ਬਠਿੰਡਾ, 17 ਨਵੰਬਰ 2024 : ਸਥਾਨਕ ਸ਼ਹਿਰ ਤੋਂ ਅੰਮ੍ਰਿਤਸਰ ਸਾਹਿਬ ਨੂੰ ਜਾਂਦੇ ਹਾਈਵੇ ਤੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਐਨਐਫਐਲ ਕਲੋਨੀ ਬਠਿੰਡਾ ਦੇ ਨਜ਼ਦੀਕ ਲੇਬਰ ਕਰਕੇ ਤਿੰਨ ਨੌਜਵਾਨ ਆਪਣੇ ਮੋਟਰਸਾਈਕਲ ਤੇ ਪਿੰਡ ਗਿੱਲ ਪੱਤੀ ਜਾ ਰਹੇ ਸਨ ਜਿਨਾਂ ਦੀ ਟਰੱਕ ਦੇ ਨਾਲ ਟਕਰਾਉਣ ਉੱਤੇ ਦੋ ਦੀ ਮੌਤ ਹੋ ਗਈ ਅਤੇ ਇੱਕ ਗੰਭੀਰ ਜ਼ਖ਼ਮੀ ਹੋਇਆ। ਤਿੰਨੋ ਨੌਜਵਾਨ ਪਿੰਡ ਗਿੱਲ ਪੱਤੀ ਦੇ ਰਹਿਣ ਵਾਲੇ ਸਨ ਅਤੇ ਲੇਬਰ ਦਾ ਕੰਮ ਕਰਦੇ ਸੀ ਜਿਨਾਂ ਦੀ ਉਮਰ 20 ਤੋਂ 25 ਸਾਲ ਦੱਸੀ ਜਾ ਰਹੀ ਹੈ। ਜ਼ਖ਼ਮੀ ਨੂੰ ਲੋਕਲ ਸੰਸਥਾ ਨੇ ਸਿਵਲ ਹਸਪਤਾਲ ਬਠਿੰਡਾ ਪਹੁੰਚਾਇਆ ਜਿੱਥੇ ਉਸ ਦਾ ਇਲਾਜ ਚਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਜ਼ਖਮੀ ਨੌਜਵਾਨ ਦੀ ਇਕ ਲੱਤ ਬੁਰੀ ਤਰ੍ਹਾਂ ਟੁੱਟ ਗਈ ਹੈ। ਜ਼ਖ਼ਮੀ ਦੀ ਪਛਾਣ ਕਰਨ ਪੁੱਤਰ ਜਸਪਾਲ ਸਿੰਘ ਬਰਾੜ (20) ਗਿਲਪੱਤੀ ਵਜੋਂ ਹੋਈ ਹੈ, ਮ੍ਰਿਤਕਾਂ ਦੀ ਪਛਾਣ ਰੌਸ਼ਨ ਸਿੰਘ (25) ਅਤੇ ਰਾਜੂ ਗੋਇਲ ਦੀ (25) ਵਾਸੀ ਗਿੱਲਪੱਤੀ ਵਜੋ ਹੋਈ ਹੈ। ਉਕਤ ਤਿੰਨੇ ਨੌਜਵਾਨ ਇੱਕੋ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਿੰਡ ਗਿਲਪੱਤੀ ਵੱਲ ਜਾ ਰਹੇ ਸਨ, ਜਦੋਂ ਉਹ ਆਦਰਸ਼ ਨਗਰ ਨੇੜੇ ਪਹੁੰਚੇ ਤਾਂ ਉਨ੍ਹਾਂ ਨੂੰ ਇਕ ਟਰੱਕ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਟਰੱਕ ਉਨ੍ਹਾਂ ਦੇ ਸਰੀਰ ਦੇ ਉੱਪਰੋਂ ਲੰਘ ਗਿਆ ਅਤੇ ਦੋ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਇਕ ਨੌਜਵਾਨ ਦੀ ਲੱਤ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਜਦਕਿ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਗਿਆ। ਥਰਮਲ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।