ਪਟਿਆਲਾ, 28 ਅਪ੍ਰੈਲ : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਅਤੇ ਅੰਗਰੇਜ਼ੀ ਵਿਭਾਗ ਵਲੋਂ ਸਾਂਝੇ ਤੌਰ ਉੱਤੇ ਪੰਜਾਬੀ ਦੇ ਦੋ ਮਕਬੂਲ ਸ਼ਾਇਰ ਪਾਸ਼ ਅਤੇ ਦਿਲ ਦੀਆਂ ਕਵਿਤਾਵਾਂ ਦੇ ਅਨੁਵਾਦ ਅਤੇ ਵਿਆਖਿਆ ਵਾਲੀ ਡਾ. ਰਾਜੇਸ਼ ਸ਼ਰਮਾ ਰਚਿਤ ਅੰਗਰੇਜ਼ੀ ਪੁਸਤਕ 'ਪਾਸ਼ ਐਂਡ ਦਿਲ' ਦਾ ਲੋਕ ਅਰਪਣ ਯੂਨੀਵਰਸਟੀ ਦੇ ਸੈਨੇਟ ਹਾਲ ਵਿਖੇ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ. ਅਰਵਿੰਦ ਨੇ ਕਿਹਾ ਕਿ ਅਨੁਵਾਦ ਕਵਿਤਾ ਨੂੰ ਦੁਬਾਰਾ ਕਵਿਤਾ ਵਿਚ ਲਿਖਣ ਦਾ ਮੌਕਾ ਦਿੰਦਾ ਹੈ ਅਤੇ ਇਹ ਮੌਲਿਕ ਕੰਮ ਤੋਂ ਘੱਟ ਸਿਰਜਣਾਤਮਕ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਪੰਜਾਬੀ ਦੇ ਦੋ ਮਕਬੂਲ ਕਵੀਆਂ ਪਾਸ਼ ਅਤੇ ਦਿਲ ਦੀ ਸ਼ਾਇਰੀ ਜਨ ਸਾਧਾਰਨ ਦੀ ਬੁਲੰਦ ਆਵਾਜ਼ ਦੇ ਰੂਪ ਵਿਚ ਦ੍ਰਿਸ਼ਟੀਗੋਚਰ ਹੁੰਦੀ ਹੈ ਅਤੇ ਦੋਵਾਂ ਕਵੀਆਂ ਦੇ ਤਖ਼ੱਲਸ ਉਨ੍ਹਾਂ ਦੀ ਵਿਚਾਰਧਾਰਾ ਅਤੇ ਜ਼ਿੰਦਗੀ ਜਿਉਣ ਦੇ ਤਰੀਕੇ ਨੂੰ ਉਭਾਰਦੇ ਹਨ। ਉਨ੍ਹਾਂ ਕਿਹਾ ਕਿ ਹੁਣ ਤਕ ਦੋਵਾਂ ਕਵੀਆਂ ਨੂੰ ਧਾਰਾਵਾਂ ਨਾਲ ਜੋੜ ਕੇ ਪੜ੍ਹਿਆ ਜਾਂਦਾ ਰਿਹਾ ਹੈ ਪਰੰਤੂ ਇਸ ਕਾਵਿ ਨੂੰ ਉਸ ਤੋਂ ਪਾਰ ਜਾ ਕੇ ਪੜ੍ਹਨ ਦੀ ਜ਼ਰੂਰਤ ਹੈ। ਇਸ ਲਈ ਪੰਜਾਬੀ ਯੂਨੀਵਰਸਿਟੀ ਪਾਸ਼ ਦੇ ਦਿਲ ਰਚਿਤ ਚੋਣਵੀਂ ਕਵਿਤਾ ਨੂੰ ਹੋਰ ਪਸਾਰਾਂ ਸਮੇਤ ਗੁਰਮੁਖੀ ਅਤੇ ਸ਼ਾਹਮੁਖੀ ਵਿਚ ਪ੍ਰਕਾਸ਼ਿਤ ਕੀਤਾ ਜਾਵੇਗਾ। ਇਸ ਪੁਸਤਕ ਉਪਰ ਚਰਚਾ ਕਰਨ ਵਾਲੇ ਦੋ ਮੁੱਖ ਬੁਲਾਰਿਆਂ ਵਿੱਚੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਅੰਗਰੇਜ਼ੀ ਵਿਭਾਗ ਦੇ ਮੁਖੀ ਪ੍ਰੋ. ਅਕਸ਼ੈ ਕੁਮਾਰ ਦੀ ਧਾਰਨਾ ਇਹ ਸੀ ਕਿ ਅਨੁਵਾਦ ਦੌਰਾਨ ਅਨੁਵਾਦਕ ਜਦੋਂ ਸ੍ਰੋਤ ਭਾਸ਼ਾ ਕਾਵਿ ਵਿਚ ਸੰਚਾਰਿਤ ਭਾਵਾਂ ਨੂੰ ਲਕਸ਼ ਭਾਸ਼ਾ ਵਿਚ ਢਾਲਦਾ ਹੈ ਤਾਂ ਉਸ ਕੋਲ ਵਿਸ਼ੇਸ਼ ਕਿਸਮ ਦੀ ਆਜ਼ਾਦੀ ਹੁੰਦੀ ਹੈ ਜਿਸ ਰਾਹੀਂ ਉਹ ਰਚਨਾ ਦੇ ਭਾਸ਼ਾਈ ਤੇ ਬੌਧਿਕ ਪੱਧਰ ਦਾ ਅਨੰਦ ਮਾਣਦਾ ਹੈ। ਉਨ੍ਹਾਂ ਕਿਹਾ ਕਿ ਪਾਸ਼ ਅਤੇ ਦਿਲ ਪੰਜਾਬੀ ਕਾਵਿ ਜਗਤ ਦੇ ਉਹ ਵੱਡੇ ਹਸਤਾਖ਼ਰ ਹਨ ਜਿਨ੍ਹਾਂ ਦੀ ਸ਼ਾਇਰੀ ਨਵੇਂ ਸੰਦਰਭ ਵਿਚ ਨਵੇਂ ਸਮੇਂ ਦੇ ਨਵੇਂ ਪਾਠਕਾਂ ਲਈ ਵੀ ਓਨੀ ਹੀ ਪ੍ਰਸੰਗਿਕ ਹੈ ਜਿੰਨੀ ਪਿਛਲੇ ਸਮੇਂ ਵਿਚ ਸੀ। ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਡਾ. ਯਾਦਵਿੰਦਰ ਸਿੰਘ ਨੇ ਕਿਹਾ ਕਿ ਡਾ. ਰਾਜੇਸ਼ ਨੇ ਅਨੁਵਾਦਕ ਦੇ ਤੌਰ ਉੱਤੇ ਚੋਲਾ ਬਦਲਣ ਜਿਹੀ ਪ੍ਰਕਿਰਿਆ ਵਿਚੋਂ ਗੁਜ਼ਰ ਕੇ ਦੋਵੇਂ ਸ਼ਾਇਰਾਂ ਦੇ ਕਾਵਿ ਨੂੰ ਨਵਾਂ ਜਨਮ ਦਿੱਤਾ ਹੈ ਅਤੇ ਉਨ੍ਹਾਂ ਦੇ ਵਿਚਾਰਾਂ ਨੂੰ ਨਵੇਂ ਸਿਰੇ ਤੋਂ ਗੁੰਦਦਿਆਂ ਪਾਸ਼ ਦੀ ਕਵਿਤਾ ਵਿਚੋਂ ਪੰਜਾਬ ਦੀ ਰਹਿਤਲ ਅਤੇ ਦਿਲ ਨੂੰ ਪੰਜਾਬ ਦੀ ਤਾਰੀਖ਼ ਦੇ ਸਭਿਆਚਾਰਕ ਨਕਸ਼ਾ ਨਵੀਸ ਵਜੋਂ ਉਭਾਰਿਆ ਹੈ। ਪੁਸਤਕ ਰਚੈਤਾ ਡਾ. ਰਾਜੇਸ਼ ਨੇ ਅਨੁਵਾਦ ਪ੍ਰਕਿਰਿਆ ਨਾਲ ਜੁੜੇ ਆਪਣੇ ਅਨੁਭਵ ਸਾਂਝੇ ਕਰਦਿਆਂ ਕਿਹਾ ਕਿ ਪਾਸ਼ ਅਤੇ ਦਿਲ ਕੋਲ ਯਥਾਰਥ ਦੇ ਜ਼ਾਵੀਏ ਤੋਂ ਵਕਤੀ ਚੀਜ਼ਾਂ ਰਾਹੀਂ ਭਵਿੱਖ ਨੂੰ ਦੇਖਣ ਵਾਲੀ ਤੇਜ਼ ਅੱਖ ਸੀ ਅਤੇ ਉਨ੍ਹਾਂ ਇਸ ਕਾਰਜ ਰਾਹੀਂ ਪੰਜਾਬੀ ਕਾਵਿ ਅੰਦਰ ਨਿਹਿਤ ਸੰਗੀਤ ਨੂੰ ਅੰਗਰੇਜ਼ੀ ਵਿਚ ਸੁਣਨ ਦੀ ਚਾਰਾਜੋਈ ਕੀਤੀ ਹੈ। ਉਨ੍ਹਾਂ ਆਪਣੇ ਕਾਰਜ ਨੂੰ ਅਨੁਵਾਦ, ਅਨੁਕਰਨ, ਵਿਆਖਿਆ ਅਤੇ ਪ੍ਰਤੀਮੂਲਕ ਸਿਰਜਣਾ ਦਾ ਦਰਜਾ ਦਿੰਦਿਆਂ ਆਖਿਆ ਕਿ ਹੁਣ ਤਕ ਇਨ੍ਹਾਂ ਦੋਵੇਂ ਮਕਬੂਲ ਸ਼ਾਇਰਾਂ ਦੀ ਕਵਿਤਾ ਨੂੰ ਪੂਰੀ ਤਰ੍ਹਾਂ ਨਹੀਂ ਮਾਣਿਆ ਗਿਆ। ਉਨ੍ਹਾਂ ਕਿਹਾ ਕਿ ਦੋਵਾਂ ਕਵੀਆਂ ਦੀ ਕਾਵਿ ਰਚਨਾ ਦਾ ਇਹੀ ਉਦੇਸ਼ ਸੀ ਕਿ ਸਵੈ ਬਚਾਉਣ ਲਈ ਸੰਘਰਸ਼ ਕਰੋ ਪਰ ਜ਼ਿੰਦਗੀ ਜਿਉਣਾ ਨਾ ਭੁੱਲੋ। ਇਸ ਲਈ ਇਨ੍ਹਾਂ ਕਵਿਤਾਵਾਂ ਦਾ ਅੰਗਰੇਜ਼ੀ ਅਨੁਵਾਦ ਕਰਨ ਪਿਛੇ ਉਨ੍ਹਾਂ ਦੀ ਮਨਸ਼ਾ ਸੀ ਕਿ ਵਿਸ਼ਵ ਪੱਧਰ 'ਤੇ ਇਨ੍ਹਾਂ ਕਵੀਆਂ ਦੀ ਮੁਲਵਾਨ ਸ਼ਾਇਰੀ ਪਹੁੰਚ ਸਕੇ ਅਤੇ ਅੰਗਰੇਜ਼ੀ ਜ਼ੁਬਾਨ ਦੀ ਜ਼ਰੀਏ ਵਿਸ਼ਾਲ ਪੱਧਰ 'ਤੇ ਇਹ ਸੁਨੇਹਾ ਪੁਚਾਇਆ ਜਾ ਸਕੇ ਕਿ ਪੰਜਾਬੀ ਵਿਚ ਵੀ ਇੰਨੀ ਮਿਆਰੀ ਰਚਨਾ ਹੋਈ ਹੈ। ਪੰਜਾਬੀ ਵਿਭਾਗ ਦੇ ਮੁਖੀ ਤੇ ਇਸ ਸਮਾਗਮ ਦੇ ਕੋਆਰਡੀਨੇਟਰ ਡਾ. ਗੁਰਮੁਖ ਸਿੰਘ ਨੇ ਸਰੋਤਿਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਨ੍ਹਾਂ ਕਵੀਆਂ ਦੀ ਤਿੱਖੀ ਸੁਰ ਵਾਲੀ ਕਵਿਤਾ ਅੱਜ ਵੀ ਪਾਠਕ ਦੇ ਹਿਰਦਿਆਂ ਨੂੰ ਖਿੱਚ ਪਾਉਂਦੀ ਹੋਈ ਸਮਾਜ ਵਿਰੋਧੀ ਅਤੇ ਦੰਭੀ ਸ਼ਕਤੀਆਂ ਨਾਲ ਟਕਰਾਉਂਦੀ ਪ੍ਰਤੀਤ ਹੁੰਦੀ ਹੈ। ਇਸ ਸਮਾਗਮ ਦਾ ਸੰਚਾਲਨ ਕਰਦਿਆਂ ਪੰਜਾਬੀ ਵਿਭਾਗ ਦੇ ਪ੍ਰੋਫ਼ੈਸਰ ਡਾ. ਸੁਰਜੀਤ ਸਿੰਘ ਨੇ ਦੱਸਿਆ ਕਿ ਡਾ. ਰਾਜੇਸ਼ ਨੇ ਦੋਵਾਂ ਕਵੀਆਂ ਦੀ ਕਵਿਤਾ ਨੂੰ ਸ਼ਿਵ ਕੁਮਾਰ ਬਟਾਲਵੀ ਕਾਵਿ ਦੇ ਹਵਾਲੇ ਨਾਲ ਵਿਸ਼ਲੇਸ਼ਿਤ ਕੀਤਾ ਹੈ। ਅੰਗਰੇਜ਼ੀ ਵਿਭਾਗ ਦੇ ਮੁਖੀ ਡਾ. ਜਯੋਤੀ ਪੁਰੀ ਨੇ ਸਮਾਗਮ ਵਿਚ ਸ਼ਾਮਿਲ ਹੋਣ ਵਾਲੇ ਡਾ. ਰਾਜਵੰਤ ਕੌਰ ਪੰਜਾਬੀ, ਡਾ. ਗੁਰਸੇਵਕ ਸਿੰਘ ਲੰਬੀ, ਡਾ. ਨਵਜੋਤ ਕੌਰ ਤੋਂ ਇਲਾਵਾ ਅੰਗਰੇਜ਼ੀ ਅਤੇ ਪੰਜਾਬੀ ਵਿਭਾਗ ਦੇ ਖੋਜਾਰਥੀਆਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।