- ਮਜ਼ਬੂਤ ਇੱਛਾ ਸ਼ਕਤੀ ਅਤੇ ਦਵਾਈਆਂ ਨਾਲ ਤੰਬਾਕੂ ਪਦਾਰਥਾਂ ਦਾ ਸੇਵਨ ਛੱਡਿਆ ਜਾ ਸਕਦਾ ਹੈ: ਸਿਵਲ ਸਰਜਨ ਡਾ. ਰਮਿੰਦਰ ਕੌਰ
ਪਟਿਆਲਾ, 31 ਮਈ : ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਦੇ ਸਹਿਯੋਗ ਨਾਲ ਰੋਟਰੀ ਕਲੱਬ, ਐਸ ਐਸ ਟੀ ਨਗਰ ਵਿਖੇ ਥੀਮ “ਸਾਨੂੰ ਭੋਜਨ ਦੀ ਲੋੜ ਹੈ.....ਤੰਬਾਕੂ ਦੀ ਨਹੀਂ” ਵਿਸ਼ੇ ਤਹਿਤ ਵਿਸ਼ਵ ਤੰਬਾਕੂ ਰਹਿਤ ਦਿਵਸ ਦਾ ਆਯੋਜਨ ਕੀਤਾ ਗਿਆ। ਸਿਵਲ ਸਰਜਨ ਡਾ. ਰਮਿੰਦਰ ਕੌਰ ਨੇ ਹਾਜ਼ਰੀਨ ਨੂੰ ਤੰਬਾਕੂ ਪਦਾਰਥਾਂ ਦੇ ਸੇਵਨ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਜਾਗਰੂਕ ਕਰਦੇ ਹੋਏ ਕਿਹਾ ਕਿ ਸਿਗਰਟਨੋਸ਼ੀ ਅਤੇ ਤੰਬਾਕੂ ਪਦਾਰਥਾਂ ਦੇ ਸੇਵਨ ਨਾਲ ਜਿੱਥੇ ਮਨੁੱਖ ਦੀ ਆਪਣੀ ਸਿਹਤ ਤੇ ਮਾੜਾ ਅਸਰ ਪੈਂਦਾ ਹੈ ,ਉੱਥੇ ਪੈਸਿਵ ਸਮੋਕਿੰਗ ਨਾਲ ਦੂਸਰੇ ਵਿਅਕਤੀਆਂ ਦੀ ਸਿਹਤ ਅਤੇ ਵਾਤਾਵਰਨ ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਲਗਭਗ 300 ਸਿਗਰਟਾਂ ਬਣਾਉਣ ਲਈ ਇੱਕ ਦਰੱਖਤ ਕੱਟਿਆ ਜਾਂਦਾ ਹੈ ਅਤੇ ਇੱਕ ਸਿਗਰਟ ਬਣਾਉਣ ਲਈ 3.7 ਲੀਟਰ ਪਾਣੀ ਲੱਗਦਾ ਹੈ। ਇੱਕ ਸਿਗਰਟ ਵਿੱਚ ਕੈਂਸਰ ਕਰਨ ਵਾਲੇ 69 ਜ਼ਹਿਰੀਲੇ ਤੱਤ ਹੁੰਦੇ ਹਨ। ਇਸ ਲਈ ਵਾਤਾਵਰਨ ਅਤੇ ਸਿਹਤ ਉੱਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਨੂੰ ਦੇਖਦੇ ਹੋਏ ਸਾਨੂੰ ਤੰਬਾਕੂ ਦੀ ਵਰਤੋਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।ਉਹਨਾਂ ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਦੇ ਕੰਮਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਰੋਟਰੀ ਕਲੱਬ ਲੋਕਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਅਤੇ ਸਮਾਜਿਕ ਬੁਰਾਈਆਂ ਨੂੰ ਖ਼ਤਮ ਕਰਨ ਲਈ ਸਿਹਤ ਵਿਭਾਗ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਿਹਾ ਹੈ। ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਦੇ ਪ੍ਰਧਾਨ ਭਗਵਾਨ ਦਾਸ ਗੁਪਤਾ ਵੱਲੋਂ ਰੋਟਰੀ ਕਲੱਬ ਦੇ ਸੰਗਠਨ ਬਾਰੇ ਜਾਣੂ ਕਰਵਾਉਂਦਿਆਂ ਕਿਹਾ ਕਿ ਰੋਟਰੀ ਕਲੱਬ ਦੇ ਦੁਨੀਆ ਭਰ ਵਿੱਚ 12 ਲੱਖ ਤੋਂ ਜ਼ਿਆਦਾ ਮੈਂਬਰ ਹਨ ਅਤੇ ਤਕਰੀਬਨ 228 ਦੇਸ਼ਾਂ ਵਿੱਚ 36 ਹਜ਼ਾਰ ਦੇ ਕਰੀਬ ਇਸ ਦੀਆਂ ਸ਼ਾਖਾਵਾਂ ਹਨ। ਜਿਸ ਦੇ ਸਾਰੇ ਮੈਂਬਰ ਆਪਣੀ ਪੂਰੀ ਮਿਹਨਤ ਨਾਲ ਕੰਮ ਕਰ ਰਹੇ ਹਨ। ਤੰਬਾਕੂ ਕੰਟਰੋਲ ਸੈੱਲ ਦੇ ਨੋਡਲ ਅਫ਼ਸਰ ਡਾ.ਐਸ.ਜੇ. ਸਿੰਘ ਨੇ ਤੰਬਾਕੂ ਪਦਾਰਥ ਜਿਨ੍ਹਾਂ ਵਿੱਚ ਜਰਦਾ, ਹੁੱਕਾ, ਖੈਣੀ, ਸਿਗਰਟ, ਬੀੜੀ, ਗੁਟਕਾ ਆਦਿ ਨਸ਼ੀਲੇ ਪਦਾਰਥ ਸ਼ਾਮਲ ਹਨ ਦੇ ਸੇਵਨ ਨਾਲ ਕੈਂਸਰ, ਸਾਹ, ਦਮਾ, ਦਿਲ ਦੀਆਂ ਬਿਮਾਰੀਆਂ, ਜਬਾੜ੍ਹਿਆਂ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ ਬਾਰੇ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਮਜ਼ਬੂਤ ਇੱਛਾ ਸ਼ਕਤੀ ਅਤੇ ਦਵਾਈਆਂ ਨਾਲ ਤੰਬਾਕੂ ਪਦਾਰਥਾਂ ਦਾ ਸੇਵਨ ਛੱਡਿਆ ਜਾ ਸਕਦਾ ਹੈ। ਇਸ ਮੌਕੇ ਉਹਨਾਂ ਤੰਬਾਕੂ ਕੰਟਰੋਲ ਐਕਟ 2003 ਬਾਰੇ ਵੀ ਦੱਸਿਆਂ ।ਜ਼ਿਲ੍ਹਾ ਡੈਂਟਲ ਸਿਹਤ ਅਫ਼ਸਰ ਡਾ. ਪਾਰੂਲ ਗੁਪਤਾ ਨੇ ਤੰਬਾਕੂ ਪਦਾਰਥਾਂ ਦੇ ਸੇਵਨ ਨਾਲ ਹੋਣ ਵਾਲੇ ਮੂੰਹ ਦੇ ਕੈਂਸਰ,ਦੰਦਾਂ ਅਤੇ ਜਬਾੜ੍ਹਿਆਂ ਦੀਆਂ ਬਿਮਾਰੀਆਂ ਬਾਰੇ ਦੱਸਿਆ ਅਤੇ ਡਾ.ਸੁਮਿਤ ਸਿੰਘ ਵੱਲੋਂ ਵੀ ਆਪਣੇ ਵਿਚਾਰ ਰੱਖੇ ਗਏ। ਸਨਮਾਨਿਤ ਸ਼ਖ਼ਸੀਅਤਾਂ ਨੂੰ ਸਨਮਾਨ ਚਿੰਨ੍ਹ ਦੀ ਵੰਡ ਕੀਤੀ ਗਈ। ਇਸ ਮੌਕੇ ਰਾਜਿੰਦਰਾ ਹਸਪਤਾਲ ਦੀਆਂ ਬੀ ਐਸ ਸੀ ਨਰਸਿੰਗ ਦੀਆਂ ਵਿਦਿਆਰਥਣਾਂ ਵੱਲੋਂ ਤੰਬਾਕੂ ਨੋਸ਼ੀ ਵਿਰੁੱਧ " ਜਾਗੋ ਜਾਗੋ ਨਸ਼ੇ ਤਿਆਗੋ" ਨੁੱਕੜ ਨਾਟਕ ਦੀ ਪੇਸ਼ਕਾਰੀ ਕੀਤੀ ਗਈ ਅਤੇ ਬਜਿੰਦਰ ਠਾਕੁਰ ਵੱਲੋਂ ਕਵਿਤਾ ਰਾਹੀਂ ਤੰਬਾਕੂ ਨੋਸ਼ੀ ਵਿਰੁੱਧ ਸੰਦੇਸ਼ ਦਿੱਤਾ ਗਿਆ। ਇਲੈਕਟਡ ਪ੍ਰਧਾਨ ਅਸ਼ੋਕ ਰੋਣੀ ਵੱਲੋਂ ਮੁੱਖ ਮਹਿਮਾਨ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ ਗਿਆ।ਇਸ ਸੈਮੀਨਾਰ ਵਿੱਚ ਡਾ. ਸਵਿਤਾ ਗਰਗ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਕ੍ਰਿਸ਼ਨ ਕੁਮਾਰ ਅਤੇ ਕੁਲਬੀਰ ਕੌਰ ,ਸਹਾਇਕ ਮਲੇਰੀਆ ਅਫ਼ਸਰ ਮਲਕੀਤ ਸਿੰਘ ਅਤੇ ਅਨਿਲ ਕੁਮਾਰ, ਰੋਟਰੀ ਕਲੱਬ ਦੇ ਜਰਨਲ ਸਕੱਤਰ ਰਮੇਸ਼ ਸਿੰਗਲਾ, ਇੰਜੀਨੀਅਰ ਹਰਬੰਸ ਕੁਲਾਰ, ਅਸ਼ੋਕ ਰੋਣੀ, ਸੁਰੇਸ਼ ਸ਼ਰਮਾ ਯੋਗਾ ਪ੍ਰੋਫੈਸਰ, ਵੱਖ ਵੱਖ ਸਿਹਤ ਸੰਸਥਾਵਾਂ ਤੋਂ ਆਏ ਪੈਰਾ ਮੈਡੀਕਲ ਸਟਾਫ਼, ਆਸ਼ਾ ਵਰਕਰ ਅਤੇ ਪਤਵੰਤੇ ਸੱਜਣ ਵੀ ਹਾਜ਼ਰ ਸਨ।