਪ੍ਰਸ਼ਾਸ਼ਨ ਨੇ ਮੌਕੇ ’ਤੇ ਜਾ ਕੇ ਸਥਿਤੀ ਦਾ ਜਾਇਜ਼ਾ ਲਿਆ। ਨੌਜਵਾਨ ਵੈਲਫੇਅਰ ਵਲੰਟੀਅਰ ਸਾਹਿਬ ਸਿੰਘ ਨੇ ਦੱਸਿਆ ਕਿ ਸੰਸਥਾ ਨੂੰ ਇਸ ਹਾਦਸੇ ਸਬੰਧੀ ਸੂਚਨਾ ਮਿਲੀ ਸੀ ਤਾਂ ਉਹ ਐਂਬੂਲੈਂਸ ਲੈਕੇ ਮੌਕੇ ਤੇ ਪੁੱਜੇ ਸਨ। ਉਨ੍ਹਾਂ ਦੱਸਿਆ ਕਿ ਮੌਕੇ ਤੇ ਹਾਜ਼ਰ ਲੋਕਾਂ ਨੇ ਜਾਣਕਾਰੀ ਦਿੱਤੀ ਕਿ ਕਾਰ ਵਿੱਚ ਚਾਰ ਜਣੇ ਸਵਾਰ ਸਨ ਅਤੇ ਕਾਰ ਬਹੁਤ ਹੀ ਤੇਜ ਰਫਤਾਰ ਨਾਲ ਆ ਰਹੀ ਸੀ। ਉਨ੍ਹਾਂ ਦੱਸਿਆ ਕਿ ਜਖਮੀਆਂ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਦੋ ਨੂੰ ਮ੍ਰਿਤਕ ਕਰਾਰ ਦਿੱਤਾ ਅਤੇ ਇੱਕ ਨੂੰ ਰੈਫਰ ਕੀਤਾ ਗਿਆ ਹੈ ਜਦੋਂਕਿ ਤੀਸਰੇ ਦੀ ਹਾਲਤ ਠੀਕ ਹੈ। ਡੀਐਸਪੀ ਸਿਟੀ ਵਨ ਕੁਲਦੀਪ ਸਿੰਘ ਬਰਾੜ ਦਾ ਕਹਿਣਾ ਸੀਕਿ ਹਾਦਸੇ ਸਬੰਧੀ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤਤੀ ਜਾ ਰਹੀ ਹੈ।