- ਪੰਜਾਬ ਦੇ ਰਾਜਪਾਲ ਨੇ ਚੌਥੇ ਐੱਫਏਪੀ ਨੈਸ਼ਨਲ ਅਵਾਰਡ-2024 ’ਚ 576 ਹੋਣਹਾਰ ਅਧਿਆਪਕਾਂ ਵੱਲੋਂ ਪਾਏ ਯੋਗਦਾਨ ਲਈ ਕੀਤਾ ਸਨਮਾਨਿਤ
ਐੱਸਏਐੱਸ ਨਗਰ, 17 ਨਵੰਬਰ 2024 : ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਐਤਵਾਰ ਨੂੰ ਦੋ ਰੋਜ਼ਾ ਚੌਥੇ ਐੱਫਏਪੀ ਨੈਸ਼ਨਲ ਅਵਾਰਡ-2024 ਦੇ ਅੰਤਿਮ ਦੇਸ਼ ਭਰ ਦੇ ਨਿੱਜੀ ਸਕੂਲਾਂ ਦੇ 576 ਅਧਿਆਪਕਾਂ ਨੂੰ ਕੌਮੀ ਪੁਰਸਕਾਰ ਪ੍ਰਦਾਨ ਕੀਤੇ। ਸਮਾਗਮ ਦੀ ਸ਼ੁਰੂਆਤ ਚੰਡੀਗੜ੍ਹ ਦੇ ਪ੍ਰਸ਼ਾਸਕ ਤੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸ਼ਮਾਂ ਰੌਸ਼ਨ ਕਰ ਕੇ ਕੀਤੀ। ਚੰਡੀਗੜ੍ਹ ਯੂਨੀਵਰਸਿਟੀ ’ਚ ਆਯੋਜਿਤ ਇਸ ਇਨਾਮ ਵੰਡ ਸਮਾਗਮ ’ਚ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਤੋਂ ਇਲਾਵਾ, ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਆਫ ਪੰਜਾਬ (ਐੱਫਏਪੀ) ਦੇ ਪ੍ਰਧਾਨ ਜਗਜੀਤ ਸਿੰਘ ਧੂਰੀ ਸਣੇ ਚੰਡੀਗੜ੍ਹ ਯੂਨੀਵਰਸਿਟੀ ਦੇ ਸੀਨੀਅਰ ਡਾਇਰੈਕਟਰ ਦੀਪਇੰਦਰ ਸਿੰਘ ਸੰਧੂ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ . ਵਾਈਸ ਚਾਂਸਲਰ ਦਵਿੰਦਰ ਸਿੰਘ ਸਿੱਧੂ ਸ਼ਾਮਲ ਰਹੇ। ਸੰਸਦ ਮੈਂਬਰ (ਰਾਜ ਸਭਾ) ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਬੀਤੇ ਸ਼ਨੀਵਾਰ ਨੂੰ ਇਸ ਅਵਾਰਡ ਸਮਾਗਮ ਦੇ ਪਹਿਲੇ ਦਿਨ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ ਸੀ। ਰਾਜਪਾਲ ਦੁਆਰਾ ਪ੍ਰਦਾਨ ਕੀਤੇ ਗਏ 576 ਪੁਰਸਕਾਰਾਂ ’ਚ 65 ਪਿ੍ਰੰਸੀਪਲਾਂ ਲਈ ਅਕਾਦਮਿਕ ਅਚੀਵਮੈਂਟ ਪੁਰਸਕਾਰ, 65 ਸਕੂਲ ਲਈ ਅਕਾਦਮਿਕ ਅਚੀਵਮੈਂਟ ਪੁਰਸਕਾਰ, 105 ਸਰਬੋਤਮ ਅਧਿਆਪਕ ਪੁਰਸਕਾਰ, 14 ਲਾਈਫਟਾਈਮ ਅਚੀਵਮੈਂਟ ਅਵਾਰਡ, 18 ਲਾਈਫਟਾਈਮ ਪਿ੍ਰੰਸੀਪਲ ਅਵਾਰਡ, 151 ਐਮਓਸੀ ਚੈਂਪੀਅਨ, 50 ਚੈਂਪੀਅਨ ਤੇ ਹੋਰ ਭਾਗੀਦਾਰੀ ਅਵਾਰਡ, 6 ਭਾਗੀਦਾਰੀ ਅਵਾਰਡ, 51 ਪਿ੍ਰੰਸੀਪਲ ਲਈ ਸੋਸ਼ਲ ਅਚੀਵਮੈਂਟ ਅਵਾਰਡ ਅਤੇ 51 ਸਕੂਲ ਲਈ ਸੋਸ਼ਲ ਅਚੀਵਮੈਂਟ ਅਵਾਰਡ ਸ਼ਾਮਲ ਸਨ। ਇਨ੍ਹਾਂ ਪੁਰਸਕਾਰਾਂ ਦਾ ਉਦੇਸ਼ ਦੇਸ਼ ਦੇ ਨਿੱਜੀ ਸਕੂਲਾਂ ’ਚ ਸਿਖਰਲੇ ਅਧਿਆਪਕਾਂ ਦੇ ਬੇਮਿਸਾਲ ਯੋਗਦਾਨ ਨੂੰ ਉਤਸ਼ਾਹਿਤ ਕਰਕੇ ਮਾਨਤਾ ਦੇਣਾ ਹੈ, ਜਿਨ੍ਹਾਂ ਨੇ ਸਕੂਲੀ ਸਿੱਖਿਆ ਦੀ ਗੁਣਵੱਤਾ ’ਚ ਮਹੱਤਵਪੂਰਨ ਵਾਧਾ ਕੀਤਾ ਹੈ ਅਤੇ ਸਿੱਖਿਆ, ਖੇਡਾਂ ਅਤੇ ਪਾਠਕ੍ਰਮ ਤੋਂ ਇਲਾਵਾ ਹੋਰ ਗਤੀਵਿਧੀਆਂ ’ਚ ਆਪਣੇ ਵਿਦਿਆਰਥੀਆਂ ਦੇ ਜੀਵਨ ਦੇ ਪੱਧਰ ਨੂੰ ਉੱਚਾ ਚੁੱਕਿਆ ਹੈ। ਕੌਮੀ ਪੁਰਸਕਾਰ ਪ੍ਰਾਪਤ ਕਰਨ ਵਾਲੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਚੰਡੀਗੜ੍ਹ ਦੇ ਪ੍ਰਸ਼ਾਸਕ ਤੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ, “ਭਾਰਤ ’ਚ, ਸਿੱਖਿਆ ਦੀ ਮਨੁੱਖੀ ਵਿਕਾਸ ’ਚ ਭੂਮਿਕਾ ਅਹਿਮ ਮੰਨੀ ਗਈ ਹੈ। ਸਾਡੇ ਦੇਸ਼ ’ਚ ਸਿੱਖਿਆ ਮੁੱਖ ਤੌਰ ’ਤੇ ਸਰਕਾਰੀ ਅਤੇ ਨਿੱਜੀ ਸਕੂਲਾਂ ਦੁਆਰਾ ਦਿੱਤੀ ਜਾਂਦੀ ਹੈ। ਇਨ੍ਹਾਂ ’ਚ ਸਰਕਾਰੀ ਸਕੂਲਾਂ ਦੇ ਨਾਲ-ਨਾਲ ਨਿੱਜੀ ਸਕੂਲਾਂ ਦੀ ਭੂਮਿਕਾ ਵੀ ਬਹੁਤ ਅਹਿਮ ਹੈ। ਸਰਕਾਰੀ ਖੇਤਰ ਦੇ ਨਾਲ-ਨਾਲ ਨਿੱਜੀ ਖੇਤਰ ਦੇ ਸਕੂਲਾਂ ਨੇ ਵੀ ਭਾਰਤ ’ਚ ਸਕੂਲੀ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ’ਚ ਅਹਿਮ ਭੂਮਿਕਾ ਨਿਭਾਈ ਹੈ। ਪੰਜਾਬ ’ਚ ਕੁੱਲ 27701 ਸਰਕਾਰੀ ਅਤੇ ਨਿੱਜੀ ਸਕੂਲ ਹਨ, ਜਿਨ੍ਹਾਂ ’ਚੋਂ 7970 ਨਿਜੀ ਸਕੂਲ ਹਨ, ਜੋ ਕਿ 28 ਫੀਸਦੀ ਹਨ। ਇਸ ਸਮੇਂ ਪੰਜਾਬ ਦੇ ਸਰਕਾਰੀ ਅਤੇ ਨਿੱਜੀ ਸਕੂਲਾਂ ’ਚ ਕੁੱਲ 61,47, 500 ਪਵਿਦਿਆਰਥੀ ਪੜ੍ਹਦੇ ਹਨ, ਜਿਨ੍ਹਾਂ ’ਚੋਂ 28,64, 397 ਵਿਦਿਆਰਥੀ ਨਿੱਜੀ ਸਕੂਲਾਂ ’ਚ ਪੜ੍ਹਦੇ ਹਨ। ਹਾਲਾਂਕਿ, ਸਾਨੂੰ ਇਹ ਵੀ ਮੰਨਣਾ ਚਾਹੀਦਾ ਹੈ ਕਿ ਨਿੱਜੀ ਸਕੂਲਾਂ ਦੀਆਂ ਵੱਧ ਫੀਸਾਂ ਸਾਰੇ ਵਰਗਾਂ ਲਈ ਪਹੁੰਚ ਤੋਂ ਬਾਹਰ ਹਨ। ਸਾਨੂੰ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਮਿਆਰੀ ਸਿੱਖਿਆ ਹਰ ਬੱਚੇ ਤੱਕ ਪਹੁੰਚੇ, ਭਾਵੇਂ ਉਹ ਸਰਕਾਰੀ ਸਕੂਲ ਹੋਵੇ ਜਾਂ ਨਿੱਜੀ। ਰਾਜਪਾਲ ਨੇ ਅੱਗੇ ਕਿਹਾ, “ਨਿੱਜੀ ਸਕੂਲ ਭਾਰਤ ਦੀ ਸਿੱਖਿਆ ਪ੍ਰਣਾਲੀ ਦਾ ਅਨਿੱਖੜਵਾਂ ਅੰਗ ਹਨ। ਉਹ ਵਿਦਿਆਰਥੀਆਂ ਨੂੰ ਉੱਚ ਪੱਧਰੀ ਸਿੱਖਿਆ ਪ੍ਰਦਾਨ ਕਰ ਕੇ ਭਵਿੱਖ ਲਈ ਤਿਆਰ ਕਰਦੇ ਹਨ। ਸਿੱਖਿਆ ਇੱਕ ਅਜਿਹਾ ਹਥਿਆਰ ਹੈ ਜੋ ਕਿਸੇ ਵੀ ਦੇਸ਼ ਦੀ ਤਰੱਕੀ ’ਚ ਯੋਗਦਾਨ ਪਾਉਂਦੀ ਹੈ ਅਤੇ ਸਰਕਾਰੀ ਅਤੇ ਨਿੱਜੀ ਸਕੂਲ ਇਸ ’ਚ ਇੱਕ ਮਜ਼ਬੂਤ ਭੂਮਿਕਾ ਨਿਭਾਉਂਦੇ ਹਨ। ਪੰਜਾਬ ਦੇ ਰਾਜਪਾਲ ਨੇ ਕਿਹਾ, “ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗੁਵਾਈ ਹੇਠ ਭਾਰਤ ਲਈ ਪਿਛਲਾ ਦਹਾਕਾ ਇਤਿਹਾਸਕ ਰਿਹਾ ਹੈ ਅਤੇ ਦੇਸ਼ ਦੇ ਸਿੱਖਿਆ ਅਦਾਰਿਆ ਨੂੰ ਵਿਸ਼ਵ ਪੱਧਰ ’ਤੇ ਪ੍ਰਤੀਯੋਗੀ ਬਣਾਉਣ ਅਤੇ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਸਿੱਖਿਆ ਪ੍ਰਦਾਨ ਕਰਨ ਲਈ ਬਹੁਤ ਸਾਰੇ ਫ਼ੈਸਲੇ ਦਲੇਰੀ ਨਾਲ ਲਏ ਜਾ ਰਹੇ ਹਨ। ਮੋਦੀ ਜੀ ਦੀ ਅਗੁਵਾਈ ਵਾਲੀ ਕੇਂਦਰ ਸਰਕਾਰ ਦੁਆਰਾ ਲਾਗੂ ਕੀਤੀ ਗਈ ਨਵੀਂ ਸਿੱਖਿਆ ਨੀਤੀ ਤਹਿਤ ਖੋਜ ਅਤੇ ਨਵੀਨਤਾ ’ਤੇ ਬਹੁਤ ਜ਼ਿਆਦਾ ਧਿਆਨ ਦੇਣ ਕਾਰਨ ਭਾਰਤ ਨੇ ਗਲੋਬਲ ਇਨੋਵੇਸ਼ਨ ਇੰਡੈਕਸ ’ਚ ਬਹੁਤ ਤਰੱਕੀ ਕੀਤੀ ਹੈ। 2014 ’ਚ, ਭਾਰਤ ਗਲੋਬਲ ਇਨੋਵੇਸ਼ਨ ਇੰਡੈਕਸ ’ਚ 81ਵੇਂ ਸਥਾਨ ’ਤੇ ਸੀ, ਜੋ 2025 ’ਚ 39ਵੇਂ ਸਥਾਨ ’ਤੇ ਪਹੁੰਚ ਜਾਵੇਗਾ।ਉਨ੍ਹਾਂ ਅੱਗੇ ਕਿਹਾ, “ਇਸ ਸਮੇਂ ਦੌਰਾਨ, ਦਾਖਲ ਕੀਤੇ ਗਏ ਪੇਟੈਂਟਾਂ ਦੀ ਗਿਣਤੀ ’ਚ 31 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ ਅਤੇ 2023 ’ਚ 83,000 ਦੇ ਅੰਕੜੇ ਨੂੰ ਛੂਹ ਗਿਆ ਹੈ। ਭਾਰਤ ਪਿਛਲੇ 5 ਸਾਲਾਂ ’ਚ 1.3 ਮਿਲੀਅਨ ਅਕਾਦਮਿਕ ਖੋਜ ਪ੍ਰਕਾਸ਼ਨਾਂ ਨਾਲ 2023 ’ਚ ਵਿਸ਼ਵ ਪੱਧਰ ’ਤੇ ਚੌਥੇ ਸਥਾਨ ’ਤੇ ਪਹੁੰਚ ਗਿਆ ਸੀ। ਪ੍ਰਧਾਨ ਮੰਤਰੀ ਦੀ ਅਗਵਾਈ ’ਚ ਸਰਕਾਰ ਦੁਆਰਾ ਲਏ ਗਏ ਦੂਰਅੰਦੇਸ਼ੀ ਫੈਸਲਿਆਂ ਜਿਵੇਂ ਕਿ ਸੰਸਥਾਵਾਂ ਲਈ ਪੇਟੈਂਟ ਐਪਲੀਕੇਸ਼ਨ ਫੀਸ ’ਚ 80 ਪ੍ਰਤੀਸ਼ਤ ਦੀ ਕਟੌਤੀ ਕਾਰਨ ਗਲੋਬਲ ਇਨੋਵੇਸ਼ਨ ਇੰਡੈਕਸ ’ਚ ਭਾਰਤ ਦੀ ਰੈਂਕਿੰਗ ’ਚ ਮਹੱਤਵਪੂਰਨ ਵਾਧਾ ਹੋਇਆ ਹੈ। 2014 ’ਚ ਸਿੱਖਿਆ ਖੇਤਰ ਲਈ ਸਿਰਫ਼ 79 ਹਜ਼ਾਰ 451 ਕਰੋੜ ਰੁਪਏ ਅਲਾਟ ਕੀਤੇ ਗਏ ਸਨ, ਪਰ 2024-25 ’ਚ ਪ੍ਰਧਾਨ ਮੰਤਰੀ ਮੋਦੀ ਦੀ ਅਗੁਵਾਈ ਹੇਠ ਕੇਂਦਰ ਸਰਕਾਰ ਨੇ ਇੱਕ ਲੱਖ 25 ਹਜ਼ਾਰ 600 ਰੁਪਏ ਦਾ ਬੇਮਿਸਾਲ ਬਜਟ ਅਲਾਟ ਕੀਤਾ ਹੈ। ਜੋ ਕਿ ਆਜ਼ਾਦ ਭਾਰਤ ਦੇ ਇਤਿਹਾਸ ’ਚ ਹੁਣ ਤੱਕ ਦਾ ਸਭ ਤੋਂ ਵੱਧ ਹੈ। “ਸਿੱਖਿਆ ਲਈ ਸਭ ਅਤੇ ਸਭ ਲਈ ਸਿੱਖਿਆ” ਲਈ ਏਕਤਾ ਦੀ ਅਪੀਲ ਕਰਦਿਆਂ, ਰਾਜਪਾਲ ਨੇ ਕਿਹਾ ਕਿ ਇਸ ਦਿਸ਼ਾ ’ਚ ਇੱਕ ਕਦਮ ਅੱਗੇ ਵਧਾਉਂਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਦੋ ਦਿਨ ਪਹਿਲਾਂ ਰਾਸ਼ਟਰੀ ਆਦਿਵਾਸੀ ਗੌਰਵ ਦਿਵਸ ਮੌਕੇ ’ਤੇ ਦੇਸ਼ ਭਰ ਦੇ ਆਦਿਵਾਸੀ ਖੇਤਰਾਂ ’ਚ 700 ਤੋਂ ਵੱਧ “ਏਕਲਵਯ ਸਕੂਲ“ ਖੋਲ੍ਹਣ ਦਾ ਐਲਾਨ ਕੀਤਾ ਤੇ ਇਸ ਮੌਕੇ ਉਨ੍ਹਾਂ ਨੇ 10 ਸਕੂਲਾਂ ਦਾ ਉਦਘਾਟਨ ਵੀ ਕੀਤਾ। ਉਨ੍ਹਾਂ ਅੱਗੇ ਕਿਹਾ ਆਓ ਅਸੀਂ ਸਾਰੇ ਮਿਲੇ ਕੇ ਅੱਗੇ ਵੱਧੀਏ ਅਤੇ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦੀ ਭਾਵਨਾ ਨੂੰ ਧਿਆਨ ’ਚ ਰੱਖੀਏ, ਕਿਉਂਕਿ ਇਹ ਵਿਕਸਤ ਭਾਰਤ ਲਈ ’ਸਭ ਦੇ ਸਾਥ’ ਦਾ ਸਮਾਂ ਹੈ। ਉਨ੍ਹਾਂ ਕਿਹਾ ਕਿ ਸਾਰਿਆਂ ਦੀ ਮਿਹਨਤ ਅਤੇ ਲਗਨ ਨਾਲ ਹੀ ਸਾਡਾ ਸਮਾਜ ਤਰੱਕੀ ਵੱਲ ਵਧੇਗਾ। ਜੇਕਰ ਸਮਾਜ ਮਜ਼ਬੂਤ ਹੋਵੇਗਾ ਤਾਂ ਰਾਜ ਮਜ਼ਬੂਤ ਹੋਵੇਗਾ ਅਤੇ ਜੇਕਰ ਰਾਜ ਮਜ਼ਬੂਤ ਹੋਵੇਗਾ ਤਾਂ ਦੇਸ਼ ਮਜ਼ਬੂਤ ਹੋਵੇਗਾ ਅਤੇ ਸਿੱਖਿਆ ਉਹ ਸ਼ਕਤੀ ਹੈ ਜੋ ਦੇਸ਼ ਨੂੰ ਮਜ਼ਬੂਤ ਬਣਾਉਂਦੀ ਹੈ। ਸਾਨੂੰ ਸਾਰਿਆਂ ਨੂੰ ਇਸ ਦਿਸ਼ਾ ’ਚ ਮਿਲ ਕੇ ਹੋਰ ਯਤਨ ਕਰਨ ਦੀ ਲੋੜ ਹੈ ਤਾਂ ਜੋ 2047 ਦੇ ਵਿਕਸਤ ਭਾਰਤ ਦੇ ਸੁਪਨੇ ਨੂੰ ਸਾਕਾਰ ਕੀਤਾ ਜਾ ਸਕੇ। ਐੱਫਏਪੀ ਦੇ ਪ੍ਰਧਾਨ ਜਗਜੀਤ ਸਿੰਘ ਧੂਰੀ ਨੇ ਐੱਫਏਪੀ ਦੀ ਤਰਫੋਂ ਸਾਰਿਆਂ ਦਾ ਸਵਾਗਤ ਕਰਦਿਆਂ, “ਇਸ ਸਮੇਂ ਐਸੋਸੀਏਸ਼ਨ ਨਾਲ 6 ਹਜ਼ਾਰ ਤੋਂ ਵੱਧ ਮੈਂਬਰ ਜੁੜੇ ਹੋਏ ਹਨ। ਅਸੀਂ ਇਹ ਐਸੋਸੀਏਸ਼ਨ 2021 ’ਚ ਸ਼ੁਰੂ ਕੀਤੀ ਸੀ। ਉਸ ਸਮੇਂ ਸਿਰਫ਼ ਅਧਿਆਪਕਾਂ ਨੂੰ ਸਟੇਟ ਐਵਾਰਡ ਹੀ ਦਿੱਤੇ ਜਾਂਦੇ ਸਨ। ਇਸ ਤੋਂ ਬਾਅਦ 2022 ’ਚ ਇਸ ਦਾ ਦਾਇਰਾ ਵਧਾ ਕੇ ਰਾਸ਼ਟਰੀ ਪੱਧਰ ’ਤੇ ਸ਼ੁਰੂ ਕੀਤਾ ਗਿਆ। ਉਸ ਸਮੇਂ 20 ਤੋਂ ਵੱਧ ਰਾਜਾਂ ਦੇ ਅਧਿਆਪਕਾਂ ਨੇ ਇਸ ’ਚ ਭਾਗ ਲਿਆ। ਅਧਿਆਪਕਾਂ ਨੂੰ ਸਨਮਾਨਿਤ ਕਰਨ ਲਈ, ਅਧਿਆਪਕਾਂ ਦੀ ਚੋਣ ਐਸੋਸੀਏਸ਼ਨ ਦੁਆਰਾ ਸਿੱਖਿਆ ’ਚ ਉਨ੍ਹਾਂ ਦੇ ਯੋਗਦਾਨ, ਉਨ੍ਹਾਂ ਦੇ ਪ੍ਰੋਜੈਕਟਾਂ ਅਤੇ ਉਨ੍ਹਾਂ ਦੇ ਵਿਸ਼ੇ ਦੇ ਮਾਪਦੰਡਾਂ ਦੇ ਅਧਾਰ ’ਤੇ ਕੀਤੀ ਜਾਂਦੀ ਹੈ। ਅੱਜ, ਅਸੀਂ 55 ਤੋਂ 60 ਸਾਲ ਦੀ ਉਮਰ ਦੇ ਪਿ੍ਰੰਸੀਪਲਾਂ ਅਤੇ ਅਧਿਆਪਕਾਂ ਨੂੰ ਲਾਈਫ ਟਾਈਮ ਅਚੀਵਮੈਂਟ ਅਵਾਰਡ ਪ੍ਰਦਾਨ ਕੀਤੇ ਹਨ, ਜੋ ਉਹਨਾਂ ਲਈ ਵੀ ਮਾਣ ਵਾਲੀ ਗੱਲ ਹੈ, ਕਿਉਂਕਿ ਉਨ੍ਹਾਂ ਨੇ ਆਪਣੇ ਜੀਵਨ ਦੌਰਾਨ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕੀਤੀ ਹੈ ਜੋ ਅੱਜ ਵੱਖ-ਵੱਖ ਖੇਤਰਾਂ ’ਚ ਦੇਸ਼ ਦੀ ਤਰੱਕੀ ਲਈ ਆਪਣਾ ਯੋਗਦਾਨ ਪਾ ਰਹੇ ਹਨ।