ਰੂਸੀ ਬੈਲਿਸਟਿਕ ਮਿਜ਼ਾਈਲ ਨੇ ਯੂਕਰੇਨ ਦੇ ਸੁਮੀ ਸ਼ਹਿਰ ਨੂੰ ਨਿਸ਼ਾਨਾ ਬਣਾਇਆ, ਦੋ ਬੱਚਿਆਂ ਸਮੇਤ 11 ਲੋਕਾਂ ਦੀ ਮੌਤ 

ਕੀਵ, 18 ਨਵੰਬਰ 2024 : ਕਲਸਟਰ ਵਾਰਹੈੱਡਾਂ ਨਾਲ ਲੈਸ ਇੱਕ ਰੂਸੀ ਬੈਲਿਸਟਿਕ ਮਿਜ਼ਾਈਲ ਨੇ ਉੱਤਰੀ ਯੂਕਰੇਨ ਦੇ ਸੁਮੀ ਸ਼ਹਿਰ ਨੂੰ ਨਿਸ਼ਾਨਾ ਬਣਾਇਆ। ਇਸ ਹਮਲੇ ਵਿੱਚ ਦੋ ਬੱਚਿਆਂ ਸਮੇਤ 11 ਲੋਕਾਂ ਦੀ ਮੌਤ ਹੋ ਗਈ ਸੀ। ਕਰੀਬ 84 ਲੋਕ ਜ਼ਖ਼ਮੀ ਹੋਏ ਹਨ। ਖੇਤਰੀ ਪ੍ਰੌਸੀਕਿਊਟਰ ਦਫ਼ਤਰ ਮੁਤਾਬਕ ਜ਼ਖ਼ਮੀਆਂ 'ਚ 6 ਬੱਚਿਆਂ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ। ਜਾਨ ਗੁਆਉਣ ਵਾਲੇ ਦੋ ਬੱਚਿਆਂ ਦੀ ਉਮਰ 9 ਅਤੇ 14 ਸਾਲ ਹੈ। ਦੋ ਵਿਦਿਅਕ ਅਦਾਰਿਆਂ ਸਮੇਤ ਕੁੱਲ 15 ਇਮਾਰਤਾਂ ਨੂੰ ਨੁਕਸਾਨ ਪਹੁੰਚਿਆ। ਰਾਹਤ ਅਤੇ ਬਚਾਅ ਕੰਮ ਜਾਰੀ ਹੈ। ਯੂਕਰੇਨ ਦਾ ਸੁਮੀ ਸ਼ਹਿਰ ਰੂਸ ਤੋਂ ਸਿਰਫ਼ 40 ਕਿਲੋਮੀਟਰ ਦੂਰ ਹੈ। ਜ਼ਿਕਰਯੋਗ ਹੈ ਕਿ ਸੋਮਵਾਰ ਤੋਂ ਯੂਕਰੇਨ ਅਤੇ ਰੂਸ ਵਿਚਾਲੇ ਜੰਗ ਨੂੰ 1000 ਦਿਨ ਪੂਰੇ ਹੋ ਗਏ ਹਨ। ਇਸ ਦੌਰਾਨ ਵੱਡੀ ਖ਼ਬਰ ਆ ਰਹੀ ਹੈ ਕਿ ਯੂਕਰੇਨ ਦੇ ਅਧਿਕਾਰੀਆਂ ਦੀ ਭਾਰੀ ਲਾਬਿੰਗ 'ਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਰੂਸ ਦੇ ਅੰਦਰ ਹਮਲਾ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਹੁਣ ਯੂਕਰੇਨ ਰੂਸ ਦੇ ਖ਼ਿਲਾਫ਼ ਅਮਰੀਕਾ ਦੀਆਂ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਦੀ ਵਰਤੋਂ ਕਰ ਸਕੇਗਾ। ਮੰਨਿਆ ਜਾ ਰਿਹਾ ਹੈ ਕਿ ਉੱਤਰੀ ਕੋਰੀਆਈ ਫ਼ੌਜਾਂ ਦੇ ਜਵਾਬ 'ਚ ਯੂਕਰੇਨ ਇਨ੍ਹਾਂ ਹਥਿਆਰਾਂ ਦੀ ਵਰਤੋਂ ਕਰ ਸਕਦਾ ਹੈ। ਦਰਅਸਲ, ਰੂਸ ਦੇ ਸਮਰਥਨ ਵਿੱਚ ਉੱਤਰੀ ਕੋਰੀਆ ਨੇ ਯੂਕਰੇਨ ਦੇ ਖ਼ਿਲਾਫ਼ ਲੜਨ ਲਈ ਆਪਣੀ ਫ਼ੌਜ ਭੇਜੀ ਹੈ। ਇਹ ਦੂਜੀ ਵਾਰ ਹੈ ਜਦੋਂ ਅਮਰੀਕਾ ਨੇ ਰੂਸ ਨੂੰ ਡੂੰਘੇ ਮਾਰੂ ਹਥਿਆਰਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਹੈ। ਇਸ ਤੋਂ ਪਹਿਲਾਂ ਮਈ ਵਿੱਚ ਰੂਸ ਨੇ ਯੂਕਰੇਨ ਦੇ ਖਾਰਕੀਵ ਖੇਤਰ ਵਿੱਚ ਜ਼ਮੀਨ ਹਾਸਿਲ ਕੀਤੀ ਸੀ। ਇਸ ਦੇ ਜਵਾਬ 'ਚ ਅਮਰੀਕਾ ਨੇ ਘੱਟ ਦੂਰੀ ਦੇ ਹਥਿਆਰ HIMARS ਸਿਸਟਮ ਦੀ ਵਰਤੋਂ ਨੂੰ ਮਨਜ਼ੂਰੀ ਦਿੱਤੀ ਸੀ। ਦੂਜੇ ਪਾਸੇ ਯੂਕਰੇਨ ਦੇ ਰਾਸ਼ਟਰਪਤੀ ਵਲੋਦੋਮੀਰ ਜ਼ੇਲੈਂਸਕੀ ਨੇ ਕਿਹਾ, "ਅੱਜ ਮੀਡੀਆ ਵਿੱਚ ਬਹੁਤ ਕੁਝ ਕਿਹਾ ਜਾ ਰਿਹਾ ਹੈ ਕਿ ਸਾਨੂੰ ਸਬੰਧਤ ਕਾਰਵਾਈ ਦੀ ਇਜਾਜ਼ਤ ਮਿਲ ਗਈ ਹੈ। ਪਰ ਹਮਲੇ ਸ਼ਬਦਾਂ ਨਾਲ ਨਹੀਂ ਕੀਤੇ ਜਾਂਦੇ ਹਨ। ਅਜਿਹੀਆਂ ਗੱਲਾਂ ਦਾ ਐਲਾਨ ਨਹੀਂ ਕੀਤਾ ਜਾਂਦਾ। ਜ਼ਲੈਂਸਕੀ ਨੇ ਕਿਹਾ ਕਿ ਰੂਸ ਨੇ ਇੱਕੋ ਸਮੇਂ 120 ਮਿਜ਼ਾਈਲਾਂ ਅਤੇ 90 ਡਰੋਨਾਂ ਨਾਲ ਹਮਲਾ ਕੀਤਾ। ਇਨ੍ਹਾਂ ਡਰੋਨਾਂ 'ਚ ਈਰਾਨ 'ਚ ਬਣੇ ਸ਼ਾਹਦ ਡਰੋਨ ਅਤੇ ਬੈਲਿਸਟਿਕ ਅਤੇ ਏਅਰਕ੍ਰਾਫਟ ਤੋਂ ਲਾਂਚ ਕੀਤੀਆਂ ਗਈਆਂ ਮਿਜ਼ਾਈਲਾਂ ਸ਼ਾਮਲ ਹਨ। ਯੂਕਰੇਨ ਦੀ ਫ਼ੌਜ ਦਾ ਕਹਿਣਾ ਹੈ ਕਿ ਉਸ ਨੇ ਕੁੱਲ 144 ਟੀਚਿਆਂ ਨੂੰ ਨਿਸ਼ਾਨਾ ਬਣਾਇਆ ਹੈ।