- ਸਿਵਲ, ਪੁਲਿਸ ਪ੍ਰਸ਼ਾਸਨ ਵੱਲੋਂ ਨਿਰਾਰਨਤਾਰ ਕਿਸਾਨਾਂ ਨਾਲ ਰਾਬਤਾ ਕਾਇਮ, ਖੇਤ ਖੇਤ ਜਾ ਕੇ ਕਰ ਰਹੇ ਹਨ ਕਿਸਾਨਾਂ ਨੂੰ ਅੱਗ ਨਾ ਲਗਾਉਣ ਦੀ ਅਪੀਲ
ਬਰਨਾਲਾ, 14 ਨਵੰਬਰ : ਪਰਾਲੀ ਨੂੰ ਅੱਗ ਨਾ ਲੱਗਣ ਦੇਣ ਲਈ ਵਚਨਬੱਧ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵੱਲੋਂ ਕਿਸਾਨਾਂ ਨੂੰ ਪੁਰਜ਼ੋਰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਅੱਗ ਲਗਾਉਣ ਦੀ ਬਜਾਇ ਖੇਤਾਂ ‘ਚ ਹੀ ਪਰਾਲੀ ਪ੍ਰਬੰਧਨ ਕਰਨ। ਇਸ ਲਈ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨਿਰੰਤਰ ਖੇਤਾਂ 'ਚ ਜਾ ਕੇ ਕਿਸਾਨਾਂ ਨੂੰ ਪ੍ਰੇਰਿਤ ਕਰ ਰਹੇ ਹਨ ਕਿ ਉਹ ਵਾਤਾਵਰਣ ਨੂੰ ਦੂਸ਼ਿਤ ਨਾ ਕਰਨ । ਇਸ ਗੱਲ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਨੇ ਪਰਾਲੀ ਪ੍ਰਬੰਧਨ ਸਬੰਧੀ ਕੀਤੀ ਗਈ ਕਲੱਸਟਰ ਅਤੇ ਨੋਡਲ ਅਫਸਰਾਂ ਦੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਸਾਰੇ ਕਲੱਸਟਰ ਅਤੇ ਨੋਡਲ ਅਫ਼ਸਰ ਰੋਜ਼ਾਨਾ ਆਪਣਾ ਰੂਟ ਪਲਾਨ ਬਣਾ ਕੇ ਪਿੰਡ ਪਿੰਡ ਜਾ ਰਹੇ ਹਨ ਅਤੇ ਕਿਸਾਨਾਂ ਨਾਲ ਰਾਬਤਾ ਕਰ ਰਹੇ ਹਨ ਤਾਂ ਜੋ ਪਰਾਲੀ ਨੂੰ ਅੱਗ ਲਗਾਉਣ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਨ੍ਹਾਂ ਅਫ਼ਸਰਾਂ ਵੱਲੋਂ ਕਿਸਾਨਾਂ ਦੀ ਲੋੜ ਅਨੁਸਾਰ ਪਰਾਲੀ ਪ੍ਰਬੰਧਨ ਲਈ ਖੇਤੀ ਮਸ਼ੀਨਾਂ ਵੀ ਮੁਹੱਈਆ ਕਾਰਵਾਈਆਂ ਜਾ ਰਹੀਆਂ ਹਨ ਤਾਂ ਜੋ ਕਿਸਾਨ ਬੇਲਰਾਂ ਰਾਹੀਂ ਗੱਠਾਂ ਬਣਾ ਸਕਣ ਅਤੇ ਨਾਲ ਹੀ ਹੈਪੀ ਸੀਡਰ, ਸੁਪਰ ਸੀਡਰ ਅਤੇ ਸਰਫੇਸ ਸੀਡਰ ਮਸ਼ੀਨਰੀ ਰਾਹੀਂ ਕਣਕ ਦੀ ਸਿੱਧੀ ਬਿਜਾਈ ਕਰ ਸਕਣ । ਉਨ੍ਹਾਂ ਦੱਸਿਆ ਕਿ ਨਾਲ ਹੀ ਕਿਸਾਨ ਜਥੇਬੰਦੀਆਂ ਨਾਲ ਵੀ ਬੈਠਕਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਘਰ ਘਰ ਤੱਕ ਇਹ ਸੰਦੇਸ਼ ਪਹੁੰਚਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ ਵੀ ਨਿਰੰਤਰ ਕਿਸਾਨਾਂ ਨੂੰ ਜਾਗਰੂਕ ਅਤੇ ਪ੍ਰੇਰਿਤ ਕੀਤਾ ਜਾ ਰਿਹਾ ਹੈ ਕਿ ਉਹ ਪਰਾਲੀ ਨੂੰ ਅੱਗ ਨਾ ਲਗਾਉਣ। ਡਿਪਟੀ ਕਮਿਸ਼ਨਰ ਨੇ ਉੱਪ ਮੰਡਲ ਮੈਜਿਸਟ੍ਰੇਟਾਂ ਅਤੇ ਕਲੱਸਟਰ ਅਫ਼ਸਰਾਂ ਨੂੰ ਹਦਾਇਤ ਦਿੱਤੀ ਕਿ ਉਹ ਆਪਣੇ – ਆਪਣੇ ਸਬੰਧਿਤ ਇਲਾਕੇ ਦੇ ਕਰਮਚਾਰੀਆਂ ਨਾਲ ਰੋਜ਼ਾਨਾ ਬੈਠਕ ਕਰਕੇ ਉਨ੍ਹਾਂ ਨਾਲ ਇਸ ਬਾਰੇ ਵਿਓਂਤਬੰਦੀ ਕਰਨ। ਉਨ੍ਹਾਂ ਕਿਹਾ ਕਿ ਪਿੰਡਾਂ ‘ਚ ਜਾਣ ਸਬੰਧੀ ਰੂਟ ਪਲਾਨ ਹਰ ਇਕ ਟੀਮ ਲਈ ਪਹਿਲਾਂ ਹੀ ਤਿਆਰ ਕਰ ਲਿਆ ਜਾਵੇ ਤਾਂ ਜੋ ਇਸ ਕੰਮ ਨੂੰ ਤਨਦੇਹੀ ਨਾਲ ਨੇਪਰੇ ਚਾੜ੍ਹਿਆ ਜਾ ਸਕੇ । ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸਤਵੰਤ ਸਿੰਘ, ਉੱਪ ਮੰਡਲ ਮੈਜਿਸਟ੍ਰੇਟ ਬਰਨਾਲਾ ਗੋਪਾਲ ਸਿੰਘ, ਉੱਪ ਮੰਡਲ ਮੈਜਿਸਟ੍ਰੇਟ ਤਪਾ ਸੁਖਪਾਲ ਸਿੰਘ, ਐੱਸ. ਪੀ. ਮੇਜਰ ਸਿੰਘ, ਮੁੱਖ ਖੇਤੀਬਾੜੀ ਅਫ਼ਸਰ ਡਾ. ਜਗਦੀਸ਼ ਸਿੰਘ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਤੋਂ ਐੱਸ. ਡੀ. ਓ. ਵਿਪਨ ਕੁਮਾਰ, ਡੀ. ਐੱਸ. ਪੀ ਸਤਵੀਰ ਸਿੰਘ ਅਤੇ ਹੋਰ ਵਿਭਾਗਾਂ ਦੇ ਅਫ਼ਸਰ ਅਤੇ ਕਰਮਚਾਰੀ ਮੌਜੂਦ ਸਨ। ਡਿਪਟੀ ਕਮਿਸ਼ਨਰ ਦੀਆਂ ਹਿਦਾਇਤਾਂ ਅਨੁਸਾਰ ਸਾਰੇ ਉਪ ਮੰਡਲ ਮੈਜਿਸਟ੍ਰੇਟਾਂ ਨੇ ਆਪਣੇ ਅਧੀਨ ਪੈਂਦੇ ਕਲ੍ਹੇਟਰਾਂ ਚ ਤੈਨਾਤ ਕਰਮਚਾਰੀਆਂ ਨਾਲ ਬੈਠਕਾਂ ਕੀਤੀਆਂ ਅਤੇ ਉਨ੍ਹਾਂ ਨਾਲ ਵਿਓਂਤਬੰਦੀ ਸਾਂਝੀ ਕੀਤੀ।