- ਹਸਤਕਾਰੀ ਪ੍ਰਦਰਸ਼ਨੀਆਂ ਬਣੀਆਂ ਖਿੱਚ ਦਾ ਕੇਂਦਰ, ਲੋਕਾਂ ਨੇ ਖੂਬ ਕੀਤੀ ਖਰੀਦਦਾਰੀ
ਫਾਜ਼ਿਲਕਾ 8 ਨਵੰਬਰ : ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਫਾਜ਼ਿਲਕਾ ਦੇ ਪ੍ਰਤਾਪ ਬਾਗ ਵਿਖੇ ਆਯੋਜਿਤ ਕੀਤੇ ਪੰਜਾਬ ਹੈਂਡੀਕਰਾਫਟ ਫੈਸਟੀਵਲ ਦੇ ਤੀਸਰੇ ਦਿਨ ਜ਼ਿਲ੍ਹੇ ਦੇ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਆਯੋਜਿਤ ਸੱਭਿਆਚਾਰਕ ਗੀਤ, ਡਾਂਸ ਤੇ ਕਵਿਤਾਵਾਂ ਨੇ ਮੇਲੇ ਦੀ ਸੋਭਾ ਵਧਾਈ ਤੇ ਜ਼ਿਲ੍ਹਾ ਵਾਸੀਆਂ ਨੇ ਆਯੋਜਿਤ ਪ੍ਰੋਗਰਾਮ ਅਤੇ ਹਸਤਕਾਰੀ ਪ੍ਰਦਰਸ਼ਨੀਆਂ ਦਾ ਖੂਬ ਆਨੰਦ ਮਾਣਿਆ ਅਤੇ ਸਾਜੋ ਸਮਾਨ ਦੀ ਖਰੀਦਦਾਰੀ ਵੀ ਕੀਤੀ। ਫਾਜ਼ਿਲਕਾ ਵਿਖੇ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਚੱਲ ਰਹੇ ਪੰਜਾਬ ਹੈਂਡੀਕਰਾਫਟ ਫੈਸਟੀਵਲ ਦੇ ਤੀਸਰੇ ਦਿਨ ਦੀ ਸ਼ੁਰੂਆਤ ਸ਼ਬਦ ਕੀਰਤਨ ਨਾਲ ਕੀਤੀ ਗਈ ਤੇ ਬਾਅਦ ਵਿੱਚ ਡੀ.ਏ.ਵੀ. ਕਾਲਜ ਫਾਜ਼ਿਲਕਾ ਦੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਸਭਿਆਚਾਰਕ ਪੇਸ਼ਕਾਰੀਆਂ ਕਰਕੇ ਫਾਜ਼ਿਲਕਾ ਵਾਸੀਆਂ ਦਾ ਦਿਲ ਪਰਚਾਵਾ ਕੀਤਾ। ਇਸ ਉਪਰੰਤ ਕੇਨਵੇ ਕਾਲਜ ਅਬੋਹਰ ਦੀ ਪੇਸ਼ਕਾਰੀ ਅਤੇ ਡੀ.ਏ.ਵੀ. ਕਾਲਜ ਫਾਜ਼ਿਲਕਾ ਤੇ ਅਬੋਹਰ ਦੀ ਸੋਲੋ ਮੇਲ ਤੇ ਫੀਮੇਲ ਦੀ ਪੇਸ਼ਕਾਰੀ ਦਾ ਦਰਸ਼ਕਾਂ ਖੂਬ ਆਨੰਦ ਮਾਣਿਆ । ਇਸ ਮੌਕੇ ਮੁਸਕਾਨ ਦੇ ਸੋਲੋ ਡਾਂਸ ਦੀ ਪੇਸ਼ਕਾਰੀ ਅਤੇ ਡੀ.ਏ.ਵੀ. ਕਾਲਜ ਅਬੋਹਰ ਦੇ ਗਰੁੱਪ ਡਾਂਸ ਦੀ ਪੇਸ਼ਕਾਰੀਆਂ ਨੇ ਸਭ ਹਾਜ਼ਰੀਨ ਨੂੰ ਤਾੜੀਆਂ ਮਾਰਨ ਲਈ ਮਜ਼ਬੂਰ ਕਰ ਦਿੱਤਾ। ਸ਼ਿਲਪਕਾਰਾਂ ਵੱਲੋਂ ਹਥਾਂ ਨਾਲ ਬਣੀਆਂ ਵਸਤੂਆਂ ਪ੍ਰਤੀ ਲੋਕ ਉਤਸਾਹਿਤ ਹੋ ਰਹੇ ਹਨ ਤੇ ਖੂਬ ਖਰੀਦਦਾਰੀ ਵੀ ਕਰ ਰਹੇ ਹਨ। ਫਾਜ਼ਿਲਕਾ ਦੀਆਂ ਮਸ਼ਹੂਰ ਹੱਥ ਨਾਲ ਬਣੀਆਂ ਜੁੱਤੀਆਂ ਦੀ ਪ੍ਰਦਰਸ਼ਨੀ ਵੱਲ ਜਿੱਥੇ ਫਾਜ਼ਿਲਕਾ ਵਾਸੀ ਆਕਰਸ਼ਿਤ ਹੋ ਰਹੇ ਹਨ ਉੱਥੇ ਹੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਦੀਆਂ ਲੜਕੀਆਂ ਵੱਲੋਂ ਹੱਥ ਨਾਲ ਤਿਆਰ ਜੈਲੀ ਦੀਵੇ ਦੀ ਪ੍ਰਦਰਸ਼ਨੀ ਵਿੱਚ ਵਿਜਟ ਕਰਕੇ ਖਰੀਦਦਾਰੀ ਕਰ ਰਹੇ ਹਨ। ਇਹ ਮੇਲਾ ਜਿੱਥੇ ਫਾਜ਼ਿਲਕਾ ਵਾਸੀਆਂ ਨੂੰ ਪੁਰਾਤਨ ਸੱਭਿਆਚਾਰਕ ਨਾਲ ਜੋੜਦਾ ਪ੍ਰਤੀਤ ਹੋ ਰਿਹਾ ਹੈ ਉੱਥੇ ਹੀ ਫਾਜ਼ਿਲਕਾ ਵਾਸੀਆਂ ਨੂੰ ਗਰੀਨ ਦਿਵਾਲੀ ਮਨਾਉਣ ਲਈ ਪ੍ਰੇਰਿਤ ਕਰਦਾ ਨਜ਼ਰ ਆ ਰਿਹਾ ਹੈ। ਇਹ ਮੇਲਾ ਨਾ ਕੇਵਲ ਨੌਜਵਾਨ ਪੀੜ੍ਹੀ ਨੂੰ ਵੱਖ-ਵੱਖ ਰਾਜਾਂ ਦੇ ਸਭਿਆਚਾਰ ਬਾਰੇ ਜਾਣਕਾਰੀ ਦਿੰਦਾ ਪ੍ਰਤੀਤ ਹੋ ਰਿਹਾ ਹੈ ਸਗੋਂ ਪੁਰਾਤਨ ਪੰਜਾਬੀ ਵਿਰਸੇ ਨਾਲ ਜੋੜਦਾ ਵੀ ਨਜ਼ਰ ਆ ਰਿਹਾ ਹੈ। ਇਸ ਮੌਕੇ ਸਟੇਜ ਸੰਚਾਲਨ ਦੀ ਭੂਮਿਕਾ ਮੈਡਮ ਵਨੀਤਾ ਰਾਣੀ, ਅਜੇ ਗੁਪਤਾ, ਸਤਿੰਦਰ ਕੌਰ ਅਤੇ ਸ਼ਰਮਾ ਵੱਲੋਂ ਬਾਖੂਬੀ ਨਿਭਾਈ ਗਈ। ਇਸ ਦੌਰਾਨ ਮੈਡਮ ਵਨੀਤਾ ਰਾਣੀ ਵੱਲੋਂ ਪ੍ਰਸ਼ਨੋਤਰੀ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਤੋਂ ਪ੍ਰਸ਼ਨ ਪੁੱਛੇ ਅਤੇ ਤੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਦੌਰਾਨ ਜ਼ਿਲ੍ਹਾ ਸਿਖਿਆ ਅਫਸਰ ਐਲੀਮੈਂਟਰੀ ਦੌਲਤ ਰਾਮ, ਸੱਭਿਆਚਾਰਕ ਪ੍ਰੋਗਰਾਮ ਦੇ ਨੋਡਲ ਅਫਸਰ ਸਤਿੰਦਰ ਬੱਤਰਾ, ਜ਼ਿਲ੍ਹਾ ਭਲਾਈ ਅਫਸਰ ਅਸੋਕ ਕੁਮਾਰ ਅਤੇ ਜ਼ਿਲ੍ਹਾ ਭਾਸ਼ਾ ਅਫਸਰ ਭੁਪਿੰਦਰ ਓਤਰੇਜਾ ਆਦਿ ਹਾਜ਼ਰ ਸਨ।