ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਨੇ ਖੇਤਾਂ ਵਿੱਚ ਜਾ ਕੇ ਪਰਾਲੀ ਨੂੰ ਲੱਗੀ ਹੋਈ ਅੱਗ ਨੂੰ ਮੌਕੇ ਤੇ ਜਾ ਕੇ ਬੁਝਵਾਇਆ

  • ਪਰਾਲੀ ਦੇ ਖੇਤਾਂ ਨੂੰ ਅੱਗ ਲਗਾਉਣ ਵਾਲਿਆਂ ਖਿਲਾਫ ਸਰਕਾਰੀ ਨਿਯਮਾਂ ਅਨੁਸਾਰ ਹੋਵੇਗੀ ਕਾਰਵਾਈ
  • ਪਰਾਲੀ ਦੀ ਰਹਿੰਦ ਖੂੰਹਦ ਨੂੰ ਖੇਤਾਂ ਵਿੱਚ ਹੀ ਵਰਤੋਂ ਕਰਨ ਨਾਲ ਡੀ.ਏ.ਪੀ. ਖਾਦ  ਤੋਂ ਇਲਾਵਾ ਹੋਰ ਜਰੂਰੀ ਤੱਤਾਂ ਦੀ ਕਮੀ ਨੂੰ ਕੀਤਾ ਜਾ ਸਕਦਾ ਹੈ ਪੂਰਾ

ਸ੍ਰੀ ਮੁਕਤਸਰ ਸਾਹਿਬ, 09 ਨਵੰਬਰ 2024 : ਸ੍ਰੀ ਰਾਜੇਸ਼ ਤ੍ਰਿਪਾਠੀ ਡਿਪਟੀ ਕਮਿਸ਼ਨਰ ਅਤੇ ਸ੍ਰੀ ਤੁਸ਼ਾਰ ਗੁਪਤਾ ਐਸ.ਐਸ.ਪੀ. ਨੇ ਜਿ਼ਲ੍ਹੇ ਦੇ ਪਿੰਡ  ਮਹਾਂਬੱਧਰ ਵਿਖੇ ਮੌਕੇ ਤੇ ਜਾ ਕੇ ਕਿਸਾਨਾਂ ਵਲੋਂ  ਪਰਾਲੀ ਅਤੇ ਪਰਾਲੀ ਦੀ ਰਹਿੰਦ-ਖੂੰਹਦ ਨੂੰ ਲਗਾਈ ਗਈ ਅੱਗ ਨੂੰ ਫਾਇਰ ਬਰੀਗੇਡ ਦੀ ਮੱਦਦ ਨਾਲ  ਬੁਝਵਾਇਆ ਗਿਆ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਾਨਯੋਗ ਸੁਪਰੀਮ ਕੋਰਟ  ਅਤੇ ਨੈਸ਼ਨਲ ਗਰੀਨ ਟ੍ਰਿਬਿਊਨਲ ਵਲੋਂ ਜਾਰੀ ਹਦਾਇਤਾਂ ਅਨੁਸਾਰ ਜਿ਼ਲ੍ਹੇ ਦੇ ਦੂਸਰੇ ਅਧਿਕਾਰੀਆਂ ਵਲੋਂ ਵੀ ਖੁਦ ਪਰਾਲੀ ਜਾਂ ਰਹਿੰਦ ਖੂੰਹਦ ਨੂੰ ਲੱਗੀ ਹੋਈ ਅੱਗ ਨੂੰ ਮੌਕੇ ਤੇ ਜਾ ਕੇ ਬੁਝਾਇਆ ਜਾ ਰਿਹਾ ਹੈ ਤਾਂ ਜੋ ਵਾਤਾਵਰਣ ਤੇ ਮਾੜਾ ਅਸਰ ਨਾ ਪਵੇ। ਉਹਨਾਂ ਝੋਨਾ-ਅਤੇ ਬਾਸਮਤੀ ਦੇ ਕਾਸਤਕਾਰਾਂ ਨੂੰ ਕਿਹਾ ਕਿ ਪਰਾਲੀ ਜਾਂ ਪਰਾਲੀ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਈ ਜਾਵੇ ਤਾਂ ਜੋ ਵਾਤਾਵਰਣ ਤੇ ਮਾੜਾ ਅਸਰ ਨਾ ਪਵੇ। ਉਹਨਾਂ ਹਦਾਇਤ ਕੀਤੀ ਕਿ ਜੇਕਰ ਕੋਈ ਕਾਸਤਕਾਰ ਪਰਾਲੀ ਨੂੰ ਅੱਗ ਲਗਾਉਦਾ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ ਸਰਕਾਰੀ ਨਿਯਮਾਂ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਆਪਣੇ ਦੌਰੇ ਦੌਰਾਨ ਡਿਪਟੀ ਕਮਿਸ਼ਨਰ ਨੇ ਪਿੰਡ ਭਾਗਸਰ ਅਤੇ ਸ੍ਰੀ ਮੁਕਤਸਰ ਸਾਹਿਬ ਦਿਹਾਤੀ ਪਰਾਲੀ ਦੇ ਖੇਤਾਂ ਦਾ ਜਾਇਜ਼ਾ ਲਿਆ ਅਤੇ ਕਿਸਾਨਾਂ ਨੂੰ ਪਰਾਲੀ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸ.ਗੁਰਨਾਮ ਸਿੰਘ ਮੁੱਖ ਖੇਤੀਬਾੜੀ ਅਫਸਰ ਅਤੇ ਕਰਨਜੀਤ ਸਿੰਘ (ਆਤਮਾ ) ਨੇ ਦੱਸਿਆ ਕਿ ਪਰਾਲੀ  ਅਤੇ ਪਰਾਲੀ ਦੀ ਰਹਿੰਦ ਖੂੰਹਦ ਨੂੰ ਖੇਤਾਂ ਵਿੱਚ ਹੀ ਵਰਤੋਂ ਕਰਨ ਨਾਲ ਡੀ.ਏ.ਪੀ. ਖਾਦ  ਤੋਂ ਇਲਾਵਾ ਹੋਰ ਜਰੂਰੀ ਤੱਤਾਂ ਦੀ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ।