- ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਮੁੜ ਚੌਕਸ ਰਹਿਣ ਲਈ ਕਿਹਾ
ਮੋਗਾ, 19 ਫਰਵਰੀ : ਸ਼ਰਾਰਤੀ ਅਨਸਰਾਂ ਨੇ ਇਕ ਫੇਰ ਜ਼ਿਲ੍ਹਾ ਮੋਗਾ ਦੇ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਦੀ ਫੇਕ ਫੇਸਬੁੱਕ ਆਈ ਡੀ ਬਣਾ ਲਈ ਹੈ। ਇਸ ਸਬੰਧੀ ਸ੍ਰ ਕੁਲਵੰਤ ਸਿੰਘ ਨੇ ਆਮ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਹੈ। ਦੱਸਣਯੋਗ ਹੈ ਕਿ ਕਰੀਬ 10 ਕੂ ਦਿਨ ਪਹਿਲਾਂ ਵੀ ਉਹਨਾਂ ਦੀ ਕਿਸੇ ਨੇ ਫੇਕ ਆਈ ਡੀ ਬਣਾ ਲਈ ਸੀ। ਆਪਣੀ ਅਪੀਲ ਵਿੱਚ ਉਹਨਾਂ ਕਿਹਾ ਕਿ ਇਹ ਪ੍ਰੋਫਾਈਲ ਕਿਸੇ ਨੇ ਗਲਤ ਵੇਰਵੇ ਦੇ ਕੇ ਬਣਾਈ ਹੈ ਜਦਕਿ ਨਾਮ, ਤਸਵੀਰ ਅਤੇ ਹੋਰ ਜਾਣਕਾਰੀ ਉਹਨਾਂ ਦੀ ਵਰਤੀ ਗਈ ਹੈ। ਜੇਕਰ ਕਿਸੇ ਵੀ ਵਿਅਕਤੀ ਨੂੰ ਇਸ ਫੇਸਬੁੱਕ ਆਈ ਡੀ ਤੋਂ ਫਰੈਂਡ ਰਿਕਵੈਸਟ ਜਾਂ ਕੋਈ ਹੋਰ ਡਿਮਾਂਡ ਆਉਂਦੀ ਹੈ ਤਾਂ ਉਹ ਮਨਜੂਰ ਨਾ ਕਰੇ ਅਤੇ ਇਸ ਸੰਬੰਧੀ ਪੁਲਿਸ ਦੇ ਸਾਈਬਰ ਕ੍ਰਾਈਮ ਸੈੱਲ ਨੂੰ ਰਿਪੋਰਟ ਕਰੇ। ਉਹਨਾਂ ਕਿਹਾ ਕਿ ਉਹਨਾਂ ਨੇ ਆਪਣੇ ਪੱਧਰ ਉੱਤੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਇਹ ਸ਼ਰਾਰਤ ਕਰਨ ਵਾਲੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।