- ਏ.ਡੀ.ਸੀ. ਨੇ ਸਬੰਧਤ ਵਿਭਾਗਾਂ ਨੂੰ ਮੁਹਿੰਮ ਨੂੰ ਸਫਲ ਬਣਾਉਣ ਲਈ ਦਿੱਤੀ ਹਦਾਇਤ
- ਸਿਹਤ ਤੇ ਪਰਿਵਾਰ ਭਲਾਈ ਵਿਭਾਗ ਅਧੀਨ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਵੱਲੋਂ ਮੀਟਿੰਗ
ਪਟਿਆਲਾ, 31 ਮਈ : ਵਧੀਕ ਡਿਪਟੀ ਕਮਿਸ਼ਨਰ (ਜ) ਗੁਰਪ੍ਰੀਤ ਸਿੰਘ ਥਿੰਦ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਹਦਾਇਤ ਕੀਤੀ ਕਿ 15 ਜੂਨ ਤੋਂ 14 ਜੁਲਾਈ ਤੱਕ ਜ਼ਿਲ੍ਹੇ ਦੀਆਂ ਜੇਲ੍ਹਾਂ, ਨਸ਼ਾ ਛੁਡਾਊ ਕੇਂਦਰਾਂ, ਬਿਰਧ ਤੇ ਅਨਾਥ ਆਸ਼ਰਮ 'ਚ ਵੱਖ ਵੱਖ ਬਿਮਾਰੀਆਂ ਦੀ ਪਹਿਚਾਣ ਕਰਨ ਲਈ ਚਲਾਈ ਜਾਣ ਵਾਲੀ ਮੁਹਿੰਮ ਨੂੰ ਸਫਲ ਬਣਾਉਣ ਲਈ ਸਬੰਧਤ ਵਿਭਾਗਾਂ ਨਾਲ ਸਮੇਂ ਸਿਰ ਤਾਲਮੇਲ ਕਰਕੇ ਪਲਾਨ ਤਿਆਰ ਕੀਤਾ ਜਾਵੇ। ਇਸ ਮੌਕੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਐਨ.ਜੀ.ਓਜ਼ ਵੀ ਮੌਜੂਦ ਸਨ। ਇਸ ਮੌਕੇ ਸਿਵਲ ਸਰਜਨ ਪਟਿਆਲਾ ਡਾ. ਰਮਿੰਦਰ ਕੌਰ ਨੇ ਮੁਹਿੰਮ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਅਧੀਨ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ 15 ਜੂਨ ਤੋਂ 14 ਜੁਲਾਈ ਤੱਕ ਇਨਟੈੱਗਰੇਟਿਡ ਯੌਨ ਰੋਗ, ਐਚ.ਆਈ.ਵੀ., ਟੀ.ਬੀ. ਅਤੇ ਵਾਇਰਲ ਹੈਪੇਟਾਈਟਸ ਦੇ ਮਰੀਜ਼ਾਂ ਦੀ ਸ਼ਨਾਖ਼ਤ ਕਰਨ ਲਈ ਸਮੂਹ ਜੇਲ੍ਹਾਂ, ਨਸ਼ਾ ਛੁਡਾਊ ਕੇਂਦਰ, ਬਿਰਧ ਆਸ਼ਰਮ, ਅਨਾਥ ਆਸ਼ਰਮ ਆਦਿ ਵਿੱਚ ਭਾਰਤ ਸਰਕਾਰ ਦੇ ਨੀਤੀ ਆਯੋਗ ਦੇ ਆਦੇਸ਼ਾਂ ਅਨੁਸਾਰ ਇੱਕ ਮੁਹਿੰਮ ਚਲਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਕੈਦੀਆਂ 'ਚ ਬਿਮਾਰੀਆਂ ਦੇ ਫੈਲਣ ਦੀ ਦਰ ਜ਼ਿਆਦਾ ਹੈ। ਇਸ ਲਈ ਸਰਕਾਰ ਵੱਲੋਂ ਇਹ ਮੁਹਿੰਮ ਵਿੱਚ ਉਪਰੋਕਤ ਬਿਮਾਰੀਆਂ ਸਬੰਧੀ ਕਾਊਂਸਲਿੰਗ, ਸਕਰੀਨਿੰਗ ਕਰਨ ਸਮੇਤ ਇਸ ਮੁਹਿੰਮ ਦਾ ਮੁੱਖ ਉਦੇਸ਼ ਅਜਿਹੇ ਮਰੀਜ਼ਾਂ ਦੀ ਭਾਲ ਕਰਨਾ ਹੈ ਜੋ ਉਪਰੋਕਤ ਬਿਮਾਰੀਆਂ ਤੋ ਗ੍ਰਸਤ ਹਨ ਅਤੇ ਉਹਨਾਂ ਦਾ ਸਮੇਂ ਸਿਰ ਇਲਾਜ ਕਰਵਾ ਕੇ ਬਿਮਾਰੀ ਦੇ ਫੈਲਾਅ ਨੂੰ ਰੋਕਣਾ ਹੈ। ਜ਼ਿਲ੍ਹਾ ਟੀ.ਬੀ. ਅਫ਼ਸਰ ਡਾ. ਗੁਰਪ੍ਰੀਤ ਸਿੰਘ ਨਾਗਰਾ ਵੱਲੋਂ ਪੀਪੀਟੀ ਰਾਹੀਂ ਵੱਖ ਵੱਖ ਵਿਭਾਗਾਂ ਨੂੰ ਇਸ ਮੁਹਿੰਮ ਲਈ ਸਹਿਯੋਗ ਸਬੰਧੀ ਕਿਹਾ ਗਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਇੱਕ ਮਾਈਕਰੋ ਪਲਾਨ ਤਿਆਰ ਕੀਤਾ ਜਾ ਰਿਹਾ ਹੈ। ਜਿਸ ਵਿੱਚ ਟੀਮਾਂ ਦਾ ਵੇਰਵਾ ਵੱਖ ਵੱਖ ਵਿਭਾਗਾਂ ਅਨੁਸਾਰ ਦਿੱਤਾ ਜਾਵੇਗਾ। ਜ਼ਿਲ੍ਹਾ ਐਪੀਡੀਮੋਲੋਜਿਸਟ (ਆਈਡੀਐਸਪੀ) ਪਟਿਆਲਾ ਡਾ. ਦਿਵਜੋਤ ਸਿੰਘ ਵੱਲੋਂ ਹੈਪੇਟਾਈਟਸ ਦੇ ਪਹਿਲਾਂ ਤੋ ਚੱਲ ਰਹੇ ਟੈਸਟਿੰਗ ਅਤੇ ਇਲਾਜ ਸਬੰਧੀ ਸਭ ਨੂੰ ਜਾਣੂ ਕਰਵਾਇਆ ਗਿਆ ਅਤੇ ਉਨ੍ਹਾਂ ਦੱਸਿਆ ਕਿ ਸਮੂਹ ਕੈਦੀ ਜਿਨ੍ਹਾਂ ਦਾ ਹੈਪੇਟਾਈਟਸ ਦਾ ਟੈਸਟ ਪੋਜਿਟਿਵ ਪਾਇਆ ਜਾਵੇਗਾ, ਉਹਨਾਂ ਦਾ ਇਲਾਜ ਜੇਲ੍ਹ ਵਿੱਚ ਤੁਰੰਤ ਸ਼ੁਰੂ ਕੀਤਾ ਜਾਵੇਗਾ। ਮੀਟਿੰਗ ਵਿੱਚ ਵਧੀਕ ਸੁਪਰਡੈਂਟ ਸੈਂਟਰਲ ਜੇਲ੍ਹ ਪਟਿਆਲਾ, ਡਿਪਟੀ ਮੈਡੀਕਲ ਕਮਿਸ਼ਨਰ ਪਟਿਆਲਾ, ਸੀਨੀਅਰ ਮੈਡੀਕਲ ਅਫ਼ਸਰ ਏ.ਆਰ.ਟੀ. ਸੈਂਟਰ, ਮਾਤਾ ਕੁਸ਼ੱਲਿਆ ਹਸਪਤਾਲ, ਨਾਭਾ, ਰਾਜਪੁਰਾ, ਤ੍ਰਿਪੜੀ, ਮਾਡਲ ਟਾਊਨ, ਜੇਲ੍ਹ ਮੈਡੀਕਲ ਅਫ਼ਸਰ, ਸੀ.ਡੀ.ਪੀ.ਉ. ਪਟਿਆਲਾ, ਪ੍ਰੋਗਰਾਮ ਮੈਨੇਜਰ ਨਾਭਾ ਫਾਊਂਡੇਸ਼ਨ, ਫ਼ਿਲਾਡੈਲਫ਼ੀਆ, ਮਰਾਇਡੋ, ਅਤੇ ਐਨ.ਜੀ.ਓ. ਮੌਜੂਦ ਸਨ