- ਖੇਤੀਬਾੜੀ ਬੁਨਿਆਦੀ ਢਾਂਚਾ ਫੰਡ (ਏਆਈਐਫ) ਸੰਮੇਲਨ ਦੌਰਾਨ ਵਧੀਆ ਕਾਰਗੁਜ਼ਾਰੀ ਵਾਲੇ ਜ਼ਿਲ੍ਹੇ ਸਨਮਾਨੇ
ਪਟਿਆਲਾ, 5 ਜੂਨ : ਪੰਜਾਬ ਦੇ ਬਾਗਬਾਨੀ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਕਿ ਵਿੱਤੀ ਸਾਲ 2022-23 'ਚ ਸੂਬੇ ਨੇ ਖੇਤੀਬਾੜੀ ਬੁਨਿਆਦੀ ਢਾਂਚਾ ਫ਼ੰਡ ਸਕੀਮ (ਏ.ਆਈ.ਐਫ) 'ਚ ਚੰਗਾ ਪ੍ਰਦਰਸ਼ਨ ਕਰਦਿਆਂ 3480 ਪ੍ਰੋਜੈਕਟਾਂ ਤੋਂ 2877 ਕਰੋੜ ਦੇ ਨਿਵੇਸ਼ ਨੂੰ ਆਕਰਸ਼ਿਤ ਕੀਤਾ ਹੈ। ਇਹ ਪ੍ਰਗਟਾਵਾ ਉਨ੍ਹਾਂ ਖੇਤੀਬਾੜੀ ਬੁਨਿਆਦੀ ਢਾਂਚਾ ਫੰਡ (ਏਆਈਐਫ) ਸੰਮੇਲਨ ਦੌਰਾਨ ਚੰਗੀ ਕਾਰਗੁਜ਼ਾਰੀ ਕਰਨ ਵਾਲੇ ਜ਼ਿਲ੍ਹਿਆਂ ਨੂੰ ਸਨਮਾਨਿਤ ਕਰਦਿਆਂ ਕੀਤਾ। ਬਾਗਬਾਨੀ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਕਿਸਾਨਾਂ ਦੀ ਆਮਦਨ ਵਧਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੇ ਸੁਪਨੇ ਨੂੰ ਅੱਗੇ ਵਧਾਉਂਦੇ ਹੋਏ ਪੰਜਾਬ ਨੇ ਏ.ਆਈ.ਐਫ ਸਕੀਮ ਤਹਿਤ ਬਹੁਤ ਤਰੱਕੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਰਾਹੀਂ ਸੂਬੇ ਵਿੱਚ ਬਣਾਏ ਗਏ ਪ੍ਰਮੁੱਖ ਖੇਤੀਬਾੜੀ ਬੁਨਿਆਦੀ ਢਾਂਚੇ ਵਿੱਚ ਕੋਲਡ ਰੂਮ ਅਤੇ ਕੋਲਡ ਸਟੋਰ, ਪ੍ਰਾਇਮਰੀ ਪ੍ਰੋਸੈਸਿੰਗ ਸੈਂਟਰ, ਕਸਟਮ ਹਾਇਰਿੰਗ ਸੈਂਟਰ, ਵੇਅਰਹਾਊਸ, ਸੋਰਟਿੰਗ ਅਤੇ ਗਰੇਡਿੰਗ ਯੂਨਿਟ ਅਤੇ ਮੌਜੂਦਾ ਖੇਤੀਬਾੜੀ ਬੁਨਿਆਦੀ ਢਾਂਚੇ 'ਤੇ ਸੋਲਰ ਪੈਨਲ ਸ਼ਾਮਲ ਹਨ। ਏ.ਆਈ.ਐਫ. ਸੰਮੇਲਨ ਦੌਰਾਨ, ਵਧੀਆ ਪ੍ਰਦਰਸ਼ਨ ਕਰਨ ਵਾਲੇ ਜ਼ਿਲ੍ਹਿਆਂ ਅਤੇ ਬੈਂਕਾਂ ਨੂੰ ਸਨਮਾਨਿਤ ਕੀਤਾ ਗਿਆ, ਜਿਸ ਦੌਰਾਨ ਜ਼ਿਲ੍ਹਾ ਪਟਿਆਲਾ ਨੂੰ ਏਆਈਐਫ ਸਕੀਮ ਅਧੀਨ ਸਭ ਤੋਂ ਵੱਧ ਪ੍ਰੋਜੈਕਟ ਲਗਾਉਣ ਅਤੇ ਸਟੇਟ ਬੈਂਕ ਆਫ਼ ਇੰਡੀਆ ਨੂੰ 60 ਦਿਨਾਂ ਦੀ ਨਿਰਧਾਰਤ ਮਿਆਦ ਦੇ ਅੰਦਰ ਨੂੰ ਸਭ ਤੋਂ ਵੱਧ ਮਨਜ਼ੂਰਸ਼ੁਦਾ ਕਰਜ਼ੇ ਦੇਣ ਅਤੇ ਵੱਧ ਤੋਂ ਵੱਧ ਅਰਜ਼ੀਆਂ ਦਾ ਨਿਪਟਾਰਾ ਕਰਨ ਲਈ ਸਨਮਾਨਿਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਵੱਲੋਂ ਲਾਂਚ ਕੀਤੀ ਇਹ ਏਆਈਐਫ ਸਕੀਮ ਜੁਲਾਈ 2020 ਵਿੱਚ ਸ਼ੁਰੂ ਕੀਤੀ ਗਈ ਸੀ। ਏਆਈਐਫ ਸਕੀਮ ਦਾ ਉਦੇਸ਼ ਖੇਤੀਬਾੜੀ ਅਤੇ ਬਾਗਬਾਨੀ ਵੈਲਯੂ ਚੇਨਾਂ ਵਿੱਚ ਵਾਢੀ ਉਪਰੰਤ ਪ੍ਰਬੰਧਨ ਬੁਨਿਆਦੀ ਢਾਂਚਾ ਤਿਆਰ ਕਰਨਾ ਹੈ। ਸੂਬੇ ਵਿੱਚ ਏਆਈਐਫ ਸਕੀਮ ਨੂੰ ਲਾਗੂ ਕਰਨ ਵਾਸਤੇ ਬਾਗਬਾਨੀ ਵਿਭਾਗ ਸੂਬੇ ਦੀ ਨੋਡਲ ਏਜੰਸੀ ਹੈ। ਏ.ਆਈ.ਐਫ ਸੰਮੇਲਨ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਬਾਗਬਾਨੀ ਮੰਤਰੀ ਚੇਤਨ ਸਿੰਘ ਜੌੜਾਮਾਜਰਾ, ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਫੂਡ ਪ੍ਰੋਸੈਸਿੰਗ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਸਮੇਤ ਅਧਿਕਾਰੀ, ਕੇ.ਏ.ਪੀ. ਸਿਨਹਾ, ਆਈ.ਏ.ਐਸ., ਵਧੀਕ ਮੁੱਖ ਸਕੱਤਰ (ਏ.ਸੀ.ਐਸ.) ਕਮ ਵਿੱਤ ਕਮਿਸ਼ਨਰ, ਬਾਗਬਾਨੀ, ਅਨੁਰਾਗ ਅਗਰਵਾਲ, ਆਈ.ਏ.ਐਸ., ਵਧੀਕ ਮੁੱਖ ਸਕੱਤਰ (ਏ.ਸੀ.ਐਸ.) ਕਮ ਵਿੱਤੀ ਕਮਿਸ਼ਨਰ ਸਹਿਕਾਰਤਾ, ਅਰਸ਼ਦੀਪ ਸਿੰਘ ਥਿੰਦ, ਸਕੱਤਰ-ਬਾਗਬਾਨੀ, ਕਰਨੈਲ ਸਿੰਘ, ਆਈ.ਏ.ਐਸ., ਐਮ.ਡੀ. ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ, ਗਿਰੀਸ਼ ਦਿਆਲਨ, ਆਈ.ਏ.ਐਸ., ਐਮ.ਡੀ. ਮਾਰਕਫੈੱਡ, ਡਾ. ਸੁਖਪਾਲ ਸਿੰਘ, ਚੇਅਰਮੈਨ, ਪੰਜਾਬ ਰਾਜ ਕਿਸਾਨ ਕਮਿਸ਼ਨ ਅਤੇ ਸੈਮੂਅਲ ਪ੍ਰਵੀਨ ਕੁਮਾਰ, ਸੰਯੁਕਤ ਸਕੱਤਰ, ਖੇਤੀਬਾੜੀ ਮੰਤਰਾਲੇ, ਭਾਰਤ ਸਰਕਾਰ ਸ਼ਾਮਲ ਸਨ। ਇਸ ਤੋਂ ਇਲਾਵਾ ਇਸ ਸਮਾਗਮ ਦੌਰਾਨ ਬੈਂਕਿੰਗ ਅਤੇ ਹੋਰ ਕਰਜ਼ਾ ਦੇਣ ਵਾਲੀਆਂ ਸੰਸਥਾਵਾਂ ਦੇ ਰਾਜ ਪੱਧਰੀ ਨੁਮਾਇੰਦੇ ਅਤੇ ਨਿੱਜੀ ਤੇ ਗੈਰ-ਸਰਕਾਰੀ ਖੇਤਰ ਨਾਲ ਸਬੰਧਤ ਅਧਿਕਾਰੀ ਵੀ ਹਾਜ਼ਰ ਸਨ।