- ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਅਗਵਾਈ ਹੇਠ ਪਟਿਆਲਾ ਦਿਹਾਤੀ ਦੇ ਸਾਰੇ ਪਿੰਡਾਂ ਦਾ ਹੋਵੇਗਾ ਚਹੁੰਤਰਫ਼ਾ ਵਿਕਾਸ-ਡਾ. ਅਕਸ਼ਿਤਾ ਗੁਪਤਾ
ਪਟਿਆਲਾ, 31 ਮਈ : ਜ਼ਿਲ੍ਹਾ ਵਿਕਾਸ ਸੈਲ ਦੀ ਇੱਕ ਮੀਟਿੰਗ ਸਹਾਇਕ ਕਮਿਸ਼ਨਰ (ਸਿਖਲਾਈ ਅਧੀਨ ਆਈ.ਏ.ਐਸ.) ਡਾ. ਅਕਸ਼ਿਤਾ ਗੁਪਤਾ ਦੀ ਅਗਵਾਈ ਹੇਠ ਪਿੰਡ ਲੰਗ ਵਿਖੇ ਹੋਈ, ਜਿਸ ਵਿੱਚ ਪਿੰਡ ਲੰਗ ਦੇ ਵਿਕਾਸ ਲਈ ਪਿੰਡ ਵਾਸੀਆਂ ਦੀਆਂ ਤਰਜੀਹਾਂ ਜਾਣੀਆਂ ਗਈਆਂ। ਡਾ. ਅਕਸ਼ਿਤਾ ਗੁਪਤਾ ਨੇ ਦੱਸਿਆ ਕਿ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀਆਂ ਹਦਾਇਤਾਂ 'ਤੇ ਪਿੰਡ ਲੰਗ ਨੂੰ ਇੱਕ ਮਾਡਲ ਪਿੰਡ ਵਜੋਂ ਵਿਕਸਤ ਕਰਨ ਲਈ ਮੁਢਲੀਆਂ ਵਿਕਾਸ ਤਜਵੀਜਾਂ ਬਣਾਉਣ ਅਤੇ ਇਨ੍ਹਾਂ ਲਈ ਫੰਡ ਜੁਟਾਉਣ ਸਮੇਤ ਪਿੰਡ ਦੀਆਂ ਮੁੱਖ ਲੋੜਾਂ ਅਤੇ ਪਿੰਡ ਵਾਲਿਆਂ ਦੀ ਤਰਜੀਹ ਜਾਨਣ ਲਈ ਇਹ ਬੈਠਕ ਪਿੰਡ ਵਿਖੇ ਕੀਤੀ ਗਈ ਹੈ। ਇਸ ਬੈਠਕ ਵਿੱਚ ਸਹਾਇਕ ਪ੍ਰਾਜੈਕਟ ਅਫ਼ਸਰ ਵਿਜੇ ਧੀਰ ਅਤੇ ਬੀ.ਡੀ.ਪੀ.ਓ. ਕ੍ਰਿਸ਼ਨ ਸਿੰਘ ਸਮੇਤ ਹੋਰ ਅਧਿਕਾਰੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਹਲਕੇ ਦੇ ਸਾਰੇ ਪਿੰਡਾਂ ਦਾ ਇਸੇ ਤਹਿਤ ਵਿਕਾਸ ਕਰਵਾਇਆ ਜਾਵੇਗਾ। ਜਿਕਰਯੋਗ ਹੈ ਕਿ ਪਟਿਆਲਾ ਜ਼ਿਲ੍ਹੇ ਅੰਦਰ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਵਿਕਾਸ ਯੋਜਨਾਵਾਂ ਦੀ ਨਿਗਰਾਨੀ ਲਈ ਡੀ.ਸੀ. ਡੈਸ਼ ਬੋਰਡ ਵਿਕਸਤ ਕਰਵਾਇਆ ਗਿਆ ਸੀ, ਜਿਸ ਦੀ ਮੋਨੀਟਰਿੰਗ ਲਈ ਜ਼ਿਲ੍ਹਾ ਵਿਕਾਸ ਸੈਲ ਗਠਿਤ ਕੀਤਾ ਗਿਆ ਹੈ ਅਤੇ ਇਸ ਸੈਲ ਦੀ ਅਗਵਾਈ ਡਾ. ਅਕਸ਼ਿਤਾ ਗੁਪਤਾ ਕਰ ਰਹੇ ਹਨ। ਇਸੇ ਸੈਲ ਨੇ ਅੱਜ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਆਪਣੇ ਹਲਕੇ ਪਟਿਆਲਾ ਦਿਹਾਤੀ ਅੰਦਰਲੇ ਪਿੰਡਾਂ ਦੇ ਵਿਕਾਸ ਲਈ ਉਲੀਕੀਆਂ ਯੋਜਨਾਵਾਂ ਨੂੰ ਸਿਰੇ ਚੜ੍ਹਾਉਣ ਲਈ ਅੱਜ ਪਿੰਡ ਲੰਗ ਦੀਆਂ ਵਿਕਾਸ ਤਰਜੀਹਾਂ ਜਾਣਨ ਲਈ ਪਿੰਡ ਵਾਸੀਆਂ ਨਾਲ ਬੈਠਕ ਕੀਤੀ। ਡਾ. ਅਕਸ਼ਿਤਾ ਗੁਪਤਾ ਨੇ ਦੱਸਿਆ ਕਿ ਪਿੰਡ ਲੰਗ ਵਿਖੇ ਐਲੀਮੈਂਟਰੀ ਸਕੂਲ ਵਿੱਚ ਇੱਕ ਆਂਗਣਵਾੜੀ ਸੈਂਟਰ ਬਣਾਇਆ ਜਾਵੇਗਾ, ਸਾਲਿਡ ਵੇਸਟ ਮੈਨੇਜਮੈਂਟ ਪਲਾਂਟ, ਖੇਡ ਮੈਦਾਨ 'ਚ ਦੌੜਨ ਲਈ ਟ੍ਰੈਕ, ਪਿੰਡ ਦੇ ਛੱਪੜ ਦੀ ਸੰਭਾਂਲ ਤੋਂ ਇਲਾਵਾ ਬਾਇੳਗੈਸ ਪਲਾਂਟ ਬਣਾਉਣ ਦੀ ਤਜਵੀਜ ਹੈ। ਉਨ੍ਹਾਂ ਦੱਸਿਆ ਕਿ ਪਿੰਡ ਦਾ ਕੋਈ ਵੀ ਢਾਈ ਏਕੜ ਜਮੀਨ ਜਾਂ ਇਸ ਤੋਂ ਘੱਟ ਜਮੀਨ ਵਾਲਾ ਕਿਸਾਨ ਬਾਇਓਗੈਸ ਪਲਾਂਟ ਜੇਕਰ ਬਣਵਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਮਗਨਰੇਗਾ ਤਹਿਤ ਮੁਫ਼ਤ ਬਣਾਇਆ ਜਾਵੇਗਾ ਅਤੇ ਲਾਭਪਾਤਰੀ ਦਾ ਕੋਈ ਪੈਸਾ ਨਹੀਂ ਲੱਗਣਾ। ਇਸ ਦੇ ਮੈਟੀਰੀਅਲ ਤੋਂ ਬਿਨ੍ਹਾਂ 27 ਹਜ਼ਾਰ ਰੁਪਏ ਦੇ ਲਗਪਗ ਲੇਬਰ ਖ਼ਰਚਾ ਵੀ ਮਗਨਰੇਗਾ ਵਿੱਚੋਂ ਦਿੱਤਾ ਜਾਵੇਗਾ। ਇਸ ਲਈ ਵੱਧ ਤੋਂ ਵੱਧ ਲੋਕ ਇਸ ਸਕੀਮ ਦਾ ਲਾਭ ਉਠਾਉਣ, ਕਿਉਂਕਿ ਇਸ ਪਲਾਂਟ ਵਿੱਚੋਂ ਉਤਪੰਨ ਹੋਣ ਵਾਲੀ ਗੈਸ ਦਾ 3-4 ਘਰ ਲਾਭ ਲੈ ਸਕਦੇ ਹਨ।