- ਪੰਜਾਬੀ ਸੁਆਣੀਆਂ ਵੱਲੋਂ ਲਗਾਈ ਫੁਲਕਾਰੀਆਂ ਦੀ ਪ੍ਰਦਰਸ਼ਨੀ ਦਾ ਫਾਜ਼ਿਲਕਾ ਦੀਆਂ ਮਹਿਲਾਵਾਂ ਨੇ ਖੂਬ ਲਾਭ ਉਠਾਇਆ
ਫਾਜ਼ਿਲਕਾ 9 ਨਵੰਬਰ : ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਹੇਠ ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਦੀ ਅਗਵਾਈ ਹੇਠ ਪ੍ਰਤਾਪ ਬਾਗ ਫਾਜ਼ਿਲਕਾ ਵਿਖੇ ਚੱਲ ਰਹੇ ਪੰਜਾਬ ਹੈਂਡੀਕਾਰਫਟ ਮੇਲੇ ਦਾ ਫਾਜ਼ਿਲਕਾ ਵਾਸੀ ਖੂਬ ਆਨੰਦ ਮਾਣ ਰਹੇ ਹਨ ਤੇ ਉਹ ਪੰਜਾਬੀ ਸੱਭਿਆਚਾਰ ਤੇ ਪੁਰਾਤਨ ਵਿਰਸੇ ਤੋਂ ਜਾਣੂੰ ਹੋਣ ਲਈ ਵੱਧ ਚੜ੍ਹ ਕੇ ਮੇਲੇ ਵਿੱਚ ਪਹੁੰਚ ਰਹੇ ਹਨ ਤੇ ਵੱਖ-ਵੱਖ ਖਰੀਦਦਾਰੀਆਂ ਵੀ ਕਰ ਰਹੇ ਹਨ। ਪੰਜਾਬੀ ਸੁਆਣੀਆਂ ਵੱਲੋਂ ਲਗਾਈ ਫੁਲਕਾਰੀਆਂ ਦੀ ਪ੍ਰਦਰਸ਼ਨੀ ਜਿਸ ਵਿੱਚ ਵੱਖ-ਵੱਖ ਰੰਗਾਂ ਦੀਆਂ ਫੁਲਕਾਰੀਆਂ ਫਾਜ਼ਿਲਕਾ ਵਾਸੀਆਂ ਨੂੰ ਕਾਫੀ ਮੋਹਿਤ ਕਰ ਰਹੀਆਂ ਤੇ ਫਾਜ਼ਿਲਕਾ ਦੀਆਂ ਮਹਿਲਾਵਾਂ ਇਨ੍ਹਾਂ ਦੀ ਖਰੀਦਦਾਰੀ ਵੀ ਕਰ ਰਹੀਆਂ ਹਨ। ਇਸ ਮੇਲੇ ਵਿੱਚ ਪੰਜਾਬੀ ਮਾਂ ਬੋਲੀ ਓ,ਅ ਦੇ 35 ਅੱਖਰਾਂ ਨੂੰ ਦਰਸਾਉਂਦੀ ਪੰਜਾਬੀ ਫੁਲਕਾਰੀ ਕਾਫੀ ਚਰਚਾ ਵਿੱਚ ਹੈ। ਇਹ ਫੁਲਕਾਰੀ ਫਾਜ਼ਿਲਕਾ ਵਾਸੀਆਂ ਤੇ ਖਾਸ ਕਰ ਨੌਜਵਾਨ ਬੱਚਿਆਂ ਨੂੰ ਮਾਂ ਬੋਲੀ ਪੰਜਾਬੀ ਵੱਲ ਜੁੜਨ ਲਈ ਆਕਰਸ਼ਿਤ ਕਰ ਰਹੀ ਹੈ। ਪੰਜਾਬ ਸਰਕਾਰ ਵੱਲੋਂ ਉਲੀਕੇ ਇਸ ਪੰਜਾਬ ਹੈਂਡੀਕਰਾਫਟ ਮੇਲੇ ਵਿੱਚ ਫਾਜ਼ਿਲਕਾ ਵਾਸੀਆਂ ਨੂੰ ਪੁਰਾਤਨ ਵਿਰਸੇ ਨਾਲ ਜੁੜਨ ਦਾ ਮੌਕਾ ਮਿਲ ਰਿਹਾ ਹੈ ਤੇ ਉਹ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰ ਰਹੇ ਹਨ। ਜਿੱਥੇ ਇਹ ਹਸਤਕਾਰੀ ਪ੍ਰਦਰਸ਼ਨੀਆਂ ਕਰਕੇ ਫਾਜ਼ਿਲਕਾ ਵਾਸੀਆਂ ਦੇ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ ਉੱਥੇ ਹੀ ਇੱਥੇ ਚੱਲ ਰਹੇ ਰੋਜ਼ਾਨਾ ਦੇ ਸੱਭਿਆਚਾਰਕ ਪ੍ਰੋਗਰਾਮ ਵਿੱਚ ਪਹੁੰਚ ਕੇ ਜ਼ਿਲ੍ਹਾ ਵਾਸੀ ਖੂਬ ਆਨੰਦ ਮਾਣ ਰਹੇ ਹਨ। ਇਸ ਮੇਲੇ ਵਿੱਚ ਵੱਖ-ਵੱਖ ਤਰ੍ਹਾਂ ਦੇ ਖਿਡੌਣੇ, ਪੰਜਾਬੀ ਸੂਟ ਤੇ ਪੰਜਾਬੀ ਜੁੱਤੀ ਆਦਿ ਪ੍ਰਦਰਸ਼ਨੀਆਂ ਫਾਜ਼ਿਲਕਾ ਵਾਸੀਆਂ ਨੂੰ ਆਪਣੇ ਵੱਲ ਖਿੱਚ ਰਹੀਆਂ ਹਨ ਤੇ ਉਹ ਕਾਫੀ ਖਰੀਦਦਾਰੀ ਵੀ ਕਰ ਰਹੇ ਹਨ।