ਐਸ.ਡੀ.ਐਮ ਸੂਬਾ ਸਿੰਘ ਨੇ ਕਈ ਪਿੰਡਾਂ ਵਿੱਚ ਕੀਤਾ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਬਾਰੇ ਜਾਗਰੂਕ 

  • ਪਰਾਲੀ ਨੂੰ ਸਾੜਨ ਦੀ ਥਾਂ ਤੇ ਯੋਗ ਪ੍ਰਬੰਧਨ ਦੇ ਤਰੀਕਿਆ ਬਾਰੇ ਕਰਵਾਇਆ ਜਾਣੂ 
  • ਸੁਪਰ ਐਸਐਮਐਸ ਤੋਂ ਬਿਨਾਂ ਕੰਬਾਈਨਾਂ ਨਾ ਚਲਾਈਆਂ ਜਾਣ- ਸੂਬਾ ਸਿੰਘ 

ਲਹਿਰਾਗਾਗਾ, 4 ਨਵੰਬਰ 2024 : ਸਬ ਡਵੀਜ਼ਨ ਲਹਿਰਾਗਾਗਾ ਦੇ ਐਸ.ਡੀ.ਐਮ ਸੂਬਾ ਸਿੰਘ ਨੇ ਅੱਜ ਵੀ ਕਈ ਪਿੰਡਾਂ ਦਾ ਦੌਰਾ ਕਰਕੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨਾ ਸਾੜਨ ਦਾ ਸੁਨੇਹਾ ਦਿੱਤਾ। ਉਹਨਾਂ ਕਿਹਾ ਕਿ ਪਰਾਲੀ ਸਾੜਨ ਨਾਲ ਵਾਤਾਵਰਨ ਨੂੰ ਭਾਰੀ ਨੁਕਸਾਨ ਪੁੱਜ ਰਿਹਾ ਹੈ ਜਿਸ ਦਾ ਖਮਿਆਜ਼ਾ ਨਾ ਕੇਵਲ ਸਾਨੂੰ ਬਲਕਿ ਆਉਣ ਵਾਲੀਆਂ ਪੀੜੀਆਂ ਨੂੰ ਵੀ ਭੁਗਤਣਾ ਪਵੇਗਾ। ਐਸ.ਡੀ.ਐਮ ਸੂਬਾ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਵਾਰ ਬਹੁਤ ਵੱਡੀ ਗਿਣਤੀ ਵਿੱਚ ਖੇਤੀ ਮਸ਼ੀਨਰੀ ਮੁਹਈਆ ਕਰਵਾਈ ਗਈ ਹੈ ਜਿਸ ਦਾ ਫਾਇਦਾ ਲੈ ਕੇ ਕਿਸਾਨ ਝੋਨੇ ਦੀ ਪਰਾਲੀ ਦਾ ਯੋਗ ਪ੍ਰਬੰਧਨ ਕਰ ਸਕਦੇ ਹਨ। ਉਹਨਾਂ ਕਿਹਾ ਕਿ ਸਬ ਡਵੀਜ਼ਨ ਵਿੱਚ ਨੋਡਲ ਅਫਸਰਾਂ ਦੀ ਤਾਇਨਾਤੀ ਕੀਤੀ ਗਈ ਹੈ ਜਿਹੜੇ ਕਿ ਕਿਸਾਨਾਂ ਨੂੰ ਸਬਸਿਡੀ ਵਾਲੇ ਮਸ਼ੀਨਰੀ ਦੇਣ ਲਈ ਪ੍ਰਸ਼ਾਸਨ ਅਤੇ ਕਿਸਾਨਾਂ ਵਿਚਾਲੇ ਪੁਲ ਦਾ ਕੰਮ ਕਰ ਰਹੇ ਹਨ। ਐਸ.ਡੀ.ਐਮ ਸੂਬਾ ਸਿੰਘ ਨੇ ਪੁਲਿਸ, ਖੇਤੀਬਾੜੀ ਅਤੇ ਸਹਿਕਾਰਤਾ ਵਿਭਾਗ ਦੇ ਅਧਿਕਾਰੀਆਂ ਸਮੇਤ ਪਿੰਡ ਲਹਿਲ ਖੁਰਦ, ਲਹਿਲ ਕਲਾਂ, ਬਲਰਾਂ, ਭੂਟਾਲ ਕਲਾਂ, ਝਲੂਰ, ਕਾਲ ਬੰਜਾਰਾ ਆਦਿ ਦਾ ਦੌਰਾ ਕੀਤਾ ਅਤੇ ਖੇਤਾਂ ਵਿੱਚ ਕੰਮ ਕਰ ਰਹੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਦੇ ਤਰੀਕਿਆਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਬਿਨਾਂ ਸੁਪਰ ਐਸ.ਐਮ.ਐਸ ਤੋਂ ਕੰਬਾਈਨਾਂ ਦੀ ਵਰਤੋਂ ਬਿਲਕੁਲ ਨਾ ਕੀਤੀ ਜਾਵੇ ਅਤੇ ਜੇਕਰ ਸਬ ਡਵੀਜ਼ਨ ਵਿੱਚ ਅਜਿਹੀ ਕੋਈ ਕੰਬਾਈਨ ਚਲਦੀ ਪਾਈ ਜਾਵੇਗੀ ਤਾਂ ਸੰਬੰਧਿਤ ਵਿਅਕਤੀ ਖਿਲਾਫ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।