- ਪੰਜਾਬ ਦੀ ਖੁਸ਼ਹਾਲੀ ਅਤੇ ਮੁੜ-ਸੁਰਜੀਤੀ ਲਈ ਸੱਭਿਆਚਾਰਕ ਵਿਰਸੇ ਨਾਲ ਜੁੜਨਾ ਜ਼ਰੂਰੀ: ਖੇਤੀਬਾੜੀ ਮੰਤਰੀ ਪੰਜਾਬ
ਲੁਧਿਆਣਾ 19 ਨਵੰਬਰ, 2024 : ਅੱਜ ਪੀ.ਏ.ਯੂ. ਦੇ ਡਾ. ਏ ਐੱਸ ਖਹਿਰਾ ਓਪਨ ਏਅਰ ਥੀਏਟਰ ਵਿਚ ਪੀ.ਏ.ਯੂ. ਦੇ ਯੁਵਕ ਮੇਲੇ ਦਾ ਦੂਸਰਾ ਪੜਾਅ ਆਰੰਭ ਹੋ ਗਿਆ। ਡਾਇਰੈਕੋਟਰੇਟ ਵਿਦਿਆਰਥੀ ਭਲਾਈ ਵੱਲੋਂ ਆਯੋਜਿਤ ਕੀਤੇ ਜਾ ਰਹੇ ਇਸ ਯੁਵਕ ਮੇਲੇ ਵਿਚ ਪੀ.ਏ.ਯੂ. ਦੇ ਵੱਖ-ਵੱਖ ਕਾਲਜਾਂ ਨੇ ਸੱਭਿਆਚਾਰਕ ਝਾਕੀਆ ਦੀ ਸ਼ਕਲ ਵਿਚ ਸਮਾਜਿਕ ਅਤੇ ਸੰਸਕਿ੍ਰਤਕ ਸੁਨੇਹੇ ਪ੍ਰਦਰਸ਼ਿਤ ਕੀਤੇ। ਪੰਜਾਬੀ ਸੱਭਿਆਚਾਰ ਦੀ ਭਰਪੂਰ ਸੂਰਤ ਪੇਸ਼ ਕਰਦੀਆਂ ਪੀ.ਏ.ਯੂ. ਦੇ ਪੰਜ ਕਾਲਜਾਂ ਅਤੇ ਖੇਤੀਬਾੜੀ ਕਾਲਜ ਬੱਲੋਵਾਲ ਸੌਂਖੜੀ ਦੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੀਆਂ ਝਲਕੀਆਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਇਹਨਾਂ ਝਲਕੀਆਂ ਵਿਚ ਖੇਤੀ ਖੇਤਰ ਦੀਆਂ ਸਮੱਸਿਆਵਾਂ, ਸੱਭਿਆਚਾਰਕ ਪ੍ਰਦੂਸ਼ਣ, ਪ੍ਰਵਾਸ, ਵਾਤਾਵਰਨ ਦਾ ਵਿਗਾੜ, ਮਾਤ ਭਾਸ਼ਾ ਦਾ ਨਿਘਾਰ ਪੇਸ਼ ਕਰਨ ਦੇ ਨਾਲ-ਨਾਲ ਭਵਿੱਖ ਦੀਆਂ ਉਮੀਦਾਂ ਨੂੰ ਵਿਦਿਆਰਥੀਆਂ ਨੇ ਸਜੀਵ ਕੀਤਾ। ਝਾਕੀਆ ਵਿਚ ਲੋਕ ਨਾਚਾਂ, ਗੀਤਾਂ ਅਤੇ ਲੋਕ ਕਾਵਿ ਬੋਲਾਂ ਦੇ ਆਸਰੇ ਵੱਖ-ਵੱਖ ਟੀਮਾਂ ਨੇ ਬੇਹੱਦ ਸਜੀਵ ਮਾਹੌਲ ਸਥਾਪਿਤ ਕੀਤਾ। ਸ਼ੁਰੂਆਰੀ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਖੇਤੀਬਾੜੀ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆ ਸ਼ਾਮਿਲ ਸਨ ਜਦਕਿ ਸਮਾਰੋਹ ਦੀ ਪ੍ਰਧਾਨਗੀ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ। ਉੱਤਰੀ ਲੁਧਿਆਣਾ ਹਲਕੇ ਦੇ ਵਿਧਾਇਕ ਸ਼੍ਰੀ ਮਦਨ ਲਾਲ ਬੱਗਾ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਰਹੇ। ਆਪਣੇ ਵਿਸ਼ੇਸ਼ ਭਾਸ਼ਣ ਵਿਚ ਸ. ਗੁਰਮੀਤ ਸਿੰਘ ਖੁੱਡੀਆ ਨੇ ਕਿਹਾ ਕਿ ਮੌਜੂਦਾ ਸਮਾਂ ਬੇਹੱਦ ਚੁਣੌਤੀਆਂ ਵਾਲਾ ਦੌਰ ਹੈ। ਜੀਵਨ ਦੇ ਹਰ ਖੇਤਰ ਵਿਚ ਉਥਲ ਪੁਥਲ ਨੇ ਆਪਣੇ ਪੈਰ ਪਸਾਰੇ ਹਨ। ਇਸ ਸਮੇਂ ਵਿਚ ਸੱਭਿਆਚਾਰਕ ਵਿਰਸੇ ਨਾਲ ਜੁੜ ਕੇ ਸਥਿਰਤਾ ਦੀ ਤਲਾਸ਼ ਕੀਤੀ ਜਾ ਸਕਦੀ ਹੈ। ਖੇਤੀਬਾੜੀ ਮੰਤਰੀ ਨੇ ਪੀ.ਏ.ਯੂ. ਵੱਲੋਂ ਪੰਜਾਬੀ ਸੱਭਿਆਚਾਰ ਦੀ ਸਾਂਭ-ਸੰਭਾਲ ਅਤੇ ਰਖ-ਰਖਾਵ ਲਈ ਕੀਤੀਆਂ ਗਈਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦਿਆਂ ਯੂਨੀਵਰਸਿਟੀ ਨੂੰ ਪੰਜਾਬੀ ਵਿਰਸੇ ਦਾ ਗੜ ਆਖਿਆ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਨੂੰ ਰੰਗਲਾ ਪੰਜਾਬ ਬਨਾਉਣ ਲਈ ਨਿਰੰਤਰ ਵਚਨਬੱਧ ਹੈ ਅਤੇ ਇਸੇ ਕਰਕੇ ਨੌਜਵਾਨਾਂ ਨੂੰ ਰੁਜ਼ਗਾਰ ਪ੍ਰਦਾਨ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਸ਼੍ਰੀ ਖੁੱਡੀਆ ਨੇ ਕਿਹਾ ਕਿ ਪੰਜਾਬ ਨੂੰ ਆਪਣੀਆਂ ਜੜ੍ਹਾਂ ਨਾਲ ਜੁੜ ਕੇ ਚੁਣੌਤੀਆਂ ਨਾਲ ਲੜਨ ਦੀ ਸਮਰਥਾ ਹਾਸਲ ਕਰਨੀ ਹੋਵੇਗੀ ਅਤੇ ਇਸ ਦਿਸ਼ਾ ਵਿਚ ਖੇਤੀਬਾੜੀ ਵਿਗਿਆਨ ਅਤੇ ਸੱਭਿਆਚਾਰਕ ਵਿਰਸਾ ਦੋ ਅਹਿਮ ਸਤੰਭ ਬਣਨਗੇ। ਉਹਨਾਂ ਕਿਹਾ ਕਿ ਇਸ ਪੱਖ ਤੋਂ ਪੀ.ਏ.ਯੂ. ਦਾ ਯੋਗਦਾਨ ਬਿਨਾਂ ਸ਼ੱਕ ਸਭ ਤੋਂ ਅਹਿਮ ਰਹੇਗਾ। ਯੁਵਕ ਮੇਲਿਆਂ ਵਿਚ ਅਸਲੀ ਪੰਜਾਬ ਦੀ ਧੜਕਣ ਮਹਿਸੂਸ ਕਰਨ ਦੀ ਗੱਲ ਕਰਕੇ ਸ਼੍ਰੀ ਖੁੱਡੀਆ ਨੇ ਭਾਗੀਦਾਰਾਂ ਨੂੰ ਵਧਾਈ ਦਿੰਦਿਆਂ ਉਹਨਾਂ ਦੀ ਜਿੱਤ ਦੀ ਕਾਮਨਾ ਕੀਤੀ। ਪ੍ਰਧਾਨਗੀ ਭਾਸ਼ਣ ਵਿਚ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਇਸ ਯੁਵਕ ਮੇਲੇ ਦਾ ਪਹਿਲਾ ਪੜਾਅ ਬੇਹੱਦ ਸਫਲਤਾ ਅਤੇ ਵਿਦਿਆਰਥੀਆਂ ਦੇ ਉਤਸ਼ਾਹ ਨਾਲ ਨੇਪਰੇ ਚੜਿਆ ਹੈ। ਦੂਜੇ ਪੜਾਅ ਵਿਚ ਗੀਤ-ਸੰਗੀਤ, ਲੋਕ ਨਾਚ, ਨਾਟ-ਵੰਨਗੀਆਂ ਆਦਿ ਪੇਸ਼ ਕੀਤੀਆਂ ਜਾਣਗੀਆਂ। ਵਾਈਸ ਚਾਂਸਲਰ ਨੇ ਦੱਸਿਆ ਕਿ ਯੁਵਕ ਮੇਲੇ ਵਿਚ 48 ਮੁਕਾਬਲਿਆਂ ਵਿਚ 500 ਤੋਂ ਵਧੇਰੇ ਵਿਦਿਆਰਥੀ ਹਿੱਸਾ ਲੈ ਰਹੇ ਹਨ। ਉਹਨਾਂ ਕਿਹਾ ਕਿ ਐਨੀ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਦਾ ਹਿੱਸਾ ਲੈਣਾ ਪੀ.ਏ.ਯੂ. ਦੀ ਕਲਾਤਮਕ ਪ੍ਰਤਿਭਾ ਦਾ ਦਰਪਣ ਹੈ। ਡਾ. ਗੋਸਲ ਨੇ ਸਰੀਰਕ ਅਤੇ ਮਾਨਸਿਕ ਸਿਹਤ ਦੇ ਸਹੀ ਸੰਤੁਲਨ ਨੂੰ ਮਨੁੱਖ ਦੀ ਤੰਦਰੁਸਤੀ ਲਈ ਲਾਜ਼ਮੀ ਕਰਾਰ ਦਿੰਦਿਆਂ ਗੁਰਬਾਣੀ ਦੇ ਪਾਵਨ ਵਿਚਾਰ ਨਚਣੁ ਕੁਦਣ ਮਨੁ ਕਾ ਚਾਉ ਦਾ ਹਵਾਲਾ ਦਿੱਤਾ ਅਤੇ ਕਿਹਾ ਕਿ ਵਿਦਿਆਰਥੀਆਂ ਨੂੰ ਜ਼ਿੰਦਗੀ ਨਾਲ ਭਰਪੂਰ ਅਤੇ ਚਾਅ ਨਾਲ ਭਰੇ-ਭਕੁੰਨੇ ਹੋਣਾ ਚਾਹੀਦਾ ਹੈ। ਉਹਨਾਂ ਯੁਵਕ ਮੇਲੇ ਨੂੰ ਮਾਨਣ ਲਈ ਸਮੂਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਅਪੀਲ ਕਰਦਿਆਂ ਅਨੁਸ਼ਾਸਨ ਬਣਾਈ ਰੱਖਣ ਲਈ ਕਿਹਾ। ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਸਵਾਗਤੀ ਸ਼ਬਦ ਬੋਲਦਿਆਂ ਕਿਹਾ ਕਿ ਯੁਵਕ ਮੇਲਾ ਪੀ.ਏ.ਯੂ. ਦੀ ਪਛਾਣ ਨੂੰ ਦੇਸ਼-ਵਿਦੇਸ਼ ਵਿਚ ਫੈਲਾਅ ਰਿਹਾ ਹੈ। ਉਹਨਾਂ ਕਿਹਾ ਕਿ ਵਿਗਿਆਨ ਦੇ ਵਿਦਿਆਰਥੀ ਹੋਣ ਦੇ ਬਾਵਜੂਦ ਵਿਦਿਆਰਥੀਆਂ ਦਾ ਕਲਾਤਮਕ ਪ੍ਰਦਰਸ਼ਨ ਉਹਨਾਂ ਦੀ ਪ੍ਰਤਿਭਾ ਅਤੇ ਸਿਦਕ ਦਾ ਸਬੂਤ ਹੈ। ਉਹਨਾਂ ਆਸ ਪ੍ਰਗਟਾਈ ਕਿ ਇਹ ਵਿਦਿਆਰਥੀ ਭਵਿੱਖ ਵਿਚ ਸੱਭਿਆਚਾਰ ਅਤੇ ਸੰਗੀਤ ਦੇ ਖੇਤਰ ਵਿਚ ਪੀ.ਏ.ਯੂ. ਦੀ ਰਹਿਨੁਮਾਈ ਕਰਨਗੇ। ਅੰਤ ਵਿਚ ਪੀ.ਏ.ਯੂ. ਦੇ ਰਜਿਸਟਰਾਰ ਡਾ. ਰਿਸ਼ੀਪਾਲ ਸਿੰਘ ਨੇ ਸਭ ਦਾ ਧੰਨਵਾਦ ਕੀਤਾ। ਡਾ. ਆਸ਼ੂ ਤੂਰ ਨੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਨਿਭਾਈ। ਪੀ.ਏ.ਯੂ. ਦੇ ਸਾਬਕਾ ਵਿਦਿਆਰਥੀ ਅਤੇ ਪ੍ਰਸਿੱਧ ਗਾਇਕ ਗੁਰਵਿੰਦਰ ਬਰਾੜ ਨੂੰ ਇਕ ਫੁਲਕਾਰੀ ਅਤੇ ਸਨਮਾਨ ਚਿੰਨ ਨਾਲ ਨਿਵਾਜ਼ਿਆ ਗਿਆ। ਇਸ ਮੌਕੇ ਪੀ.ਏ.ਯੂ. ਦੇ ਸੰਚਾਰ ਕੇਂਦਰ ਵੱਲੋਂ ਨਵੇਂ ਅਤੇ ਪੁਰਾਤਨ ਪੰਜਾਬ ਦੀ ਪ੍ਰਤਿਭਾ ਬਾਰੇ ਤਿਆਰ ਕੀਤੀ ਕੌਫੀ ਟੇਬਲ ਬੁੱਕ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਅਤੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਮਾਣਯੋਗ ਖੇਤੀਬਾੜੀ ਮੰਤਰੀ ਨੂੰ ਭੇਂਟ ਕੀਤੀ।