- ਐਸਜੀਪੀਸੀ ਦੀਆਂ ਵੋਟਾਂ ਬਣਾਉਣ ਸਬੰਧੀ ਵਰਕਰਾਂ ਨਾਲ ਹਲਕਾ ਇੰਚਾਰਜ ਨੇ ਕੀਤੀ ਮੀਟਿੰਗ
ਰਾਏਕੋਟ, 31 ਅਕਤੂਬਰ (ਚਮਕੌਰ ਸਿੰਘ ਦਿਓਲ) : ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਾਈਆਂ ਜਾ ਰਹੀਆਂ ਹਨ, ਜਿਸ ਸਬੰਧੀ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ ਵੱਲੋਂ ਅੱਜ ਗੁਰਦੁਆਰਾ ਬਾਬਾ ਜੋਰਾਵਰ ਸਿੰਘ ਬਾਬਾ ਫਤਹਿ ਸਿੰਘ ਰਾਏਕੋਟ ਵਿਖੇ ਮੀਟਿੰਗ ਕਰਕੇ ਵਰਕਰਾਂ ਨੂੰ ਵੋਟਾਂ ਬਣਾਉਣ ਦੀ ਅਪੀਲ ਕੀਤੀ ਗਈ ਅਤੇ ਫਾਰਮ ਵੰਡੇ ਗਏ। ਇਸ ਮੌਕੇ ਬਲਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਾਉਣ ਦਾ ਕੰਮ 21 ਅਕਤੂਬਰ ਤੋਂ ਸ਼ੁਰੂ ਕੀਤਾ ਗਿਆ ਹੈ ਪਰ ਇਸ ਮਾਮਲੇ 'ਤੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਚੁੱਪ ਧਾਰੀ ਹੋਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵੋਟਾਂ ਨੂੰ ਬਣਾਉਣ ਤੇ ਇਨ੍ਹਾਂ ਦੇ ਨਿਯਮਾਂ ਸਬੰਧੀ ਪਿੰਡਾਂ ਅਤੇ ਸ਼ਹਿਰਾਂ' 'ਚ ਨਾ ਕੋਈ ਪ੍ਰਚਾਰ ਕੀਤਾ ਜਾ ਰਿਹਾ ਹੈ, ਨਾ ਹੀ ਵੋਟਾਂ ਬਣਾਉਣ ਵਾਲਿਆਂ ਨੂੰ ਫਾਰਮ ਮਿਲ ਰਹੇ ਹਨ। ਅਕਾਲੀ ਆਗੂ ਸੰਧੂ ਨੇ ਕਿਹਾ ਕਿ ਐਸਜੀਪੀਸੀ ਵੋਟਾਂ ਬਣਾਉਣ ਲਈ ਫਾਰਮ ਮੁੱਲ ਵਿਕ ਰਹੇ ਹਨ। ਬਲਵਿੰਦਰ ਸਿੰਘ ਸੰਧੂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਐਸਜੀਪੀਸੀ ਦੀਆਂ ਵੋਟਾਂ ਦਾ ਪ੍ਰਚਾਰ ਪਿੰਡ ਪੱਧਰ ਤੱਕ ਕੀਤਾ ਜਾਵੇ ਅਤੇ ਯੋਗ ਲੋਕਾਂ ਦੀਆਂ ਵੋਟਾਂ ਬਣਾਈਆਂ ਜਾਣ। ਉਨ੍ਹਾਂ ਕਿਹਾ ਕਿ ਜਲਦੀ ਹੀ ਵੋਟਾਂ ਬਣਾਉਣ ਲਈ ਐਸਜੀਪੀਸੀ ਵੱਲੋਂ ਸਟਾਲ ਲਗਾ ਕੇ ਵੋਟਾਂ ਦੇ ਫਾਰਮ ਭਰੇ ਜਾਣਗੇ। ਬਲਵਿੰਦਰ ਸਿੰਘ ਸੰਧੂ ਨੇ ਅਕਾਲੀ ਦਲ ਦੇ ਵਰਕਰਾਂ ਨੂੰ ਅਪੀਲ ਕੀਤੀ ਕਿ ਆਪੋ-ਆਪਣੇ ਪਿੰਡਾਂ ਵਿੱਚ ਵੋਟਾਂ ਬਣਾਈਆਂ ਜਾਣ ਤਾਂ ਜੋ ਸ਼ੋ੍ਮਣੀ ਕਮੇਟੀ ਦੀਆਂ ਚੋਣਾਂ ਵਿਚ ਸ਼ੋ੍ਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਜਿਤਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਸ਼ੋ੍ਮਣੀ ਕਮੇਟੀ ਦੀਆਂ ਚੋਣਾਂ ਵਿਚ ਦਖਲਅੰਦਾਜ਼ੀ ਕਰ ਕੇ ਅਕਾਲੀ ਦਲ ਨੂੰ ਕਮਜ਼ੋਰ ਕਰਨ 'ਤੇ ਤੁਲੀਆਂ ਹੋਈਆਂ ਹਨ, ਜਿਸ ਕਰ ਕੇ ਵੱਧ ਤੋਂ ਵੱਧ ਅਕਾਲੀ ਦਲ ਦੇ ਵਰਕਰਾਂ ਦੀਆਂ ਵੋਟਾਂ ਬਣਾਈਆਂ ਜਾਣ। ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਮਨਦੀਪ ਸਿੰਘ ਗਿੱਲ, ਪ੍ਰੇਮ ਸਿੰਘ ਗਿੱਲ, ਦਿਆਲ ਸਿੰਘ, ਬਲਜਿੰਦਰ ਸਿੰਘ ਗਰੇਵਾਲ, ਜਸਵਿੰਦਰ ਸਿੰਘ ਗਰੇਵਾਲ, ਸਾਬਕਾ ਕੌਂਸਲਰ ਜਸਮੇਲ ਸਿੰਘ, ਸਾਬਕਾ ਕੌਂਸਲਰ ਕੁਲਵਿੰਦਰ ਸਿੰਘ ਗੋਰਾ, ਕੁਲਵਿੰਦਰ ਸਿੰਘ ਭੱਟੀ, ਪੱਪੂ ਆਹਲੂਵਾਲੀਆ, ਜਗਦੇਵ ਸਿੰਘ ਗਰੇਵਾਲ, ਗਿਆਨੀ ਪਲਵਿੰਦਰ ਸਿੰਘ ਅਤੇ ਰੂਪ ਸਿੰਘ ਹਾਜਰ ਸਨ।