ਲੁਧਿਆਣਾ 19 ਜਨਵਰੀ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਭੂਮੀ ਅਤੇ ਪਾਣੀ ਇੰਜੀਨੀਅਰਿੰਗ ਵਿਭਾਗ ਨੇ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੀ ਸਹਾਇਤਾ ਨਾਲ 21 ਦਿਨਾ ਸਰਦ ਰੁੱਤ ਸਿਖਲਾਈ ਦੀ ਸ਼ੁਰੂਆਤ ਕੀਤੀ। ਡਾ: ਮਾਨਵ ਇੰਦਰਾ ਸਿੰਘ ਗਿੱਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਨੇ ਮੁੱਖ ਮਹਿਮਾਨ ਵਜੋਂ ਸਮਾਗਮ ਦੀ ਪ੍ਰਧਾਨਗੀ ਕੀਤੀ ਅਤੇ ਪ੍ਰੋਗਰਾਮ ਦਾ ਉਦਘਾਟਨ ਡਾ: ਪਰਵਿੰਦਰ ਸ਼ੇਰੋਂ, ਨਿਰਦੇਸ਼ਕ ਅਟਾਰੀ, ਲੁਧਿਆਣਾ ਅਤੇ ਡਾ: ਮਨਜੀਤ ਸਿੰਘ, ਡੀਨ ਖੇਤੀ ਇੰਜਨੀਅਰਿੰਗ ਕਾਲਜ ਨੇ ਕੀਤਾ। ਮੁੱਖ ਮਹਿਮਾਨ ਡਾ. ਮਾਨਵ ਇੰਦਰਾ ਸਿੰਘ ਗਿੱਲ ਨੇ ਅਜੋਕੇ ਸਮੇਂ ਵਿਚ ਆਰਟੀਫਿਸ਼ਲ ਇੰਟੈਲੀਜੈਂਸ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਉਨ੍ਹਾਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਲੋਂ ਰਾਜ ਦੇ ਕਿਸਾਨਾਂ ਦੀ ਭਲਾਈ ਅਤੇ ਖੇਤੀ ਦੇ ਵਿਕਾਸ ਲਈ ਵਿਗਿਆਨਕ ਯਤਨਾਂ ਦਾ ਉਲੇਖ ਵੀ ਕੀਤਾ। ਉਨ੍ਹਾਂ ਨੇ ਵੱਖ-ਵੱਖ ਰਾਜਾਂ ਤੋਂ ਆਏ ਸਿਖਿਆਰਥੀਆਂ ਨੂੰ ਇਸ ਸਰਦ ਰੁੱਤ ਸਿਖਲਾਈ ਕੋਰਸ ਤੋਂ ਨਵੇਂ ਉੱਭਰ ਰਹੇ ਖੇਤਰ ਏ.ਆਈ., ਆਈ.ਓ.ਟੀ., ਡਿਜ਼ੀਟਲ ਟੈਕਨਾਲੋਜੀ ਵਿੱਚ ਗਿਆਨ ਵਧਾਉਣ ਲਈ ਜ਼ੋਰ ਦਿੱਤਾ ਅਤੇ ਖੇਤੀਬਾੜੀ ਜਲ ਪ੍ਰਬੰਧਨ ਲਈ ਇਸ ਗਿਆਨ ਨੂੰ ਲਾਗੂ ਕਰਨ ਦੀ ਗੱਲ ਕੀਤੀ। ਡਾ. ਪਰਵਿੰਦਰ ਸ਼ੇਰੋਂ , ਨਿਰਦੇਸ਼ਕ ਅਟਾਰੀ ਨੇ ਸਾਵਧਾਨ ਕੀਤਾ ਕਿ ਏ ਆਈ ਇੱਕ ਉੱਭਰ ਰਹੀ ਨਵੀਂ ਡਿਜੀਟਲ ਤਕਨਾਲੋਜੀ ਹੈ, ਇਸ ਲਈ ਵਿਗਿਆਨੀਆਂ ਨੂੰ ਇਸ ਦੇ ਫਾਇਦੇ ਅਤੇ ਨੁਕਸਾਨ ਦੋਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਖੇਤੀਬਾੜੀ ਵਿਕਾਸ ਲਈ ਤਕਨਾਲੋਜੀ ਨੂੰ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਪਾਣੀ ਇਕ ਅਹਿਮ ਸਰੋਤ ਹੈ ਅਤੇ ਇਸ ਦੀ ਸੰਭਾਲ ਸਮੇਂ ਦੀ ਲੋੜ ਹੈ। ਭੂਮੀ ਅਤੇ ਪਾਣੀ ਇੰਜੀਨੀਅਰਿੰਗ ਵਿਭਾਗ ਦੇ ਮੁਖੀ ਡਾ.ਜੇ.ਪੀ. ਸਿੰਘ ਨੇ ਸਰਦੀਆਂ ਦੇ ਸਕੂਲ ਦੀ ਮਹੱਤਤਾ ਬਾਰੇ ਦੱਸਦਿਆਂ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਜਾਣ-ਪਛਾਣ ਕਰਵਾਈ। ਡਾ: ਅਮੀਨਾ ਰਹੇਜਾ, ਵਿਗਿਆਨੀ, ਮਿੱਟੀ ਇੰਜੀਨੀਅਰਿੰਗ ਅਤੇ ਤਕਨਾਲੋਜੀ ਵਿਭਾਗ ਨੇ ਭਾਗ ਲੈਣ ਵਾਲਿਆਂ ਦਾ ਸਵਾਗਤ ਕੀਤਾ ਅਤੇ ਇਸ ਸਿਖਲਾਈ ਪ੍ਰੋਗਰਾਮ ਦੌਰਾਨ ਵਿਚਾਰੇ ਜਾਣ ਵਾਲੇ ਵਿਸ਼ਿਆਂ ਬਾਰੇ ਸੰਖੇਪ ਜਾਣਕਾਰੀ ਦਿੱਤੀ। ਇਸ ਸਿਖਲਾਈ ਦੇ 21 ਦਿਨਾਂ ਦੌਰਾਨ ਖੇਤੀ ਵਿੱਚ ਜਲ ਸਰੋਤ ਪ੍ਰਬੰਧਨ ਲਈ ਏ ਆਈ ਦੇ ਵਿਸ਼ੇ 'ਤੇ ਵੱਖ-ਵੱਖ ਲੈਕਚਰ ਕਰਵਾਏ ਜਾਣਗੇ। ਡਾ. ਮਨਜੀਤ ਸਿੰਘ, ਡੀਨ, ਕਾਲਜ ਆਫ਼ ਐਗਰੀਕਲਚਰਲ ਇੰਜਨੀਅਰਿੰਗ ਐਂਡ ਤਕਨਾਲੋਜੀ ਨੇ ਸਿਖਿਆਰਥੀਆਂ ਨੂੰ ਆਰਟੀਫੀਸ਼ੀਲ ਇੰਟੈਲੀਜੈਂਸ ਦੇ ਇਤਿਹਾਸ ਅਤੇ ਖੇਤੀਬਾੜੀ ਦੇ ਵੱਖ-ਵੱਖ ਖੇਤਰਾਂ ਵਿੱਚ ਇਸਦੀ ਵਰਤੋਂ ਬਾਰੇ ਜਾਣੂ ਕਰਵਾਇਆ। ਅੰਤ ਵਿਚ ਡਾ: ਸਮਨਪ੍ਰੀਤ ਕੌਰ ਨੇ ਸਭ ਦਾ ਧੰਨਵਾਦ ਕੀਤਾ। ਇਸ ਕੋਰਸ ਦੇ ਤਕਨੀਕੀ ਕੁਆਰਡੀਨੇਟਰ ਡਾ ਚੇਤਨ ਸਿੰਗਲਾ ਹਨ। ਕੋਰਸ ਵਿੱਚ ਦੇਸ਼ ਦੀਆਂ ਉੱਘੀਆਂ ਸੰਸਥਾਵਾਂ ਤੋਂ ਸਿਖਿਆਰਥੀ ਭਾਗ ਲੈ ਰਹੇ ਹਨ ।