ਮੁੱਲਾਂਪੁਰ ਦਾਖਾ, 30 ਅਪ੍ਰੈਲ (ਸਤਵਿੰਦਰ ਸਿੰਘ ਗਿੱਲ) : ਦਸ਼ਮੇਸ਼ ਕਿਸਾਨ ਮਜਦੂਰ ਯੂਨੀਅਨ (ਰਜਿ:) ਜਿਲ੍ਹਾ ਲੁਧਿਆਣਾ ਦੀ ਕਾਰਜਕਾਰੀ ਕਮੇਟੀ ਦੀ ਇਕ ਅਹਿਮ ਮੀਟਿੰਗ ਅੱਜ ਪ੍ਧਾਨ ਗੁਰਦਿਆਲ ਸਿੰਘ ਤਲਵੰਡੀ ਦੀ ਪ੍ਧਾਨਗੀ ਹੇਠ ਸਵੱਦੀ ਕਲਾਂ ਵਿਖੇ ਹੋਈ। ਜਿਸ ਵਿੱਚ ਵੱਖ-ਵੱਖ ਭਖਦੇ ਕਿਸਾਨ ਮਜਦੂਰ ਮੁਦਿਆਂ ਤੋਂ ਇਲਾਵਾ 1 ਮਈ ਦੇ ਕੌਮਾਂਤਰੀ ਮਈ ਦਿਵਸ ਸ਼ਹੀਦ ਸਮਾਗਮ ਬਾਰੇ ਗੰਭੀਰ ਤੇ ਭਰਵੀਆਂ ਵਿਚਾਰਾਂ ਕੀਤੀਆਂ ਗਈਆਂ। ਅੱਜ ਦੀ ਮੀਟਿੰਗ ਨੂੰ ਜੱਥੇਬੰਦੀ ਦੇ ਆਗੂਆਂ - ਸਕੱਤਰ ਜਸਦੇਵ ਸਿੰਘ ਲਲਤੋਂ, ਮੀਤ ਪ੍ਰਧਾਨ ਬਲਜੀਤ ਸਿੰਘ ਸਵੱਦੀ, ਸਹਾਇਕ ਸਕੱਤਰ ਰਣਜੀਤ ਸਿੰਘ ਗੁੜੇ, ਖਜਾਨਚੀ ਅਮਰੀਕ ਸਿੰਘ ਤਲਵੰਡੀ ਤੇ ਡਾ: ਗੁਰਮੇਲ ਸਿੰਘ ਕੁਲਾਰ ਨੇ ਵਿਸ਼ੇਸ਼ ਤੌਰ ਤੇ ਸੰਬੋਧਨ ਕੀਤਾ ਅਤੇ ਵਿਚਾਰ - ਚਰਚਾ ਵਿੱਚ ਠੋਸ ਤੇ ਨਿੱਗਰ ਸੁਝਾਅ ਪੇਸ਼ ਕੀਤੇ।
ਮੀਟਿੰਗ ਵਿੱਚ ਸਰਵਸੰਮਤੀ ਨਾਲ ਹੇਠ ਲਿਖੇ ਮਹੱਤਵਪੂਰਨ ਮਤੇ ਪਾਸ ਕੀਤੇ ਗਏ
ਪਹਿਲੇ ਮਤੇ ਰਾਹੀਂ ਪੰਜਾਬ ਸਰਕਾਰ ਪਾਸੋਂ ਜੋਰਦਾਰ ਮੰਗ ਕੀਤੀ ਗਈ ਕਿ ਜਗਰਾਉਂ ਤਹਿਸੀਲ ਦੀਆਂ ਸ਼ਹਿਰ ਦੀ ਮੰਡੀ ਸਮੇਤ ਨੱਕੋ-ਨੱਕ ਭਰੀਆਂ ਸਮੂਹ 25 ਮੰਡੀਆਂ 'ਚ ਪਹਿਲਾਂ ਖਰੀਦੀ ਕਣਕ ਦੀ ਲਿਫਟਿੰਗ ਦੇ ਕਾਰਜ ਵਿੱਚ ਫੌਰੀ ਤੌਰ ਤੇ ਵੱਡੀ ਤੇਜ਼ੀ ਲਿਆਂਦੀ ਜਾਵੇ ਅਤੇ ਪਿਛਲੇ 5-6 ਦਿਨਾਂ ਤੋਂ ਲੱਗਭੱਗ ਬੰਦ ਪਈ ਨਵੀਂ ਖਰੀਦ ਦੇ ਕਾਰਜ ਨੂੰ ਮੁੜ ਆਰੰਭਿਆ ਜਾਵੇ। ਦੂਜੇ ਮਤੇ ਰਾਹੀਂ ਕਣਕ ਦੇ ਖਰਾਬੇ ਦਾ ਪੂਰਾ-ਪੂਰਾ ਮੁਆਵਜ਼ਾ ( ਪਹਿਲੇ 6 ਅਪ੍ਰੈਲ ਤੇ ਮੁੜ 14 ਅਪ੍ਰੈਲ ਦੀ ਵਾਅਦਾ - ਖਿਲਾਫ਼ੀ ਦੇ ਬਾਵਜੂਦ) ਮਈ ਦੇ ਪਹਿਲੇ ਹਫ਼ਤੇ ਦੇ ਅੰਦਰ -ਅੰਦਰ ਕਿਸਾਨਾਂ ਦੇ ਬੈੰਕ ਖਾਤਿਆਂ 'ਚ ਪਾਇਆ ਜਾਵੇ। ਨਾਲ ਹੀ ਖੇਤ-ਮਜਦੂਰਾਂ ਨੂੰ ਪ੍ਤੀ ਏਕੜ (ਕਿਸਾਨ ਮੁਆਵਜ਼ੇ ਦਾ ਘੱਟੋ-ਘੱਟ 20%) ਬਣਦਾ ਮੁਆਵਜ਼ਾ ਵੀ ਲਾਜ਼ਮੀ ਅਦਾ ਕੀਤਾ ਜਾਵੇ। ਹੋਰ ਦੇਰੀ ਦੀ ਸੂਰਤ ਵਿੱਚ ਸੰਯੁਕਤ ਕਿਸਾਨ ਮੋਰਚਾ ਭਾਰਤ ਦੀਆਂ ਪੰਜਾਬ ਦੀਆਂ ਸਮੂਹ ਸੰਘਰਸ਼ਸ਼ੀਲ ਕਿਸਾਨ ਜੱਥੇਬੰਦੀਆਂ ਤਿੱਖਾ ਸੰਘਰਸ਼ ਵਿੰਡ ਦੇਣਗੀਆਂ, ਜਿਸਦੇ ਸਿਟਿਆਂ ਦੀ ਜੁਮੇਵਾਰੀ ਕੇਵਲ ਪੰਜਾਬ ਸਰਕਾਰ ਸਿਰ ਹੋਵੇਗੀ। ਤੀਜੇ ਮਤੇ ਰਾਹੀਂ ਕੇੰਦਰ ਦੀ ਮੋਦੀ ਸਰਕਾਰ ਤੇ ਕਣਕ ਦੇ ਭਾਰੀ ਖਰਾਬੇ ਅਤੇ ਝਾੜ ਦੇ ਘਾਟੇ ਬਦਲੇ 500ਰੁ਼. ਪ੍ਤੀ ਕੁਇੰਟਲ ਵਿਸ਼ੇਸ਼ ਬੋਨਸ ਦੀ ਵੀ ਪੁਰਜੋਰ ਮੰਗ ਕੀਤੀ ਗਈ ਹੈ। ਚੌਥੇ ਮਤੇ ਰਾਹੀਂ ਐਲਾਨ ਕੀਤਾ ਗਿਆ ਕਿ 1ਮਈ ਦਿਨ ਸੋਮਵਾਰ ਨੂੰ ਠੀਕ 11ਵਜੇ ਪੱਕਾ ਧਰਨਾ ਸਥਾਨ (ਰਾਏਕੋਟ ਰੋਡ) ਜਗਰਾਉਂ ਵਿਖੇ ਕੌਮਾਂਤਰੀ ਮਈ ਦਿਵਸ ਸੰਬੰਧੀ ਸਾਂਝੇ ਸ਼ਹੀਦੀ ਸਮਾਗਮ ਵਾਸਤੇ ਚੌਕੀਮਾਨ ਟੋਲ ਪਲਾਜ਼ਾ ਤੋਂ ਵੱਡਾ ਕਾਫਲਾ ਵਧ ਚੜ ਕੇ ਪੂਰੇ ਜੋਸ਼-ਖਰੋਸ਼ ਨਾਲ ਰਵਾਨਾ ਹੋਵੇਗਾ, ਜਿਸ ਦੀਆਂ ਤਿਆਰੀਆਂ ਨੂੰ ਅੱਜ ਅੰਤਮ ਛੋਹਾਂ ਦੇ ਦਿੱਤੀਆਂ ਗਈਆਂ ਹਨ। ਅੱਜ ਦੀ ਮੀਟਿੰਗ 'ਚ ਗੁਰਦਿਆਲ ਸਿੰਘ ਸੋਨੀ ਸਵੱਦੀ, ਸੁਰਜੀਤ ਸਿੰਘ ਸਵੱਦੀ, ਬੂਟਾ ਸਿੰਘ ਬਰਸਾਲ, ਤੇਜਿੰਦਰ ਸਿੰਘ ਬਿਰਕ, ਚਰਨਜੀਤ ਸਿੰਘ, ਨਿਰਭੈ ਸਿੰਘ, ਅੰਮਰਜੀਤ ਸਿੰਘ ਖੰਜਰਵਾਲ, ਮੇਵਾ ਸਿੰਘ, ਸੁਖਦੇਵ ਸਿੰਘ ਗੁੜੇ, ਜੱਥੇਦਾਰ ਗੁਰਮੇਲ ਸਿੰਘ ਢੱਟ, ਪ੍ਦੀਪ ਕੁਮਾਰ, ਨੰਬਰਦਾਰ ਮਨਮੋਹਣ ਸਿੰਘ ਪੰਡੋਰੀ, ਕੁਲਦੀਪ ਸਿੰਘ, ਨਰਿੰਦਰ ਸਿੰਘ ਬਰਸਾਲ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।