ਸ੍ਰੀ ਅਨੰਦਪੁਰ ਸਾਹਿਬ, 30 ਅਪ੍ਰੈਲ : ਸਿੱਕਮ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਦੁਆਰਾ ਡਾਂਗਮਾਰ ਸਾਹਿਬ ਦੀ ਗੁਰ ਮਰਯਾਦਾ ਬਹਾਲ ਹੋ ਜਾਣ ਤੇ ਨਿਹੰਗ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਨੇ ਤਸੱਲੀ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ ਕਿ ਸਿੱਖ ਸੰਸਥਾਵਾਂ, ਸਿੱਖ ਜਥੇਬੰਦੀਆਂ ਤੇ ਹਰੇਕ ਸਿੱਖ ਦੀ ਇੱਛਾ ਤੇ ਮੰਗ ਸੀ ਕਿ ਗੁਰਦੁਆਰਾ ਡਾਂਗਮਾਰ ਸਾਹਿਬ ਦੀ ਮਰਯਾਦਾ ਤੁਰੰਤ ਬਹਾਲ ਹੋਵੇ ਤੇ ਦਖਲ ਦੇ ਰਹੀਆਂ ਧਿਰਾਂ ਮਰਯਾਦਾ ਨੂੰ ਪ੍ਰਭਾਵਿਤ ਨਾ ਕਰਨ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀ ਸਿੱਕਮ ਹਾਈ ਕੋਰਟ ਨੇ ਦਖਲ ਦੇ ਕੇ ਮਰਯਾਦਾ ਪਹਿਲਾਂ ਦੀ ਤਰ੍ਹਾਂ ਬਹਾਲ ਕਰਨ ਦੇ ਆਦੇਸ਼ ਦਿੱਤੇ ਹਨ, ਇਸ ਪਿੱਛੇ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸ. ਇਕਬਾਲ ਸਿੰਘ ਲਾਲਪੁਰਾ ਦੀ ਮੇਹਨਤ ਤੇ ਦਿਲਚਸਪੀ ਰੰਗ ਲਿਆਈ ਹੈ। ਨਿਹੰਗ ਮੁਖੀ ਨੇ ਕਿਹਾ ਕਿ ਇਹ ਮਾਮਲਾ 2007 ਤੋਂ ਪ੍ਰਭਾਵਿਤ ਸੀ ਚੱਲੋਂ ਦੇਰ ਆਇਦ ਦਰੁਸਤ ਆਇਦ ਨਾਲ ਹੀ ਭਲਾ ਹੈ। ਉਨ੍ਹਾਂ ਕਿਹਾ ਘੱਟ ਗਿਣਤੀ ਭਾਈ ਚਾਰਿਆਂ ਦੇ ਧਾਰਮਿਕ ਅਸਥਾਨਾਂ ਨਾਲ ਵਿਤਕਰਾ ਬਹੁ ਗਿਣਤੀ ਲਈ ਵਾਜਬ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣੀ ਸਬ ਕਮੇਟੀ ਨੇ ਸਿੰਧੀ, ਨਿਰਮਲੇ, ਉਦਾਸੀ, ਭਾਈਚਾਰੇ ਦੇ ਧਾਰਮਿਕ ਅਸਥਾਨਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਗੁਰ ਮਰਯਾਦਾ ਅਨੁਸਾਰ ਕੀਤਾ ਜਾਣਾ ਚਾਹੀਦਾ ਹੈ ਨਾਲ ਸਹਿਮਤੀ ਪ੍ਰਗਟਾਈ ਹੈ ਅਤੇ ਕਿਹਾ ਕਿ ਪੰਥ ਦੇ ਭਿੰਨ ਭਿੰਨ ਅੰਗ ਜੋ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਸਥਾ ਵਿਸ਼ਵਾਸ ਰਖਦੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਯਾਦਾ ਦਾ ਪਾਲਣ ਕਰਦੇ ਹਨ। ਉਨ੍ਹਾਂ ਨੂੰ ਪੰਥ ਤੋਂ ਦੂਰ ਨਹੀਂ ਕਰਨਾ ਚਾਹੀਦਾ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਉਪਰਾਲਾ ਦੂਰ ਅੰਦੇਸ਼ੀ ਤੇ ਪੰਥਕ ਸੋਚ ਵਾਲਾ ਹੈ।