ਗੁਜਰਾਤ ਏਟੀਐਸ ਤੇ ਐਨਸੀਬੀ ਨੇ  8 ਈਰਾਨੀ ਲੋਕਾਂ ਨੂੰ 700 ਕਿਲੋ ਤੋਂ ਵੱਧ ਨਸ਼ੀਲੇ ਪਦਾਰਥਾਂ ਸਮੇਤ ਕੀਤਾ ਕਾਬੂ

ਪੋਰਬੰਦਰ, 15 ਨਵੰਬਰ 2024 (ਪੀਟੀਆਈ) : ਗੁਜਰਾਤ ਦੇ ਪੋਰਬੰਦਰ 'ਚ ਗੁਜਰਾਤ ਏਟੀਐਸ ਤੇ ਐਨਸੀਬੀ ਨੇ ਨਸ਼ਿਆਂ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਦੱਸ ਦੇਈਏ ਕਿ ਦੇਰ ਰਾਤ ਚੱਲੇ ਇਸ ਆਪ੍ਰੇਸ਼ਨ 'ਚ 8 ਈਰਾਨੀ ਲੋਕਾਂ ਨੂੰ 700 ਕਿਲੋ ਤੋਂ ਵੱਧ ਨਸ਼ੀਲੇ ਪਦਾਰਥਾਂ ਸਮੇਤ ਫੜਿਆ ਗਿਆ ਹੈ। ਐਨਸੀਬੀ, ਨੇਵੀ ਤੇ ਗੁਜਰਾਤ ਪੁਲਿਸ ਦੇ ਏਟੀਐਸ ਵੱਲੋਂ ਕੀਤੇ ਗਏ ਸਾਂਝੇ ਆਪਰੇਸ਼ਨ 'ਚ ਭਾਰਤੀ ਜਲ ਖੇਤਰ 'ਚ ਲਗਪਗ 700 ਕਿਲੋਗ੍ਰਾਮ ਮੇਥ ਦੀ ਵੱਡੀ ਖੇਪ ਫੜੀ ਗਈ। ਇਸ ਕਾਰਵਾਈ ਦੌਰਾਨ 8 ਵਿਦੇਸ਼ੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਈਰਾਨੀ ਹੋਣ ਦਾ ਦਾਅਵਾ ਕਰਦੇ ਹਨ। ਅਧਿਕਾਰੀਆਂ ਨੇ ਇਕ ਈਰਾਨੀ ਕਿਸ਼ਤੀ 'ਤੇ ਭਾਰਤ ਲਿਆਂਦੀ ਜਾ ਰਹੀ ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਨੂੰ ਫੜਿਆ। ਸ਼ਿਪਮੈਂਟ ਦਾ ਪਤਾ ਇੰਡੀਅਨ ਮੈਰੀਟਾਈਮ ਬਾਰਡਰ ਲਾਈਨ (IMBL) ਰਾਡਾਰ ਵੱਲੋਂ ਲਗਾਇਆ ਗਿਆ ਜਿਸ ਨੇ ਜਹਾਜ਼ ਨੂੰ ਭਾਰਤੀ ਪਾਣੀਆਂ 'ਚ ਐਂਟਰ ਕਰਦੇ ਹੀ ਟ੍ਰੈਕ ਕਰ ਲਿਆ, ਨਾਲ ਹੀ ਇਸ ਨਾਲ ਅਧਿਕਾਰੀਆਂ ਨੂੰ ਸਟੀਕ ਜਾਂਚ ਕਰਨ ਵਿਚ ਵੀ ਮਦਦ ਮਿਲੀ।