- ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਅਜੇ ਸਿੰਘ ਲਿਬੜਾ ਨੇ ਪਿੰਡ ਅਜਨਾਲੀ ਵਿਖੇ ਨੌਵੇਂ ਕੁਸ਼ਤੀ ਦੰਗਲ ਵਿੱਚ ਕੀਤੀ ਸ਼ਿਰਕਤ
ਅਮਲੋਹ, 5 ਜੂਨ : ਪੰਜਾਬ ਸਰਕਾਰ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਜਿਥੇ ਸੂਬੇ ਦੇ ਚੋਹਤਰਫਾ ਵਿਕਾਸ ਲਈ ਸਫਲਤਾ ਨਾਲ ਅੱਗੇ ਵੱਧ ਰਹੀ ਹੈ ਉਥੇ ਹੀ ਖੇਡਾਂ ਦੇ ਖੇਤਰ ਵਿੱਚ ਪੰਜਾਬ ਨੂੰ ਦੇਸ਼ ਦਾ ਨੰਬਰ ਇੱਕ ਸੂਬਾ ਬਣਾਉਣ ਲਈ ਵੀ ਗੰਭੀਰਤਾ ਨਾਲ ਕਦਮ ਚੁੱਕੇ ਜਾ ਰਹੇ ਹਨ ਤਾਂ ਜੋ ਪੰਜਾਬ ਨੂੰ ਮੁੜ ਤੋਂ ਹੱਸਦਾ, ਖੇਡਦਾ ਤੇ ਵਸਦਾ ਪੰਜਾਬ ਬਣਾਇਆ ਜਾ ਸਕੇ। ਇਹ ਪ੍ਰਗਟਾਵਾ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ. ਅਜੇ ਸਿੰਘ ਲਿਬੜਾ ਨੇ ਪਿੰਡ ਅਜਨਾਲੀ ਵਿਖੇ ਹਜ਼ਰਤ ਲੱਖ ਦਾਤਾ ਲਾਲਾ ਵਾਲਾ ਪੀਰ ਦੇ ਨੌਵੇਂ ਉਰਸ ਮੌਕੇ ਕਰਵਾਏ ਕੁਸ਼ਤੀ ਦੰਗਲ ਦਾ ਉਦਘਾਟਨ ਕਰਨ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਦੇ ਖਿਡਾਰੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਵਿੱਚ ਵਾਧਾ ਕਰਕੇ ਸਿੱਧ ਕੀਤਾ ਹੈ ਕਿ ਅਸੀਂ ਜੋ ਕਿਹਾ ਸੀ ਉਹ ਕੀਤਾ ਹੈ। ਲਿਬੜਾ ਨੇ ਕਿਹਾ ਕਿ ਖੇਡਾਂ ਇੱਕੋ ਇੱਕ ਅਜਿਹਾ ਸਾਧਨ ਹਨ ਜਿਨ੍ਹਾਂ ਨਾਲ ਜੁੜ ਕੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਲਾਹਣਤ ਤੋਂ ਦੂਰ ਰੱਖਿਆ ਜਾ ਸਕਦਾ ਹੈ ਅਤੇ ਸਾਡੀ ਸਰਕਾਰ ਖੇਡ ਸੱਭਿਆਚਾਰ ਨੂੰ ਮੁੜ ਸੁਰਜੀਤ ਕਰਨ ਲਈ ਪਿੰਡਾਂ ਵਿੱਚ ਖੇਡ ਮੈਦਾਨ ਬਣਾ ਰਹੀ ਹੈ ਤਾਂ ਜੋ ਸਾਡੇ ਨੌਜਵਾਨ ਮੁੜ ਤੋਂ ਖੇਡਾਂ ਨਾਲ ਜੁੜ ਸਕਣ। ਉਨ੍ਹਾ ਖਿਡਾਰੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਜਿੱਤ ਤੇ ਹਾਰ ਇੱਕੋ ਸਿੱਕੇ ਦੇ ਦੋ ਪਹਿਲੂ ਹਨ ਅਤੇ ਚੰਗਾ ਖਿਡਾਰੀ ਉਹੀ ਹੈ ਜੋ ਕਿ ਜਿੱਤ ਤੇ ਹਾਰ ਨੂੰ ਖਿੜੇ ਮੱਥੇ ਸਵੀਕਾਰ ਕਰਦਾ ਹੈ। ਉਨ੍ਹਾਂ ਕਿਹਾ ਕਿ ਹਮੇਸ਼ਾਂ ਅਨੁਸ਼ਾਸਨ ਵਿੱਚ ਰਹਿ ਕੇ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕਰਨਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਕੁਸ਼ਤੀ ਦੰਗਲ ਦੇ ਜੇਤੂ ਪਹਿਲਵਾਨਾਂ ਨੂੰ ਇਨਾਮ ਵੀ ਵੰਡੇ। ਇਸ ਮੌਕੇ ਮਾਰਕੀਟ ਕਮੇਟੀ ਅਮਲੋਹ ਦੀ ਚੇਅਰਮੈਨ ਸ਼੍ਰੀਮਤੀ ਸੁਖਵਿੰਦਰ ਕੌਰ, ਮਾਰਕੀਟ ਕਮੇਟੀ ਸਰਹਿੰਦ ਦੇ ਚੇਅਰਮੈਨ ਗੁਰਿੰਦਰ ਸਿੰਘ ਢਿੱਲੋਂ, ਰਾਜੀਵ ਅੱਗਰਵਾਲ, ਅਵਤਾਰ ਸਿੰਘ ਅਜਨਾਲਾ, ਨਵਦੀਪ ਸਿੰਘ ਨਵੀ,ਰਾਜਵੰਤ ਸਿੰਘ ਰਾਜੂ,ਮੱਖਣ ਸਹੋਤਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਖਿਡਾਰੀ ਤੇ ਖੇਡ ਪ੍ਰੇਮੀ ਹਾਜਰ ਸਨ