ਮੁੱਲਾਂਪੁਰ ਦਾਖਾ, 19 ਜਨਵਰੀ (ਸਤਵਿੰਦਰ ਸਿੰਘ ਗਿੱਲ) : ਥਾਣਾ ਦਾਖਾ ਦੀ ਪੁਲਿਸ ਨੇ ਮੁਖਬਰ ਦੀ ਇਤਲਾਹ ’ਤੇ ਕਾਰਵਾਈ ਕਰਦਿਆਂ ਦੋ ਵਿਅਕਤੀਆਂ ਨੂੰ ਹੈਰੋਇਨ ਅਤੇ ਨਸ਼ੀਲੀਆਂ ਗੋਲੀਆਂ ਵੇਚਣ ਦੇ ਮਾਮਲੇ ਵਿੱਚ ਕਾਬੂ ਕਰ ਲਿਆ ਹੈ, ਜਦਕਿ ਨਾਮਜਦ ਕੀਤੇ ਤੀਜੇ ਵਿਅਕਤੀ ਦੀ ਭਾਲ ਜਾਰੀ ਹੈ। ਕੇਸ ਦੀ ਪੜਤਾਲ ਕਰ ਰਹੇ ਏ.ਐਸ.ਆਈ. ਗੁਰਸੇਵਕ ਸਿੰਘ ਅਨੁਸਾਰ ਏ.ਐਸ.ਆਈ. ਕੁਲਦੀਪ ਸਿੰਘ ਨੂੰ ਮੁਖਬਰ ਨੇ ਇਤਲਾਹ ਦਿੱਤੀ ਕਿ ਚਮਕੌਰ ਸਿੰਘ ਪੁੱਤਰ ਕੁਲਵਿੰਦਰ ਸਿੰਘ ਅਤੇ ਲਵਪ੍ਰੀਤ ਸਿੰਘ ਪੁੱਤਰ ਜਗਤਾਰ ਸਿੰਘ ਵਾਸੀਆਨ ਰਛੀਨ (ਰਾਏਕੋਟ) ਹੈਰੋਇਨ ਅਤੇ ਨਸ਼ੀਲੀਆਂ ਗੋਲੀਆਂ ਵੇਚਣ ਦਾ ਧੰਦਾ ਕਰਦੇ ਹਨ , ਜਿਹੜੇ ਅੱਜ ਵੀ ਆਪਣੇ ਗਾਹਕਾਂ ਨੂੰ ਹੈਰੋਇਨ ਅਤੇ ਨਸ਼ੀਲੀਆ ਗੋਲੀਆਂ ਵੇਚਣ ਲਈ ਮੁੱਲਾਂਪੁਰ ਵੱਲ ਆ ਰਹੇ ਹਨ। ਉਹਨਾਂ ਦੱਸਿਆ ਕਿ ਇਤਲਾਹ ਅਨੁਸਾਰ ਰਕਬਾ ਰੋਡ ਨਵੀਂ ਦਾਣਾ ਮੰਡੀ ਮੁੱਲਾਂਪੁਰ ਨੇੜੇ ਕੀਤੀ ਗਈ ਨਾਕਾਬੰਦੀ ਦੌਰਾਨ ਆ ਰਹੇ ਉੱਕਤ ਵਿਅਕਤੀਆਂ ਨੂੰ ਰੋਕਕੇ ਲਈ ਗਈ ਤਲਾਸ਼ੀ ਉਪਰੰਤ ਇਹਨਾਂ ਕੋਲੋਂ 50 ਗ੍ਰਾਮ ਹੈਰੋਇਨ ਅਤੇ 220 ਖੁੱਲ੍ਹੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਇਸ ਧੰਦੇ ਵਿੱਚ ਪਵਨਜੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਰਛੀਨ (ਰਾਏਕੋਟ) ਵੀ ਸ਼ਾਮਲ ਹੈ।