ਬਠਿੰਡਾ, 7 ਜਨਵਰੀ : ਸਾਬਕਾ ਕੇਂਦਰੀ ਮੰਤਰੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਬਠਿੰਡਾ ਨੇ ਪਿਛਲੀ ਅਕਾਲੀ ਦਲ ਦੀ ਸਰਕਾਰ ਵੇਲੇ ਪੰਜਾਬ ਦੇ ਸਭ ਤੋਂ ਵਿਕਸਤ ਸ਼ਹਿਰ ਦਾ ਦਰਜਾ ਹਾਸਲ ਕੀਤਾ ਪਰ ਪਿਛਲੇ 7 ਸਾਲਾਂ ਤੋਂ ਸ਼ਹਿਰ ਵਿਚ ਕੋਈ ਵੀ ਵਿਕਾਸ ਕਾਰਜ ਨਹੀਂ ਹੋਇਆ। ਸਰਦਾਰਨੀ ਬਾਦਲ ਨੇ ਕਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ (ਆਪ) ਦੋਵਾਂ ਨੇ ਸ਼ਹਿਰ ਨਾਲ ਵਿਤਕਰਾ ਕੀਤਾ ਹੈ। ਉਹਨਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਇਹਨਾਂ ਦੋਵਾਂ ਪਾਰਟੀਆਂ ਨੂੰ ਬਾਹਰ ਦਾ ਰਸਤਾ ਵਿਖਾਇਆ ਜਾਵੇ, ਜਿਹਨਾਂ ਨੇ ਅਪਵਿੱਤਰ ਗਠਜੋੜ ਕਰ ਕੇ ਪੰਜਾਬ ਦੇ ਹੱਕ ਵੇਚ ਦਿੱਤੇ ਹਨ। ਸਰਦਾਰਨੀ ਬਾਦਲ ਇਥੇ ਬਠਿੰਡਾ ਭਾਜਪਾ ਦੇ ਸੀਨੀਅਰ ਮੀਤ ਪ੍ਰਧਾਨ ਵਿਨੋਦ ਕੁਮਾਰ ਨੂੰ ਸਮਰਥਕਾਂ ਸਮੇਤ ਅਕਾਲੀ ਦਲ ਵਿਚ ਸ਼ਾਮਲ ਹੋਣ ’ਤੇ ਜੀ ਆਇਆਂ ਕਹਿਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਹਨਾਂ ਨੇ ਸ੍ਰੀ ਵਿਨੋਦ ਕੁਮਾਰ ਨੂੰ ਭਰੋਸਾ ਦੁਆਇਆ ਕਿ ਉਹਨਾਂ ਨੂੰ ਪਾਰਟੀ ਵਿਚ ਪੂਰਾ ਮਾਣ ਤੇ ਸਤਿਕਾਰ ਦਿੱਤਾ ਜਾਵੇਗਾ ਅਤੇ ਅਕਾਲੀ ਦਲ ਵਿਚ ਵੀ ਉਹੀ ਅਹੁਦਾ ਦਿੱਤਾ ਜਾਵੇਗਾ।ਅਕਾਲੀ ਦਲ ਦੀ ਸਰਕਾਰ ਵੇਲੇ ਬਠਿੰਡਾ ਨੂੰ ਕਿਵੇਂ ਆਧੁਨਿਕ ਸ਼ਹਿਰ ਬਣਾਇਆ ਗਿਆ, ਇਸ ਬਾਰੇ ਬੋਲਦਿਆਂ ਸਰਦਾਰਨੀ ਬਾਦਲ ਨੇ ਕਿਹਾ ਕਿ ਅਸੀਂ ਇਥੇ ਏਮਜ਼ ਇੰਸਟੀਚਿਊਟ, ਕੇਂਦਰੀ ਯੂਨੀਵਰਸਿਟੀ, ਰਿਫਾਇਨਰੀ ਤੇ ਹਵਾਈ ਅੱਡਾ ਲਿਆਂਦਾ। ਅਸੀਂ ਸ਼ਹਿਰ ਵਿਚ ਸੜਕ ਤੇ ਪੁੱਲਾਂ ਦਾ ਜਾਲ ਵੀ ਵਿਛਾਇਆ ਤੇ ਆਧੁਨਿਕ ਨਾਗਰਿਕ ਸਹੂਲਤਾਂ ਪ੍ਰਦਾਨ ਕੀਤੀਆਂ। ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਬਠਿੰਡਾ ਵਿਚ ਪਹਿਲਾਂ ਕਾਂਗਰਸ ਵੇਲੇ ਤੇ ਫਿਰ ਆਪ ਸਰਕਾਰ ਵੇਲੇ ਸਾਰੇ ਵਿਕਾਸ ਕਾਰਜ ਮੁਕੰਮਲ ਤੌਰ ’ਤੇ ਠੱਪ ਕਰ ਦਿੱਤੇ ਗਏ ਹਨ। ਬਾਦਲ ਨੇ ਕਿਹਾ ਕਿ ਇਸ ਸ਼ਹਿਰ ਤੇ ਪੰਜਾਬ ਦੇ ਹੋਰ ਹਿੱਸਿਆਂ ਵਿਚ ਅਕਾਲੀ ਦਲ ਦੀ ਸਰਕਾਰ ਵੇਲੇ ਹੀ ਵਿਕਾਸ ਕਰ ਕੇ ਹੋਇਆ ਕਿਉਂਕਿ ਇਹ ਇਕਲੌਤੀ ਪਾਰਟੀ ਹੈ ਜੋ ਲੋਕਾਂ ਦੀਆਂ ਇੱਛਾਵਾਂ ਮੁਤਾਬਕ ਕੰਮ ਕਰ ਸਕਦੀ ਹੈ। ਉਹਨਾਂ ਕਿਹਾ ਕਿ ਕਾਂਗਰਸ ਤੇ ਆਪ ਦੋਵਾਂ ਪਾਰਟੀਆਂ ਨੇ ਦਿੱਲੀ ਤੋਂ ਸਰਕਾਰਾਂ ਚਲਾਈਆਂ ਹਨ ਤੇ ਉਹਨਾਂ ਨੂੰ ਪੰਜਾਬ ਦੀਆਂ ਇੱਛਾਵਾਂ ਨਾਲ ਕੋਈ ਸਰੋਕਾਰ ਨਹੀਂ ਹੈ।ਉਹਨਾਂ ਕਿਹਾ ਕਿ ਦੋਵੇਂ ਪਾਰਟੀਆਂ ਦਿੱਲੀ ਵਿਚ ਦੇਸ਼ ਵਿਚ ਬਣ ਰਹੇ ਇੰਡੀਆ ਗਠਜੋੜ ਦੇ ਹਿੱਸੇ ਵਜੋਂ ਪਹਿਲਾਂ ਹੀ ਇਕਜੁੱਟ ਹੋ ਚੁੱਕੀਆਂ ਹਨ ਪਰ ਪੰਜਾਬੀਆਂ ਨੂੰ ਮੂਰਖ ਬਣਾਉਣ ਦਾ ਯਤਨ ਕਰ ਰਹੀਆਂ ਹਨ। ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਪੰਜਾਬੀ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੇ ਕੰਮ ਨਾ ਕਰਨ ਦਾ ਸੰਤਾਪ ਹੰਢਾ ਰਹੇ ਹਨ ਕਿਉਂਕਿ ਉਹ ਸਿਰਫ ਆਪਣੇ ਆਕਾ ਤੇ ਆਪ ਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਦੀ ਸੇਵਾ ਵਿਚ ਲੱਗੇ ਹਨ। ਉਹਨਾਂ ਸਵਾਲ ਕੀਤਾ ਕਿ ਜਦੋਂ ਵਿਪਾਸਨਾ ਦੀ ਸਹੂਲਤ ਹੁਸ਼ਿਆਰਪੁਰ ਵਿਚ ਉਪਲਬਧ ਹੈ ਤੇ ਉਹਨਾਂ ਦੇ ਆਕਾ ਸ੍ਰੀ ਅਰਵਿੰਦ ਕੇਜਰੀਵਾਲ ਨੇ ਇਸਦਾ ਲਾਭ ਲਿਆ ਹੈ ਤਾਂ ਫਿਰ ਸ੍ਰੀ ਭਗਵੰਤ ਮਾਨ ਆਪ ਵਿਜ਼ਾਗ ਕਿਉਂ ਗਏ ? ਉਹਨਾਂ ਜ਼ੋਰ ਦੇ ਕੇ ਕਿਹਾ ਕਿ ਸਿਆਸੀ ਵਿਰੋਧੀਆਂ ਖਿਲਾਫ ਬਦਲਾਖੋਰੀ ਤੋਂ ਇਲਾਵਾ ਪੰਜਾਬ ਵਿਚ ਕੱਖ ਨਹੀਂ ਹੋ ਰਿਹਾ। ਉਹਨਾਂ ਕਿਹਾ ਕਿ ਸਰਦਾਰ ਬਿਕਰਮ ਸਿੰਘ ਮਜੀਠੀਆ ਨੂੰ ਦੋ ਸਾਲ ਪੁਰਾਣੇ ਕੇਸ ਵਿਚ ਵਾਰ-ਵਾਰ ਇਸੇ ਕਰ ਕੇ ਸੱਦਿਆ ਗਿਆ ਕਿਉਂਕਿ ਉਹਨਾਂ ਨੇ ਮੁੱਖ ਮੰਤਰੀ ਦੀ ਧੀ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ ਜਿਸਨੇ ਆਪਣੇ ਪਿਤਾ ’ਤੇ ਉਸ ਅਤੇ ਉਸਦੇ ਪਰਿਵਾਰਕ ਮੈਂਬਰਾਂ ਨਾਲ ਚੰਗਾ ਸਲੂਕ ਨਾ ਕਰਨ ਦੇ ਦੋਸ਼ ਲਗਾਏ।