- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਚਾਕੀ ਮੱਲ ਸਿੰਘ ਦੇ ਕਮਰਿਆਂ ਲਈ 2 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਕੀਤਾ ਐਲਾਨ
ਫ਼ਰੀਦਕੋਟ 18 ਦਸੰਬਰ : ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਵਿਸ਼ੇਸ਼ ਤਰਜੀਹ ਦੇ ਰਹੀ ਹੈ ਤਾਂ ਜੋ ਪੰਜਾਬ ਦਾ ਹਰੇਕ ਬੱਚਾ ਪੜ੍ਹ ਲਿਖ ਕੇ ਚੰਗੀ ਨੌਕਰੀ ਹਾਸਲ ਕਰਕੇ ਆਪਣੇ ਮਾਤਾ ਪਿਤਾ ਅਤੇ ਰਾਜ ਦਾ ਨਾਮ ਉੱਚਾ ਕਰ ਸਕੇ। ਇਹ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਚਾਕੀ ਮੱਲ ਸਿੰਘ ਵਿਖੇ ਮੈਰਿਟ ਵਿੱਚ ਆਉਣ ਵਾਲੇ 12 ਬੱਚਿਆਂ ਨੂੰ 31000-31000 ਰੁਪਏ ਦੇ ਚੈਕ ਦੇ ਕੇ ਸਨਮਾਨਿਤ ਕਰਨ ਮੌਕੇ ਕੀਤਾ। ਉਨ੍ਹਾਂ ਨੇ ਸਕੂਲ ਦੇ ਕਮਰਿਆਂ ਲਈ 2 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਵੀ ਐਲਾਨ ਕੀਤਾ। ਇਸ ਮੌਕੇ ਸ.ਪ੍ਰੀਤਮ ਸਿੰਘ ਸਰਪੰਚ ਮਚਾਕੀ ਮੱਲ ਸਿੰਘ ਵੱਲੋਂ ਬਾਰਵੀਂ ਜਮਾਤ ਵਿੱਚੋਂ ਇਸ ਸਕੂਲ ਦੀ ਵਿਦਿਆਰਥਣ ਜੈਸਮੀਨ ਨੂੰ 11,000 ਰੁਪਏ ਦਾ ਚੈਕ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਵਿਦਿਆਰਥੀਆਂ ਦੇ ਰੂ-ਬ-ਰੂ ਹੁੰਦਿਆਂ ਸਪੀਕਰ ਸੰਧਵਾਂ ਨੇ ਕਿਹਾ ਕਿ ਸਾਰੇ ਬੱਚੇ ਸਖਤ ਮਿਹਨਤ ਕਰਨ ਤਾਂ ਜੋ ਅੱਗੇ ਜਾ ਕੇ ਉੱਚੇ ਅਹੁਦਿਆਂ ਤੇ ਬਿਰਾਜਮਾਨ ਹੋ ਸਕਣ ਅਤੇ ਚੰਗੇ ਸਮਾਜ ਦੀ ਸਿਰਜਣਾ ਹੋ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਉਹਨਾਂ ਦੀ ਹਰ ਸੰਭਵ ਮਦਦ ਕਰਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਆਪਣੇ ਟੀਚੇ ਨਿਰਧਾਰਿਤ ਕਰਕੇ ਮੰਜਿਲ ਤੱਕ ਪਹੁੰਚਣ ਲਈ ਨਿਰੰਤਰ ਮਿਹਨਤ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਮਚਾਕੀ ਮੱਲ ਸਿੰਘ ਨੂੰ ਪਿਛਲੇ ਸਮੇਂ ਵਿੱਚ 5 ਲੱਖ 77 ਹਜ਼ਾਰ 290 ਰੁਪਏ ਦੀ ਗਰਾਂਟ ਦਿੱਤੀ ਜਾ ਚੁੱਕੀ ਹੈ ਤੇ ਭਵਿੱਖ ਵਿੱਚ ਜੋ ਵੀ ਸਕੂਲ ਦੀ ਮੰਗ ਹੋਵੇਗੀ ਉਹ ਪੂਰੀ ਕੀਤੀ ਜਾਏਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਨੂੰ ਵਿਸ਼ੇਸ਼ ਤਰਜੀਹ ਦੇ ਰਹੀ ਹੈ। ਜਿਸ ਲਈ ਸਕੂਲ ਆਫ ਐਮੀਨੈਂਸ ਵੀ ਬਣਾਏ ਜਾ ਰਹੇ ਹਨ ਅਤੇ ਸਕੂਲਾਂ ਨੂੰ ਹਰ ਤਰ੍ਹਾਂ ਦੀਆਂ ਜਿਹੜੀਆਂ ਗਰਾਂਟਾਂ ਦੀ ਜਰੂਰਤ ਹੈ ਉਹ ਜਾਰੀ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਿੱਖਿਆ ਦੇ ਪਸਾਰ ਤੇ ਢਾਂਚੇ ਨੂੰ ਮਜਬੂਤ ਕਰਨ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਸਪੀਕਰ ਸੰਧਵਾਂ ਦੇ ਪ੍ਰੋਗਰਾਮ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਸ. ਜਸਬੀਰ ਸਿੰਘ ਜੱਸੀ ਵਲੋਂ ਨਿਭਾਈ ਗਈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ੍ਰੀ ਸੰਜੀਵ ਦੁਆ, ਹਰਦੀਪ ਸਿੰਘ ਹੈਪੀ, ਸਕੂਲ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸ. ਗੁਰਜੀਤ ਸਿੰਘ ਇੰਚਾਰਜ ਮੈਡਮ ਮਨਜਿੰਦਰ ਕੌਰ, ਲਵਕਰਨ ਸਿੰਘ,ਦਲਜੀਤ ਸਿੰਘ ਬੱਬੂ, ਕਰਮਵੀਰ ਸਿੰਘ, ਨਿਰਮਲ ਸਿੰਘ ਫੌਜੀ, ਜਗਸੀਰ ਸਿੰਘ, ਜਸਵੀਰ ਸਿੰਘ, ਰਾਜਵਿੰਦਰ ਸਿੰਘ, ਕੁਲਵੀਰ ਸਿੰਘ ਖਾਲਸਾ, ਜਗਦੇਵ ਸਿੰਘ, ਡੀ.ਈ.ਓ ਦਫਤਰ ਤੋਂ ਨਛੱਤਰ ਸਿੰਘ ਢੈਪਈ, ਦਰਸ਼ਨ ਸਿੰਘ ਅਤੇ ਸਕੂਲ ਦਾ ਸਟਾਫ ਹਾਜ਼ਰ ਸੀ।