ਫਾਜ਼ਿਲਕਾ 31 ਅਕਤੂਬਰ : ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਵੱਖ-ਵੱਖ ਤਰੀਕਿਆ ਰਾਹੀਂ ਵਰਤੋਂ ਵਿਚ ਲਿਆਉਣ ਲਈ ਸਰਕਾਰ ਵੱਲੋਂ ਖੇਤੀਬਾੜੀ ਸੰਦ ਸਬਸਿਡੀ ਤੇ ਮੁਹੱਈਆ ਕਰਵਾਏ ਜਾ ਰਹੇ ਹਨ ਤਾਂ ਜੋ ਪਰਾਲੀ ਸਾੜਨ ਦੇ ਰੁਝਾਨ ਨੂੰ ਰੋਕਿਆ ਜਾ ਸਕੇ ਅਤੇ ਵਾਤਾਵਰਣ ਨੂੰ ਵੀ ਗੰਧਲਾ ਹੋਣ ਤੋਂ ਬਚਾਇਆ ਜਾ ਸਕੇ। ਕਾਫੀ ਗਿਣਤੀ ਵਿਚ ਅਗਾਂਹਵਧੂ ਕਿਸਾਨ ਵੀਰਾਂ ਵੱਲੋਂ ਆਧੁਨਿਕ ਖੇਤੀਬਾੜੀ ਸੰਦਾਂ ਦੀ ਵਰਤੋਂ ਕਰਕੇ ਜਿਥੇ ਫਸਲ ਨੂੰ ਅੱਗ ਨਹੀਂ ਲਗਾਈ ਉੱਥੇ ਸਿਧੀ ਫਸਲ ਦੀ ਬਿਜਾਈ ਕਰਕੇ ਵੱਧ ਝਾੜ ਪ੍ਰਾਪਤ ਕਰ ਰਹੇ ਹਨ। ਅਜਿਹੀ ਹੀ ਇੱਥ ਉਦਾਹਰਨ ਪਿੰਡ ਬੁਰਜ ਮੁਹਾਰ ਦੇ ਅਗਾਂਹਵਧੂ ਕਿਸਾਨ ਹਰਪ੍ਰੀਤ ਸਿੰਘ ਦੀ ਹੈ ਜਿਸ ਨੇ ਪਿਛਲੇ 7 ਸਾਲਾਂ ਤੋਂ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਗਾਈ ਸਗੋਂ ਵੱਖ-ਵੱਖ ਆਧੁਨਿਕ ਮਸ਼ੀਨਾਂ ਦੀ ਵਰਤੋਂ ਕਰਕੇ ਪਰਾਲੀ ਨੂੰ ਜ਼ਮੀਨ ਦੇ ਅੰਦਰ ਜ਼ਜ਼ਬ ਕਰਕੇ ਜ਼ਮੀਨ ਦੀ ਉਪਜਾਊ ਸ਼ਕਤੀ ਵਧਾ ਕੇ ਜ਼ਮੀਨ ਦੀ ਬਣਤਰ ਅਤੇ ਸਿਹਤ ਨੂੰ ਸੁਧਾਰ ਕੇ ਵੱਧ ਮੁਨਾਫਾ ਕਮਾ ਰਿਹਾ ਹੈ ਅਤੇ ਇਲਾਕੇ ਦੇ ਕਿਸਾਨਾਂ ਨੂੰ ਪਰਾਲੀ ਨਾ ਸਾੜ ਕੇ ਜਮੀਨ ਵਿੱਚ ਵਹਾ ਕੇ ਖੇਤੀ ਕਰਨ ਲਈ ਪ੍ਰੇਰਿਤ ਕਰ ਰਿਹਾ ਹੈ। ਹਰਪ੍ਰੀਤ ਸਿੰਘ ਇਸ ਵਾਰ ਵੀ ਅਪਣੀ 19 ਏਕੜ ਝੋਨੇ ਦੀ ਪਰਾਲੀ ਨੂੰ ਸਮਾਰਟ ਸੀਡਰ ਅਤੇ ਹੈਪੀ ਸੀਡਰ ਦੀ ਵਰਤੋਂ ਕਰਕੇ ਪਰਾਲੀ ਨੂੰ ਜਮੀਨ ਦੇ ਵਿੱਚ ਹੀ ਮਿਲਾ ਰਿਹਾ ਹੈ। ਉਨ੍ਹਾਂ ਨੇ ਆਪਣੇ ਖੇਤ ਵਿਚ ਸਮਾਰਟ ਸੀਡਰ ਦੀ ਡੈਮੋਂਸਟ੍ਰੇਸਨ ਦੌਰਾਨ ਦੱਸਿਆ ਕਿ ਪਰਾਲੀ ਨੂੰ ਜ਼ਮੀਨ ਦੇ ਅੰਦਰ ਵਾਹੁਣ ਨਾਲ ਜ਼ਮੀਨ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ ਅਤੇ ਉਪਜ ਵੱਧ ਮਿਲਦੀ ਹੈ। ਉਨ੍ਹਾਂ ਨੇ ਦੱਸਿਆ ਕਿ ਪਰਾਲੀ ਨੂੰ ਜਮੀਨ ਵਿੱਚ ਜ਼ਜ਼ਬ ਕਰਨ ਨਾਲ ਕੈਮੀਕਲ ਖਾਦਾਂ ਦੀ ਵਰਤੋ ਵੀ ਘੱਟਦੀ ਹੈ ਜਿਸ ਨਾਲ ਕਿਸਾਨ ਵੀਰ ਆਪਣਾ ਖਰਚਾ ਘਟਾ ਸਕਦੇ ਹਨ। ਸਾਰੇ ਕਿਸਾਨ ਭਰਾਵਾਂ ਨੂੰ ਵੀ ਅਪੀਲ ਕਰਦੇ ਹੋਏ ਕਿਹਾ ਕਿ ਇਸ ਵਿਚ ਕੁੱਝ ਮਿਹਨਤ ਜ਼ਰੂਰ ਕਰਨੀ ਪੈਂਦੀ ਹੈ ਪ੍ਰੰਤੂ ਇਸ ਦੇ ਫਾਇਦੇ ਵੀ ਬਹੁਤ ਹਨ। ਖੇਤੀਬਾੜੀ ਵਿਭਾਗ ਤੋਂ ਬਲਾਕ ਖੇਤੀਬਾੜੀ ਅਫਸਰ ਸ੍ਰੀ ਸੁੰਦਰ ਲਾਲ, ਖੇਤੀਬਾੜੀ ਵਿਕਾਸ ਅਫਸਰ ਸ੍ਰੀ ਵਿਕਰਾਂਤ ਅਤੇ ਖੇਤੀਬਾੜੀ ਉਪ ਨਿਰੀਖਕ ਵਿਪਨ ਕੁਮਾਰ ਨੇ ਦੱਸਿਆ ਕਿ ਪਰਾਲੀ ਨੂੰ ਸਾੜਨ ਨਾਲ ਵਾਤਾਵਰਣ ਵੀ ਦੂਸ਼ਿਤ ਹੁੰਦਾ ਹੈ ਜਿਸ ਨਾਲ ਮਨੁਖੀ ਸਿਹਤ ਉਤੇ ਮਾੜਾ ਅਸਰ ਪੈਂਦਾ ਹੈ ਇਸ ਲਈ ਸਾਨੂੰ ਪਰਾਲੀ ਨੂੰ ਨਹੀਂ ਸਾੜਨਾ ਚਾਹੀਦਾ। ਸਰਕਾਰ ਵੱਲੋਂ ਪਰਾਲੀ ਦੀ ਸਾਂਭ ਸੰਭਾਲ ਲਈ ਵਰਤਣ ਵਾਲਿਆਂ ਵੱਖ-ਵੱਖ ਮਸ਼ੀਨਾਂ ਸਬਸਿਡੀ ਉਤੇ ਮੁਹੱਈਆ ਕਰਵਾਈਆਂ ਗਈਆਂ ਹਨ ਜਿਨ੍ਹਾਂ ਨੂੰ ਵਰਤ ਕੇ ਪਰਾਲੀ ਦਾ ਪ੍ਰਬੰਧਨ ਕੀਤਾ ਜਾ ਸਕਦਾ ਹੈ। ਸੋ ਆਓ ਕਿਸਾਨ ਵੀਰੋ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਈਏ ਸੋ ਆਪਣੇ ਖੇਤਾਂ ਵਿੱਚ ਆਧੁਨਿਕ ਸੰਦਾਂ ਨਾਲ ਵਾਹ ਕੇ ਕਦਕ ਦੀ ਬਿਜਾਈ ਕਰੀਏ ਜਿਸ ਨਾਲ ਕਣਕ ਦੀ ਫਸਲ ਦਾ ਝਾੜ ਵਧੇਗਾ ਅਤੇ ਖਾਦਾਂ ਦੀ ਵਰਤੋਂ ਵੀ ਘੱਟ ਪਵੇਗੀ।