- ਖੇਤੀਬਾੜੀ ਵਿਭਾਗ ਵੱਲੋਂ ਸਬਸਿਡੀ 'ਤੇ ਮਿਲੀ ਖੇਤੀ ਮਸ਼ੀਨਰੀ ਨੂੰ ਕਿਰਾਏ ਤੇ ਚਲਾ ਕੇ ਵੀ ਕਿਸਾਨਾਂ ਨੇ ਬਣਾਇਆ ਰੋਜ਼ਗਾਰ ਦਾ ਸਾਧਨ
ਬਰਨਾਲਾ, 31 ਅਕਤੂਬਰ : ਮੁੱਖ ਖੇਤੀਬਾੜੀ ਅਫ਼ਸਰ ਬਰਨਾਲਾ ਡਾ. ਜਗਦੀਸ਼ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ ਪਰਾਲੀ, ਜੋ ਇੱਕ ਸਮੱਸਿਆ ਬਣੀ ਸੀ, ਬਰਨਾਲਾ ਜ਼ਿਲ੍ਹੇ ਦੇ ਕਿਸਾਨਾਂ ਨੇ ਇਸ ਸਮੱਸਿਆ ਨੂੰ ਰੋਜ਼ਗਾਰ ਦਾ ਸਾਧਨ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਰਨਾਲਾ ਜ਼ਿਲ੍ਹੇ ਵਿੱਚ 50 ਦੇ ਕਰੀਬ ਬੇਲਰ ਹਨ, ਜੋ ਪਰਾਲੀ ਦੀਆਂ ਗੰਢਾਂ ਬਣਾ ਕੇ ਪਰਾਲੀ ਨੂੰ ਖੇਤਾਂ ਵਿੱਚੋਂ ਬਾਹਰ ਕੱਢ ਕੇ ਪਰਾਲੀ ਤੋਂ ਕਮਾਈ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਬਲਾਕ ਮਹਿਲ ਕਲਾਂ ਵਿੱਚ ਲਗਭਗ 70 ਦੇ ਕਰੀਬ ਪਰਾਲੀ ਦੀ ਤੂੜੀ ਬਣਾਉਣ ਵਾਲੀਆਂ ਮਸ਼ੀਨਾਂ ਚੱਲ ਰਹੀਆਂ ਹਨ ਅਤੇ ਕਿਸਾਨਾਂ ਵੱਲੋਂ ਪੀ. ਆਰ. 126 ਅਤੇ ਬਾਸਮਤੀ ਕਿਸਮਾਂ ਦੀ ਪਰਾਲੀ ਤੋਂ ਪਸ਼ੂਆਂ ਲਈ ਤੂੜੀ ਵੀ ਤਿਆਰ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਪਰਾਲੀ ਦੀ ਤੂੜੀ ਕਣਕ ਦੀ ਤੂੜੀ ਦੇ ਮੁਕਾਬਲੇ ਸਸਤੀ ਪੈਂਦੀ ਹੈ। ਡਾ. ਜਗਦੀਸ਼ ਸਿੰਘ ਨੇ ਜਾਣਕਾਰੀ ਦਿੱਤੀ ਕਿ ਮਨਦੀਪ ਸਿੰਘ ਪੁੱਤਰ ਬਲਜਿੰਦਰ ਸਿੰਘ ਵਾਸੀ ਸਹੌਰ ਨੇ ਪਿੰਡ ਮਹਿਲ ਕਲਾਂ, ਸਹੌਰ ਵਿਖੇ ਹੁਣ ਤੱਕ 60 ਏਕੜ ਦੀ ਤੂੜੀ ਬਣਾ ਚੁੱਕਾ ਹੈ ਅਤੇ ਲਗਭਗ 50 ਏਕੜ ਦੀ ਤੂੜੀ ਹੋਰ ਬਣਾਏਗਾ। ਕਿਸਾਨ ਮਨਦੀਪ ਸਿੰਘ ਖੇਤੀਬਾੜੀ ਵਿਭਾਗ ਬਰਨਾਲਾ ਦੁਆਰਾ ਸਬਸਿਡੀ 'ਤੇ ਦਿੱਤਾ ਗਿਆ ਸੁਪਰਸੀਡਰ ਕਿਰਾਏ ਤੇ ਚਲਾ ਕੇ ਇਸ ਤੋਂ ਵੀ ਕਮਾਈ ਕਰ ਰਿਹਾ ਹੈ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਲਖਵੀਰ ਸਿੰਘ ਪੁੱਤਰ ਬਾਰਾ ਸਿੰਘ ਵਾਸੀ ਨਿਹਾਲੂਵਾਲ ਨੇ ਹੁਣ ਤੱਕ ਪਿੰਡ ਨਿਹਾਲੂਵਾਲ, ਬਾਹਮਣੀਆਂ ਅਤੇ ਗੰਗੋਹਰ ਤੋਂ 150 ਏਕੜ ਦੀ ਤੂੜੀ ਬਣਾ ਚੁੰਕਾ ਹੈ। ਗੰਗੋਹਰ ਵਿਖੇ 250 ਏਕੜ ਤੂੜੀ ਹੋਰ ਬਣਾਵੇਗਾ। ਡਾ. ਜਗਦੀਸ਼ ਸਿੰਘ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਹੜੇ ਕਿਸਾਨ ਵੀਰਾਂ ਕੋਲ ਖੇਤੀ ਮਸ਼ੀਨਰੀ ਉਪਲੱਬਧ ਹੈ, ਉਹ ਆਪਣੀ ਖੇਤੀ ਮਸ਼ੀਨਰੀ ਨੂੰ ਕਿਰਾਏ ਤੇ ਚਲਾ ਕੇ ਉਸ ਨੂੰ ਰੋਜ਼ਗਾਰ ਦਾ ਸਾਧਨ ਬਣਾ ਸਕਦੇ ਹਨ, ਜਿਸ ਨਾਲ ਜ਼ਿਲ੍ਹੇ ਵਿੱਚ ਉਪਲੱਬਧ ਖੇਤੀ ਮਸ਼ੀਨਰੀ ਦਾ ਵੱਧ ਕਿਸਾਨ ਲਾਭ ਲੈ ਸਕਣਗੇ ਅਤੇ ਵਾਤਾਵਰਣ ਨੂੰ ਸ਼ੁੱਧ ਬਣਾਉਣਗੇ।