ਲੁਧਿਆਣਾ 19 ਜਨਵਰੀ : ਪੀ.ਏ.ਯੂ. ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋ ਪੰਜਾਬ ਦੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਲਈ ‘ਫਲਾਂ ਅਤੇ ਸਬਜ਼ੀਆਂ ਦੀ ਘਰੇਲੂ ਪੱਧਰ ਤੇ ਸਾਂਭ-ਸੰਭਾਲ ਕਰਨ ਸਬੰਧੀ’ ਪੰਜ ਦਿਨਾਂ ਸਿਖਲਾਈ ਕੋਰਸ ਭੋਜਨ ਅਤੇ ਤਕਨਾਲੋਜੀ ਵਿਭਾਗ ਦੇ ਸਹਿਯੋਗ ਨਾਲ ਲਗਾਇਆ ਗਿਆ| ਡਾ. ਰੁਪਿੰਦਰ ਕੌਰ, ਐਸੋਸੀਏਟ ਡਾਇਰੈਕਟਰ (ਸਕਿੱਲ ਡਿਵੈਲਪਮੈਂਟ) ਨੇ ਦੱਸਿਆ ਕਿ ਇਸ ਸਿਖਲਾਈ ਕੋਰਸ ਵਿੱਚ 17 ਸਿਖਿਆਰਥੀਆਂ ਨੇ ਭਾਗ ਲਿਆ| ਡਾ. ਪ੍ਰੇਰਨਾ ਕਪਿਲਾ, ਕੋਰਸ ਕੋਆਰਡੀਨੇਟਰ ਨੇ ਦੱਸਿਆ ਕਿ ਇਸ ਕੋਰਸ ਦੌਰਾਨ ਸਿਖਿਆਰਥੀਆਂ ਨੂੰ ਫਲਾਂ ਅਤੇ ਸਬਜ਼ੀਆਂ ਤੋਂ ਵੱਖ-ਵੱਖ ਉਤਪਾਦ ਬਨਾਉਣ ਦੀ ਜਾਣਕਾਰੀ ਦਿਤੀ ਗਈ ਜਿਵੇਂ ਕਿ ਆਵਲਾ ਕੈਂਡੀ, ਗਾਜਰਾਂ ਦਾ ਮੁਰੱਬਾ, ਟਮਾਟਰ ਜੂਸ, ਟਮਾਟਰ ਪਿਉਰੀ ਤੇ ਸੌਸ , ਸ਼ੁਕਐਸ਼ ਤੇ ਨੈਕਟਰ, ਪਾਪੜ ਵੜੀਆਂ, ਫਰੂਟ ਜੈਮ, ਅਮਰੂਦ ਦੀ ਜੈਲੀ, ਸਬਜ਼ੀਆਂ ਦਾ ਰਲਿਆ ਮਿਲਿਆ ਆਚਾਰ ਆਦਿ, ਡਾ. ਅਰਸ਼ਦੀਪ ਸਿੰਘ, ਤਕਨੀਕੀ ਕੋਆਰਡੀਨੇਟਰ ਨੇ ਕਿਹਾ ਕਿ ਫਲਾਂ ਅਤੇ ਸਬਜ਼ੀਆਂ ਨੂੰ ਲੰਮੇ ਸਮੇਂ ਲਈ ਸੰਭਾਲ ਕੇ ਰੱਖਣਾ ਬਹੁਤ ਮਹੱਤਵ ਪੂਰਨ ਹੈ| ਉਹਨਾ ਸਿਖਿਆਰਥੀਆਂ ਨੂੰ ਵਪਾਰਿਕ ਪੱਧਰ ਤੇ ਇਸ ਧੰਦੇ ਨੂੰ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ| ਸਿਖਿਆਰਥੀ ਘਰੇਲੂ ਪੱਧਰ ਤੇ ਵੀ ਆਪਣੇ ਪਰਿਵਾਰਾਂ ਲਈ ਸ਼ੁਧ ਅਤੇ ਪੌਸ਼ਟਿਕ ਪਕਵਾਨ ਪ੍ਰਦਾਨ ਕਰ ਸਕਦੇ ਹਨ| ਜਿਹੜੇ ਸਿਖਿਆਰਥੀ ਇਸ ਧੰਦੇ ਨੂੰ ਵਪਾਰਿਕ ਪੱਧਰ ਤੇ ਸ਼ੁਰੂ ਕਰਨਾ ਚਾਹੁੰਦੇ ਹਨ ਤਾਂ ਸਾਡੇ ਵਿਭਾਗ ਤੋਂ ਮਦਦ ਲੈ ਸਕਦੇ ਹਨ|ਇਸ ਕੋਰਸ ਦੌਰਾਨ ਵੱਖ-ਵੱਖ ਮਾਹਰਾਂ ਡਾ. ਹਨੂੰਮਾਨ ਬੋਬੜੇ, ਡਾ. ਵਿਕਾਸ ਕੁਮਾਰ, ਡਾ. ਜਗਬੀਰ ਰੀਹਲ, ਡਾ. ਸੁਖਪ੍ਰੀਤ ਕੌਰ ਅਤੇ ਡਾ. ਨੇਹਾ ਬੱਬਰ ਨੇ ਅਪਣੇ ਤਜਰਬੇ ਸਿਖਿਆਰਥੀਆਂ ਨਾਲ ਸਾਝੇ ਕੀਤੇ ਅਤੇ ਪ੍ਰੈਕਟੀਕਲ ਜਾਣਕਾਰੀ ਪ੍ਰਦਾਨ ਕੀਤੀ| ਇਸ ਕੋਰਸ ਦੇ ਕੋ-ਕੋਆਰਡੀਨੇਟਰ ਕੰਵਲਜੀਤ ਕੌਰ ਨੇ ਸਿਖਿਆਰਥੀਆਂ ਨੂੰ ਸਕਿੱਲ ਡਿਵੈਲਪਮੈਂਟ ਸੈਂਟਰ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿਤੀ ਅਤੇ ਸਾਰਿਆਂ ਦਾ ਧੰਨਵਾਦ ਕੀਤਾ|