- ਜਿਲ੍ਹੇ ਦੀ ਸੜਕੀ ਆਵਾਜਾਈ ਵਿਚ ਰਾਹਗੀਰਾਂ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਦਿੱਕਤ
- 8.99 ਕਰੋੜ ਰੁਪਏ ਖਰਚ ਕੇ ਸੜਕਾਂ ਦੀ ਬਦਲੀ ਜਾਵੇਗੀ ਨੁਹਾਰ
ਫ਼ਰੀਦਕੋਟ 18 ਦਸੰਬਰ : ਫਰੀਦਕੋਟ ਜਿਲ੍ਹੇ ਵਿਚ ਸੜਕ ਹਾਦਸਿਆਂ ਵਿਚ ਠੱਲ ਪਾਉਣ ਲਈ ਸੜਕੀ ਆਵਾਜਾਈ ਨੂੰ ਹੋਰ ਸੁਰੱਖਿਅਤ ਕਰਨ ਦੇ ਮੰਤਵ ਨਾਲ 8.99 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ. ਸੁਖਜੀਤ ਸਿੰਘ ਢਿੱਲਵਾਂ ਨੇ ਦੱਸਿਆ ਕਿ ਇਹ ਧਨਰਾਸ਼ੀ ਆਉਣ ਵਾਲੇ ਸਮੇਂ ਦੌਰਾਨ ਨਵੀਆਂ ਸੜਕਾਂ ਉਸਾਰਨ ਅਤੇ ਟੁੱਟੀਆਂ-ਭੱਜੀਆਂ ਨੂੰ ਦਰੁਸਤ ਕਰਨ ਲਈ ਖਰਚ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਈ ਵਾਰ ਦੋ ਪਹੀਆ ਵਾਹਨ ਸੜਕਾਂ ਵਿਚ ਛੋਟੇ-ਵੱਡੇ ਟੋਏ ਕਾਰਨ ਵੀ ਹਾਦਸੇ ਦਾ ਸ਼ਿਕਾਰ ਹੋਏ ਹਨ। ਉਨ੍ਹਾਂ ਦੱਸਿਆ ਕਿ ਸੜਕਾਂ ਯਾਤਾਯਾਤ ਅਤੇ ਹਾਈਵੇਅ ਮੰਤਰਾਲਾ ਭਾਰਤ ਸਰਕਾਰ ਵੱਲੋਂ ਜਾਰੀ ਇਕ ਸਲਾਨਾ ਰਿਪੋਰਟ ਅਨੁਸਾਰ ਭਾਰਤ ਦੀਆਂ ਸੜਕਾਂ ਤੇ ਪਏ ਟੋਇਆਂ ਕਾਰਨ ਹਾਦਸੇ ਵਿਚ ਗ੍ਰਸਤ ਲੋਕਾਂ ਦੀ ਮੌਤ ਵਿਚ ਇਜਾਫਾ ਹੋਇਆ ਹੈ। ਇਸ ਮੰਤਰਾਲੇ ਦੀ ਰਿਪੋਰਟ ਅਨੁਸਾਰ ਸਾਲ 2021 ਦੌਰਾਨ ਦੇਸ਼ ਵਿਚ 1481 ਮੌਤਾਂ ਹੋਈਆ, ਜਦਕਿ ਇਹ ਗਿਣਤੀ 2022 ਵਿਚ ਵਧ ਕੇ 1856 ਹੋ ਗਈ । ਉਨ੍ਹਾਂ ਦੱਸਿਆ ਕਿ ਅਜਿਹੇ ਹਾਦਸਿਆਂ ਵਿਚ ਫਟੜ੍ਹ ਹੋਏ ਲੋਕਾਂ ਦੀ ਗਿਣਤੀ 3103 ਦਰਸਾਈ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਧ ਰਹੀਆਂ ਘਟਨਾਵਾਂ ਦੇ ਮੱਦੇਨਜਰ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾ ਦੇ ਦਿਸ਼ਾ –ਨਿਰਦੇਸ਼ਾ ਅਨੁਸਾਰ ਜਲਦ ਹੀ ਇਹ (8.99 ਕਰੋੜ) ਧਨਰਾਸ਼ੀ ਖਰਚ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਫਰੀਦਕੋਟ ਲਈ 1.24 ਕਰੋੜ, ਜੈਤੋ ਲਈ 2.37 ਕਰੋੜ, ਕੋਟਕਪੂਰਾ ਲਈ 4.88 ਕਰੋੜ ਅਤੇ ਸਾਦਿਕ ਲਈ 50 ਲੱਖ ਰੁਪਏ ਦੀ ਲਾਗਤ ਨਾਲ ਸੜਕਾਂ ਦੇ ਨਿਰਮਾਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ।