- ਪੰਜਾਬ ਸਰਕਾਰ ਵੱਲੋਂ ਝਾਕੀਆਂ ਨੂੰ ਪੰਜਾਬ ਵਾਸੀਆਂ ਨੂੰ ਦਿਖਾਉਣ ਦਾ ਉਪਰਾਲਾ ਸ਼ਲਾਘਾਯੋਗ
ਕੋਟਕਪੂਰਾ 17 ਫਰਵਰੀ : ਪੰਜਾਬ ਸਰਕਾਰ ਦੀਆਂ 26 ਜਨਵਰੀ 2024 ਨੂੰ ਗਣਤੰਤਰ ਦਿਵਸ ਵਿੱਚ ਕੇਂਦਰ ਸਰਕਾਰ ਵੱਲੋਂ ਸ਼ਾਮਿਲ ਨਾ ਕਰਨ ਵਾਲੀਆਂ ਝਾਕੀਆਂ ਦਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਦੇ ਪਿੰਡ ਸੰਧਵਾਂ ਵਿਖੇ ਪਹੁੰਚਣ ਤੇ ਸਪੀਕਰ ਸੰਧਵਾਂ ਅਤੇ ਪਿੰਡ ਵਾਸੀਆਂ ਵੱਲੋਂ ਬੜੇ ਉਤਸ਼ਾਹ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ ਇਨ੍ਹਾਂ ਝਾਕੀਆਂ ਨੂੰ ਸੂਬੇ ਦੇ ਕੋਨੇ-ਕੋਨੇ ਵਿੱਚ ਦਿਖਾਉਣ ਦਾ ਐਲਾਨ ਕੀਤਾ ਗਿਆ ਹੈ। ਇਹ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਸਰਕਾਰ ਦਾ ਨਿਵੇਕਲਾ ਉਪਰਾਲਾ ਹੈ। । ਇਹ ਝਾਕੀਆਂ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ ਦਿੱਲੀ ਵੀ ਭੇਜੀਆਂ ਗਈਆਂ ਸਨ। ਇਨ੍ਹਾਂ ਝਾਕੀਆਂ ਨੂੰ ਦਿਖਾਉਣ ਦਾ ਮੁੱਖ ਮੰਤਵ ਇਹੀ ਹੈ ਕਿ ਦੇਸ਼ ਵਾਸੀਆਂ ਨੂੰ ਪੰਜਾਬੀਆਂ ਦੀਆਂ ਕੁਰਬਾਨੀਆਂ ਬਾਰੇ ਪੰਜਾਬ ਦੇ ਇਤਿਹਾਸ ਬਾਰੇ ਪਤਾ ਲੱਗ ਸਕੇ। ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਦੱਸਿਆ ਕਿ ਸਾਡੀ ਪੰਜਾਬ ਦੀ ਸੰਸਕ੍ਰਿਤੀ,ਕਲਾ, ਪੰਜਾਬ ਦਾ ਗੌਰਵਮਈ ਇਤਿਹਾਸ, ਆਜਾਦੀ ਦੀ ਲੜ੍ਹਾਈ ਵਿਚ ਸ਼ਹੀਦ ਏ ਆਜਮ ਸ. ਭਗਤ ਸਿੰਘ, ਸ. ਕਰਤਾਰ ਸਿੰਘ ਸਰਾਭਾ, ਦੀਵਾਨ ਸਿੰਘ ਕਾਲੇਪਾਣੀ ਹੋਰ ਵੀ ਬਹੁਤ ਸਾਰੀਆਂ ਕੁਰਬਾਨੀਆਂ ਪੰਜਾਬੀਆਂ ਵੋੱਲੋਂ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਇੰਝ ਜਾਪਦਾ ਹੈ ਜਿਵੇਂ ਕੇਂਦਰ ਸਰਕਾਰ ਪੰਜਾਬ ਦੇ ਇਤਿਹਾਸ ਨੂੰ ਅੱਖੋਂ-ਪਰੋਖੇ ਕਰ ਰਹੀ ਹੈ। ਭਾਰਤ ਸਾਡਾ ਗੁਲਦਸਤਾ ਹੈ, ਅਨੇਕਤਾ ਵਿਚ ਏਕਤਾ ਸਾਡੀ ਇਕ ਖਾਸੀਅਤ ਹੈ। ਉਸ ਏਕਤਾ ਨੂੰ ਬਣਾ ਕੇ ਰੱਖਣਾ ਚਾਹੀਦਾ ਹੈ। ਪੰਜਾਬ ਸਰਕਾਰ ਦੀਆਂ ਐਨੀਆਂ ਸੋਹਣੀਆਂ ਝਾਕੀਆਂ ਨੂੰ ਦਿਖਾਉਣ ਤੋਂ ਕੇਂਦਰ ਸਰਕਾਰ ਨੇ ਇਨਕਾਰ ਕੀਤਾ, ਇਹ ਬਹੁਤ ਹੀ ਅਫਸੋਸਜਨਕ ਹੈ। ਉਨ੍ਹਾਂ ਕਿਹ ਕਿ ਕੋਈ ਵੀ ਦੇਸ਼ਵਾਸੀ ਜਾਂ ਪੰਜਾਬੀ ਦੇਸ਼ ਨੂੰ ਪਿਆਰ ਕਰਨ ਵਾਲਾ ਚਾਹੇ ਉਹ ਕਿਸੇ ਵੀ ਸੂਬੇ ਵਿਚ ਰਹਿ ਰਿਹਾ ਹੋਵੇ ਉਹ ਪੰਜਾਬ ਨੂੰ ਕਦੇ ਵੀ ਅੱਖੋਂ-ਪਰੋਖੇ ਨਹੀਂ ਕਰ ਸਕਦਾ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਦੀਆਂ ਝਾਕੀਆਂ ਸਾਡੇ ਬੱਚਿਆਂ ਅਤੇ ਨੌਜਵਾਨ ਪੀੜ੍ਹੀ ਨੂੰ ਪੰਜਾਬ ਦੀ ਅਮੀਰ ਵਿਰਾਸਤ ਅਤੇ ਸੁਤੰਤਰਤਾ ਸੰਗਰਾਮ ਵਿੱਚ ਪੰਜਾਬੀਆਂ ਦੀ ਭੂਮਿਕਾ ਦੇ ਬਾਰੇ ਜਾਣਕਰੀ ਪ੍ਰਦਾਨ ਕਰਦਾ ਹੈ। ਇਨ੍ਹਾਂ ਝਾਕੀਆਂ ਦਾ ਸਕੂਲੀ ਬੱਚਿਆਂ, ਸਕੂਲਾਂ ਦੇ ਅਧਿਆਪਕਾਂ ਅਤੇ ਪਿੰਡ ਵਾਸੀਆਂ ਨੇ ਬੜੇ ਹੀ ਉਤਸ਼ਾਹ ਨਾਲ ਦੇਖਿਆ। ਇਸ ਮੌਕੇ ਉਨ੍ਹਾਂ ਆਪਣੇ ਕੀਮਤੀ ਸਮੇਂ ਵਿਚੋਂ ਸਮਾਂ ਕੱਢਦੇ ਹੋਏ ਕੁਝ ਸਮਾਂ ਸਕੂਲੀ ਬੱਚਿਆਂ ਨਾਲ ਵੀ ਬਿਤਾਇਆ ਅਤੇ ਬੱਚਿਆਂ ਵੱਲੋਂ ਸੁਣਾਈ ਗਈ ਕਵਿਤਾ ਸੁਣੀ।