ਸੁਨਾਮ, 01 ਮਈ : ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸਰਵੋਤਮ ਸਿਹਤ ਸਹੂਲਤਾਂ ਉਪਲਬਧ ਕਰਵਾਉਣ ਦੇ ਮਿੱਥੇ ਟੀਚੇ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਾਰਜ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਵਿਧਾਨ ਸਭਾ ਹਲਕਾ ਸੁਨਾਮ ਊਧਮ ਸਿੰਘ ਵਾਲਾ ਅਧੀਨ ਆਉਂਦੇ ਕਮਿਊਨਿਟੀ ਸਿਹਤ ਕੇਂਦਰ ਲੌਂਗੋਵਾਲ ਵਿਖੇ ਐਮਰਜੈਂਸੀ ਸੇਵਾਵਾਂ ਲਈ ਡਾਕਟਰਾਂ ਦੀ ਕਮੀ ਨੂੰ ਦੂਰ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕਮਿਊਨਿਟੀ ਸਿਹਤ ਕੇਂਦਰ ਲੌਂਗੋਵਾਲ ਦੇ ਐਮਰਜੈਂਸੀ ਵਿਭਾਗ ਵਿਚ ਮੈਡੀਕਲ ਅਫਸਰਾਂ, ਗਾਇਨੀ ਰੋਗਾਂ ਦੇ ਮਾਹਿਰਾਂ ਅਤੇ ਮੈਡੀਸਨ ਮਾਹਿਰਾਂ ਦੀ ਕਮੀ ਹੋਣ ਦਾ ਦਾ ਮਸਲਾ ਤਰਜੀਹੀ ਆਧਾਰ ਉਤੇ ਸਰਕਾਰ ਕੋਲ ਉਠਾਇਆ ਗਿਆ ਸੀ ਕਿਉਂਕਿ ਇਸ ਕਮਿਊਨਿਟੀ ਸਿਹਤ ਕੇਂਦਰ ਵਿਚ ਇਲਾਜ ਸੁਵਿਧਾਵਾਂ ਹਾਸਲ ਕਰਨ ਲਈ ਰੋਜ਼ਾਨਾ ਬਹੁ ਗਿਣਤੀ ਪਿੰਡਾਂ ਦੇ ਲੋਕ ਆਉਂਦੇ ਹਨ ਅਤੇ ਐਮਰਜੈਂਸੀ ਲੋੜਾਂ ਸਮੇਂ ਮਾਹਿਰਾਂ ਦੀ ਕਮੀ ਪੀੜਤਾਂ ਲਈ ਨੁਕਸਾਨਦਾਇਕ ਸਾਬਤ ਹੁੰਦੀ ਸੀ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬੀਤੇ ਇੱਕ ਸਾਲ ਵਿੱਚ ਸਮੇਂ ਸਮੇਂ ਤੇ ਜਾਰੀ ਕੀਤੇ ਕਰੋੜਾਂ ਰੁਪਏ ਦੇ ਫੰਡਾਂ ਨਾਲ ਹਲਕਾ ਸੁਨਾਮ ਦੇ ਸਰਵਪੱਖੀ ਵਿਕਾਸ ਪ੍ਰੋਜੈਕਟ ਪ੍ਰਗਤੀ ਅਧੀਨ ਹਨ ਉਥੇ ਹੀ ਹਲਕਾ ਵਾਸੀਆਂ ਨੂੰ ਮਿਆਰੀ ਸਿਹਤ ਸਹੂਲਤਾਂ ਉਪਲਬਧ ਕਰਵਾਉਣ ਲਈ ਅਸੀਂ ਵਚਨਬੱਧ ਹਾਂ। ਕੈਬਨਿਟ ਮੰਤਰੀ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਕਮਿਊਨਿਟੀ ਸਿਹਤ ਕੇਂਦਰ ਲੌਂਗੋਵਾਲ ਵਿਚ 24X7 ਐਮਰਜੈਂਸੀ ਸੇਵਾਵਾਂ ਮੁਹੱਈਆ ਕਰਵਾਉਣ ਲਈ 5 ਮੈਡੀਕਲ ਅਫ਼ਸਰਾਂ ਡਾ. ਮਨਪ੍ਰੀਤ ਕੌਰ, ਡਾ. ਚਾਰੂ ਗੋਇਲ, ਡਾ. ਮਲਕੀਤ ਸਿੰਘ, ਡਾ. ਕਪਿਲ ਗੋਇਲ ਅਤੇ ਡਾ. ਅਮਨਦੀਪ ਕੌਰ ਦੀ ਡਿਊਟੀ ਦੇ ਹੁਕਮ ਜਾਰੀ ਕੀਤੇ ਗਏ ਹਨ ਜੋ ਕਿ ਨਿਰਧਾਰਿਤ ਸਮਾਂ ਸਾਰਣੀ ਮੁਤਾਬਕ ਓਪੀਡੀ ਕਰਨ ਦੇ ਨਾਲ ਨਾਲ ਐਮਰਜੈਂਸੀ ਵਿਭਾਗ ਵਿਖੇ ਵੀ ਸੇਵਾਵਾਂ ਪ੍ਰਦਾਨ ਕਰਨਗੇ ਤਾਂ ਜੋ ਮਰੀਜ਼ਾਂ ਨੂੰ ਸਮੇਂ ਸਿਰ ਉਚਿਤ ਇਲਾਜ ਸਹੂਲਤਾਂ ਮਿਲ ਸਕਣ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਕਮਿਊਨਿਟੀ ਸਿਹਤ ਕੇਂਦਰ ਲੌਂਗੋਵਾਲ ਵਿਚ ਗਾਇਨੀ ਰੋਗਾਂ ਦੇ ਇਲਾਜ ਲਈ 4 ਮਹਿਲਾ ਮੈਡੀਕਲ ਅਫ਼ਸਰਾਂ ਡਾ. ਪ੍ਰਭਜੋਤ, ਡਾ. ਰਚਿਤਾ, ਡਾ. ਆਸਥਾ ਅਤੇ ਡਾ. ਪ੍ਰਿੰਸੀ ਦਾ ਵੀ ਬਕਾਇਦਾ ਡਿਊਟੀ ਸ਼ਡਿਊਲ ਜਾਰੀ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਮੈਡੀਸਨ ਦੇ ਚਾਰ ਮਾਹਿਰ ਡਾ. ਅਖਿਲੇਸ਼ ਗਰੋਵਰ, ਡਾ. ਰਾਹੁਲ ਗੁਪਤਾ, ਡਾ. ਕੰਵਰਪ੍ਰੀਤ ਕੌਰ ਅਤੇ ਡਾ. ਹਿਮਾਂਸ਼ੂ ਗਰਗ ਵੀ ਆਪਣੇ ਡਿਊਟੀ ਸ਼ਡਿਊਲ ਅਨੁਸਾਰ ਹਰ ਮੰਗਲਵਾਰ ਨੂੰ ਮਰੀਜਾਂ ਨੂੰ ਸੇਵਾਵਾਂ ਦੇਣਗੇ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਸੰਗਰੂਰ ਡਾ. ਪਰਮਿੰਦਰ ਕੌਰ ਨੇ ਦੱਸਿਆ ਕਿ ਕਮਿਊਨਿਟੀ ਸਿਹਤ ਕੇਂਦਰ ਲੌਂਗੋਵਾਲ ਵਿਖੇ ਬੱਚਿਆਂ ਦੇ ਮਾਹਿਰ ਡਾ. ਸਾਕਸ਼ੀ ਅਤੇ ਦੰਦ ਰੋਗਾਂ ਦੇ ਮਾਹਿਰ ਡਾ. ਮਾਨਿਅਤਾ ਪਹਿਲਾਂ ਹੀ ਤਾਇਨਾਤ ਹਨ। ਉਨ੍ਹਾਂ ਦੱਸਿਆ ਕਿ ਜਲਦੀ ਹੀ ਇਸ ਸਿਹਤ ਕੇਂਦਰ ਵਿੱਚ ਐਕਸ ਰੇਅ ਮਸ਼ੀਨ ਸਥਾਪਤ ਕੀਤੀ ਜਾਵੇਗੀ ਜਿਸ ਦੇ ਨਾਲ ਹੀ ਰੇਡੀਓਲੋਜਿਸਟ ਦੀ ਵੀ ਤਾਇਨਾਤੀ ਕਰ ਦਿੱਤੀ ਜਾਵੇਗੀ।