- ਕਿਹਾ ਆਵਾਜ਼ ਪ੍ਰਦੂਸ਼ਣ ਤੇ ਵੀ ਕੱਸੀ ਜਾਵੇ ਨਕੇਲ
ਫ਼ਰੀਦਕੋਟ 11 ਜਨਵਰੀ : ਤੇਜ਼ ਰਫਤਾਰੀ ਦੇ ਚੱਲਦਿਆਂ ਵੱਧ ਰਹੇ ਸੜਕ ਹਾਦਸਿਆਂ ਅਤੇ ਨਾ ਸਹਿਣਯੋਗ ਡੀ.ਜੇ ਦੀ ਆਵਾਜ਼ ਤੇ ਨਕੇਲ ਕੱਸਣ ਲਈ ਅੱਜ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਪੁਲਿਸ ਵਿਭਾਗ ਨੂੰ ਇਸ ਸਬੰਧੀ ਸਖਤ ਰੁਖ ਅਖਤਿਆਰ ਕਰਨ ਦੇ ਹੁਕਮ ਜਾਰੀ ਕੀਤੇ। ਇਸ ਦੇ ਨਾਲ ਹੀ ਉਨ੍ਹਾਂ ਵਿਆਹਾਂ/ਸ਼ਾਦੀਆਂ ਵਿੱਚ ਡੀ.ਜੇ ਵਲੋਂ ਉੱਚੀ ਆਵਾਜ਼ ਵਿੱਚ ਚਲਾਏ ਜਾਂਦੇ ਗਾਣਿਆਂ ਤੇ ਵੀ ਭਾਰੀ ਚਲਾਨ ਕਰਕੇ ਮੁਕੰਮਲ ਪਾਬੰਦੀ ਲਗਾਉਣ ਦੇ ਆਦੇਸ਼ ਕੀਤੇ। ਸੜਕ ਸੁਰੱਖਿਆ ਸਬੰਧੀ ਰੱਖੀ ਗਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਸੇਫ ਵਾਹਨ ਪਾਲਿਸੀ ਵਿੱਚ ਦਰਜ ਨੁਕਤਿਆਂ ਦੀ ਇੰਨ ਬਿੰਨ ਪਾਲਣਾ ਨੂੰ ਯਕੀਨੀ ਬਣਾਉਣ ਲਈ ਵੀ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਸੜਕਾਂ ’ਤੇ ਦੁਰਘਟਨਾਵਾਂ ਕਾਰਨ ਕਈ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ, ਇਸ ਲਈ ਸੜਕੀ ਸੁਰੱਖਿਆ ਇੱਕ ਅਹਿਮ ਮੁੱਦਾ ਹੈ ਅਤੇ ਸਾਨੂੰ ਸਭ ਨੂੰ ਇਸ ਸਬੰਧੀ ਸੁਚੇਤ ਹੋ ਕੇ ਕੰਮ ਕਰਨ ਦੀ ਜ਼ਰੂਰਤ ਹੈ। ਇਸ ਤੋਂ ਇਲਾਵਾ ਐਮਰਜੈਂਸੀ ਵਾਹਨ, ਰਿਕਵਰੀ ਵੈਨਾਂ ਅਤੇ ਹੋਰ ਵਾਹਨ ਧੁੰਦ ਦੇ ਸੰਕੇਤਾਂ ਨਾਲ ਲੈਸ ਹੋਣੇ ਚਾਹੀਦੇ ਹਨ, ਤਾਂ ਜੋ ਦੁਰਘਟਨਾ ਤੋਂ ਬਚਿਆਂ ਜਾ ਸਕੇ। ਉਨ੍ਹਾਂ ਪੁਲਿਸ ਵਿਭਾਗ ਦੀ ਨੁਮਾਇੰਦਗੀ ਕਰ ਰਹੇ ਕਰਮਚਾਰੀਆਂ ਨੂੰ ਕਿਹਾ ਕਿ ਸਾਰੇ ਜ਼ਿਲ੍ਹੇ ਨੂੰ ਕਵਰ ਕਰਨ ਲਈ ਤੇਜ਼ ਗਤੀ ਨਾਲ ਚੱਲਣ ਵਾਲੇ ਵਾਹਨ ਦੀ ਸਪੀਡ ਚੈਕ ਕਰਨ ਲਈ ਕੇਵਲ 2 ਸਪੀਡੋ ਮੀਟਰ ਕਾਫੀ ਨਹੀਂ ਹਨ। ਉਨ੍ਹਾਂ ਕਿਹਾ ਕਿ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਹੋਰ ਸਪੀਡੋ ਮੀਟਰਾਂ ਦੀ ਮੰਗ ਕੀਤੀ ਜਾਵੇ। ਪੁਲਿਸ ਵਿਭਾਗ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਜ਼ਿਲ੍ਹੇ ਵਿੱਚ ਹਰ ਰੋਜ਼ 70 ਤੋਂ 80 ਚਲਾਨ ਕੀਤੇ ਜਾ ਰਹੇ ਹਨ ਅਤੇ ਸਾਲ 2023 ਦੌਰਾਨ ਮੌਕੇ ਪਰ ਸਭ ਤੋਂ ਵੱਧ ਚਲਾਨ ਜੂਨ ਮਹੀਨੇ ਵਿੱਚ(555) ਕੀਤੇ ਗਏ ਅਤੇ ਇਸ ਮਹੀਨੇ ਵਿੱਚ ਹੀ ਸਭ ਤੋਂ ਵੱਧ ਆਰ.ਟੀ.ਏ ਅਤੇ ਅਦਾਲਤ ਵਲੋਂ ਚਲਾਨ(1323) ਕੀਤੇ ਗਏ ਹਨ। ਮੀਟਿੰਗ ਵਿੱਚ ਹਾਜ਼ਰ ਅਧਿਕਾਰੀਆਂ ਤੋਂ ਸ਼ਹਿਰ ਦੀ ਆਵਾਜਾਈ ਨੂੰ ਹੋਰ ਬੇਹਤਰ ਬਣਾਉਣ ਲਈ ਸੁਝਾਅ ਪੁੱਛੇ ਜਾਣ ਤੇ ਸ਼ਹਿਰ ਵਿੱਚ ਕਿਤੇ ਵੀ ਢੁੱਕਵੀਂ ਪਾਰਕਿੰਗ ਵਿਵਸਥਾ ਨਾ ਹੋਣ ਦੇ ਚੱਲਦਿਆਂ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਬੰਧੀ ਬੋਲਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਕੱਲ ਵਾਜਿਬ ਖਰਚੇ ਤੇ ਮਲਟੀ ਲੈਵਲ ਪਾਰਕਿੰਗ ਦਾ ਚਲਨ ਹੈ ਅਤੇ ਇਸ ਨੂੰ ਸ਼ਹਿਰ ਦੀਆਂ ਉਨ੍ਹਾਂ ਥਾਵਾਂ ਤੇ ਲਗਾਇਆ ਜਾ ਸਕਦਾ ਹੈ ਜਿਥੇ ਗੱਡੀ ਠੱਲ੍ਹਣ ਦੀ ਸਮੱਸਿਆ ਆਉਂਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀ ਮਾਨਸਿਕਤਾ ਵਿੱਚ ਵੀ ਥੋੜ੍ਹੀ ਤਬਦੀਲੀ ਲੈ ਕੇ ਆਉਣ ਅਤੇ ਜ਼ਿਆਦਾ ਭੀੜ-ਭਾੜ ਵਾਲੀਆਂ ਥਾਵਾਂ ਤੇ ਇੱਕ ਜਾਂ ਦੋ ਬੰਦੇ ਵੱਡੀਆਂ ਗੱਡੀਆਂ ਲੈ ਕੇ ਨਾ ਜਾਣ ਅਤੇ ਕੋਸ਼ਿਸ਼ ਕਰਨ ਕਿ ਜਨਤਕ ਆਵਾਜਾਈ ਦੇ ਸਾਧਨਾਂ ਦਾ ਵੱਧ ਤੋਂ ਵੱਧ ਇਸਤੇਮਾਲ ਕਰਨ। ਉਨ੍ਹਾਂ ਕਿਹਾ ਕਿ ਰਾਤ ਸਮੇਂ ਕਈ ਵਾਰ ਬੇਸਹਾਰਾ ਪਸ਼ੂ ਦਿਖਾਈ ਨਾ ਦੇਣ ਕਾਰਨ ਵਾਹਨਾਂ ਨਾਲ ਟਕਰਾ ਜਾਂਦੇ ਹਨ, ਇਸ ਲਈ ਅਜਿਹੇ ਬੇਸਹਾਰਾ ਪਸ਼ੂਆਂ ਦੇ ਗਲਾਂ ਵਿੱਚ ਰਾਤ ਸਮੇਂ ਚਮਕਣ ਵਾਲੀਆਂ ਪੱਟੀਆਂ ਪਾਈਆਂ ਜਾਣ, ਤਾਂ ਜੋ ਵਾਹਨ ਚਾਲਕਾਂ ਨੂੰ ਦੂਰ ਤੋਂ ਹੀ ਇਹ ਪਸ਼ੂ ਦਿਖਾਈ ਦੇਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਏ.ਡੀ.ਸੀ ਸ.ਨਰਭਿੰਦਰ ਗਰੇਵਾਲ, ਜ਼ਿਲ੍ਹਾ ਸਿੱਖਿਆ ਅਫਸਰ ਸ. ਮੇਵਾ ਸਿੰਘ, ਜ਼ਿਲ੍ਹਾ ਲੋਕ ਸੰਪਰਕ ਅਫਸਰ ਸ. ਗੁਰਦੀਪ ਸਿੰਘ ਮਾਨ ਅਤੇ ਪੁਲਿਸ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ।