- ਪੂਰੇ ਅਕਤੂਬਰ ਮਹੀਨੇ ਚੱਲੀਆਂ ਨਸ਼ਾ ਵਿਰੋਧੀ ਗਤੀਵਿਧੀਆਂ-ਸੀ.ਜੇ.ਐਮ. ਅਮਰੀਸ਼ ਕੁਮਾਰ
ਮੋਗਾ, 31 ਅਕਤੂਬਰ : ਮਾਨਯੋਗ ਮਿਸਟਰ ਜਸਟਿਸ ਗੁਰਮੀਤ ਸਿੰਘ ਸੰਧਾਵਾਲੀਆ ਜੱਜ, ਪੰਜਾਬ ਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਅਤੇ ਕਾਰਜਕਾਰੀ ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਸ਼੍ਰੀ ਮਨਜਿੰਦਰ ਸਿੰਘ ਮਾਨਯੋਗ ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐੱਸ.ਏ.ਐੱਸ ਨਗਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਹੀਨਾ ਅਕਤੂਬਰ, 2023 ਦੌਰਾਨ ਪੂਰੇ ਪੰਜਾਬ ਵਿੱਚ ''ਪੰਜਾਬ ਅਗੇਂਸਟ ਡਰੱਗ ਐਡੀਕਸ਼ਨ'' ਮੁਹਿੰਮ ਚਲਾਈ ਗਈ। ਸ਼੍ਰੀ ਅਤੁਲ ਕਸਾਨਾ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਦੀ ਅਗਵਾਈ ਹੇਠ ਸ਼੍ਰੀ ਅਮਰੀਸ਼ ਕੁਮਾਰ ਸੀ.ਜੇ.ਐੱਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਵੱਲੋਂ ਅੱਜ ਮਿਤੀ 31 ਅਕਤੂਬਰ ਨੂੰ ਦੇਸ਼ ਭਗਤ ਫਾਊਂਡੇਸ਼ਨ ਗਰੁੱਪ ਆਫ ਇੰਸਟੀਟਿਊਸ਼ਨਜ਼ ਮੋਗਾ ਵਿਖੇ ''ਪੰਜਾਬ ਅਗੇਂਸਟ ਡਰੱਗ ਐਡੀਕਸ਼ਨ'' ਅਧੀਨ ਸੈਮੀਨਾਰ ਦਾ ਆਯੋਜਨ ਕਰਕੇ ਮੁਹਿੰਮ ਨੂੰ ਸਫ਼ਲਤਾਪੂਰਵਕ ਸੰਪੰਨ ਕੀਤਾ ਗਿਆ। ਸ਼੍ਰੀ ਅਮਰੀਸ਼ ਕੁਮਾਰ ਸੀ.ਜੇ.ਐੱਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਅਪੀਲ ਕੀਤੀ ਕਿ ਸਾਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਕਿਉਂਕਿ ਨਸ਼ੇ ਕਰਨ ਨਾਲ ਸਿਰਫ਼ ਇਕ ਵਿਅਕਤੀ ਦੀ ਜਿੰਦਗੀ ਹੀ ਬਰਬਾਦ ਨਹੀਂ ਹੁੰਦੀ ਬਲਕਿ ਸਾਰਾ ਪਰਿਵਾਰ ਹੀ ਉਜੜ ਜਾਂਦਾ ਹੈ ਅਤੇ ਸਮਾਜ ਤੇ ਵੀ ਇਸਦਾ ਮਾੜਾ ਪ੍ਰਭਾਵ ਪੈਂਦਾ ਹੈ। ਉਨ੍ਹਾਂ ਅੱਗੇ ਅਪੀਲ ਕੀਤੀ ਕਿ ਸਾਨੂੰ ਨਸ਼ਾ ਕਰਨ ਤੋਂ ਬਚਣਾ ਚਾਹੀਦਾ ਹੈ ਅਤੇ ਜੇਕਰ ਕੋਈ ਨਸ਼ਾ ਕਰ ਰਿਹਾ ਹੈ ਤਾਂ ਉਸਨੂੰ ਡੀ ਐਡੀਕਸ਼ਨ ਸੈਂਟਰ ਬਾਰੇ ਦੱਸਿਆ ਜਾਵੇ ਅਤੇ ਨਸ਼ਾ ਵੇਚਣ ਵਾਲਿਆਂ ਖਿਲਾਫ ਪੁਲਿਸ ਨੂੰ ਜਾਰੀ ਕੀਤੇ ਹੋਏ ਟੋਲ ਫਰੀ ਨੰਬਰ 75270-00165 ਉਪਰ ਜਾਣਕਾਰੀ ਦਿੱਤੀ ਜਾਵੇ, ਸ਼ਿਕਾਇਤ ਕਰਨ ਵਾਲੇ ਦੀ ਜਾਣਕਾਰੀ ਗੁਪਤ ਰੱਖੀ ਜਾਵੇਗੀ। ਇਸ ਤੋਂ ਇਲਾਵਾ ਏ.ਐੱਸ.ਆਈ ਕੇਵਲ ਸਿੰਘ ਨੇ ਦੱਸਿਆ ਕਿ ਪੰਜਾਬ ਵਿਚ ਨਸ਼ੇ ਬਹੁਤ ਵਧ ਚੁੱਕੇ ਹਨ ਜੇਕਰ ਇਨ੍ਹਾਂ ਨੂੰ ਨਾ ਰੋਕਿਆ ਗਿਆ ਤਾਂ ਇਹ ਆਉਣ ਵਾਲੀ ਪੀੜੀ ਲਈ ਬਹੁਤ ਹੀ ਘਾਤਕ ਸਿੱਧ ਹੋਣਗੇ। ਇਸ ਮੌਕੇ ਤੇ ਪੂਜਾ ਰਿਸ਼ੀ ਕਾਊਂਸਲਰ ਨੇ ਦੱਸਿਆ ਕਿ ਜੇਕਰ ਕੋਈ ਨਸ਼ੇ ਦਾ ਆਦੀ ਹੋ ਚੁੱਕਿਆ ਹੈ ਉਸਦਾ ਨਸ਼ਾ ਛੁਡਾਉਣ ਲਈ ਜ਼ਿਲ੍ਹਾ ਮੋਗਾ ਵਿਖੇ 18 ਨਸ਼ਾ ਛੁਡਾਊ ਕੇਂਦਰ (ਓਟ ਸੈਂਟਰ) ਖੋਲੇ ਗਏ ਹਨ ਜਿਥੇ ਮੁਫ਼ਤ ਦਵਾਈ ਮੁਹੱਈਆ ਕਰਵਾਈ ਜਾਂਦੀ ਹੈ। ਇਸ ਮੌਕੇ ਤੇ ਦੇਸ਼ ਭਗਤ ਫਾਊਂਡੇਸ਼ਨ ਗਰੁੱਪ ਆਫ ਇੰਸਟੀਟਿਊਸ਼ਨਜ਼ ਮੋਗਾ ਦੇ ਪ੍ਰੈਜ਼ੀਡੈਂਟ ਅਸ਼ੋਕ ਗੁਪਤਾ, ਡਾਇਰੈਕਟਰ ਗੌਰਵ ਗੁਪਤਾ, ਦਵਿੰਦਰਪਾਲ ਸਿੰਘ ਰਿੰਪੀ ਤੇ ਹੋਰ ਸਟਾਫ ਮੈਂਬਰ ਵੀ ਮੌਜੂਦ ਸਨ। ਜਿਕਰਯੋਗ ਹੈ ਕਿ ਇਹ ਮੁਹਿੰਮ 1 ਅਕਤੂਬਰ ਤੋਂ ਲੈ ਕੇ 31 ਅਕਤੂਬਰ 2023 ਤੱਕ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ/ਸ਼ਹਿਰਾਂ ਵਿੱਚ ਚਲਾਈ ਗਈ। ਇਸ ਦੌਰਾਨ ਸਿਹਤ ਸਿੱਖਿਆ ਅਤੇ ਪੁਲਿਸ ਵਿਭਾਗ ਦੇ ਸਹਿਯੋਗ ਨਾਲ ਰੈਲੀਆਂ, ਵਰਕਸ਼ਾਪ ਅਤੇ ਸੈਮੀਨਾਰਾਂ ਦਾ ਆਯੋਜਨ ਕੀਤਾ ਗਿਆ। ਸਕੂਲਾਂ ਅਤੇ ਕਾਲਜਾਂ ਵਿੱਚ ਡੈਕਲਾਮੇਸ਼ਨ, ਪੋਸਟਰ ਮੇਕਿੰਗ, ਚਾਰਟ ਮੇਕਿੰਗ ਕੁਇਜ਼ ਤੇ ਡਿਬੇਟ ਪ੍ਰੋਗਰਾਮ ਆਦਿ ਮੁਕਾਬਲੇ ਕਰਵਾਏ ਗਏ। ਇਸ ਤੋਂ ਇਲਾਵਾ ਇਸ ਮੁਹਿੰਮ ਅਧੀਨ ਨਸ਼ੇ ਦੇ ਬੁਰੇ ਪ੍ਰਭਾਵਾਂ ਨੂੰ ਉਜਾਗਰ ਕਰਦੇ ਨੁੱਕੜ ਨਾਟਕਾਂ ਦਾ ਵੀ ਆਯੋਜਨ ਕੀਤਾ ਗਿਆ।