ਮਾਛੀਵਾੜਾ, 20 ਨਵੰਬਰ 2024 : ਰੋਪੜ ਤੋ ਲੁਧਿਆਣਾ ਰੋੜ ਤੇ ਸਰਹੰਦ ਨਹਿਰ ਦੇ ਕਿਨਾਰੇ ਪਿੰਡ ਝਾੜ ਸਾਹਿਬ ਵਿਖੇ ਦੋ ਮਾਸੀ ਦੇ ਮੁੰਡਿਆ ਵਿੱਚਕਾਰ ਤਕਰਾਰਵਾਜੀ ਸ਼ੁਰੂ ਹੋ ਗਈ ਜਿਸ ਨੇ ਖੂਨੀ ਝੜਪ ਦਾ ਰੂਪ ਲੈ ਲਿਆ। ਇਸ ਖੂਨੀ ਝੜਪ ਵਿੱਚ ਰਸ਼ਪਾਲ (52) ਦੀ ਮੌਤ ਹੋ ਗਈ, ਜਦ ਕਿ ਚਮਕੌਰ ਸਿੰਘ ਜ਼ਖਮੀ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਰਾਤ ਕਰੀਬ 12.50 ਵਜੇ ਮਾਛੀਵਾੜਾ ਪੁਲਿਸ ਥਾਣਾ ਨੂੰ ਕਾਲ ਆਈ ਕਿ ਝਾੜ ਸਾਹਿਬ ਨੇੜੇ ਖੂਨੀ ਝੜਪ ਹੋਈ ਹੈ। ਉਨ੍ਹਾਂ ਦੱਸਿਆ ਕਿ ਰਛਪਾਲ ਸਿੰਘ ਵਾਸੀ ਗੁਮਾਣਪੁਰ, ਹਲਕਾ ਮਜੀਠਾ ਜੋ ਕਿ ਆਪਣਾ ਟਰੱਕ ਲੈ ਕੇ ਲੁਧਿਆਣਾ ਤੋਂ ਬੱਦੀ ਵੱਲ ਨੂੰ ਜਾ ਰਿਹਾ ਸੀ ਜਦਕਿ ਚਮਕੌਰ ਸਿੰਘ ਬੱਦੀ ਤੋਂ ਲੁਧਿਆਣਾ ਵੱਲ ਨੂੰ ਜਾ ਰਿਹਾ ਸੀ। ਇਹ ਦੋਵੇਂ ਝਾੜ ਸਾਹਿਬ ਵਿਖੇ ਆਪਸ ਵਿਚ ਇੱਕ ਦੂਜੇ ਨੂੰ ਮਿਲ ਪਏ ਅਤੇ ਇਨ੍ਹਾਂ ਦਾ ਪਹਿਲਾਂ ਵੀ ਆਪਸ ਵਿਚ ਪਰਿਵਾਰਕ ਕਲੇਸ਼ ਚੱਲਿਆ ਆ ਰਿਹਾ ਹੈ ਜੋ ਕਿ ਰਿਸ਼ਤੇ ਵਿਚ ਮਸੇਰੇ ਭਰਾ ਹਨ। ਇੱਥੇ ਦੋਵੇਂ ਨੇ ਇੱਕ ਦੂਜੇ ਉੱਪਰ ਦਾਅ ਤੇ ਕਿਰਪਾਨ ਨਾਲ ਹਮਲਾ ਕਰ ਦਿੱਤਾ ਅਤੇ ਦੋਵਾਂ ਦੀ ਸੜਕ ਵਿਚਕਾਰ ਖੂਨੀ ਝੜਪ ਹੋਈ। ਚਮਕੌਰ ਸਿੰਘ ਨੇ ਰਛਪਾਲ ਸਿੰਘ ਦੀ ਗਰਦਨ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਉਸਦੀ ਜਾਨ ਚਲੀ ਗਈ ਜਦਕਿ ਇਸ ਲੜਾਈ ਵਿਚ ਚਮਕੌਰ ਸਾਹਿਬ ਖੁਦ ਵੀ ਬੁਰੀ ਤਰ੍ਹਾਂ ਜਖ਼ਮੀ ਹੋ ਗਿਆ। ਡੀਐੱਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਮੌਕੇ ’ਤੇ ਥਾਣਾ ਮੁਖੀ ਪਵਿੱਤਰ ਸਿੰਘ, ਚੌਂਕੀ ਇੰਚਾਰਜ਼ ਸੁਖਵਿੰਦਰ ਸਿੰਘ ਤੇ ਪੁਲਿਸ ਪਾਰਟੀ ਪੁੱਜ ਗਈ ਜਿਨ੍ਹਾਂ ਦੇਖਿਆ ਕਿ ਸੜਕ ਕਿਨਾਰੇ ਰਛਪਾਲ ਸਿੰਘ ਖੂਨ ਨਾਲ ਲੱਥਪਥ ਪਿਆ ਸੀ ਤੇ ਉਸਦੀ ਮੌਤ ਹੋ ਚੁੱਕੀ ਸੀ ਜਦਕਿ ਚਮਕੌਰ ਸਿੰਘ ਨੇੜੇ ਹੀ ਜਖ਼ਮੀ ਹਾਲਤ ਵਿਚ ਪਿਆ ਸੀ। ਪੁਲਿਸ ਵਲੋਂ ਰਛਪਾਲ ਸਿੰਘ ਦੀ ਲਾਸ਼ ਨੂੰ ਕਬਜ਼ੇ ’ਚ ਕਰ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ ਅਤੇ ਉਸਦੇ ਵਾਰਿਸਾਂ ਨੂੰ ਸੂਚਿਤ ਕਰ ਦਿੱਤਾ ਹੈ ਜਦਕਿ ਚਮਕੌਰ ਸਿੰਘ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਹੈ। ਡੀਐੱਸਪੀ ਨੇ ਦੱਸਿਆ ਕਿ ਇਸ ਮਾਮਲੇ ’ਚ ਮੁਲਜ਼ਮ ਚਮਕੌਰ ਸਿੰਘ ਖਿਲਾਫ਼ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ’ਤੇ ਕਤਲ ਦਾ ਮਾਮਲਾ ਦਰਜ ਕੀਤਾ ਜਾਵੇਗਾ।