- ਆਧੁਨਿਕ ਤਕਨੀਕਾਂ ਨਾਲ ਜੁੜ ਕੇ ਖੇਤੀ ਕਰ ਰਹੇ ਸਫਲ ਕਿਸਾਨਾਂ ਤੋਂ ਪ੍ਰੇਰਨਾ ਲੈਣ ਸਾਰੇ ਕਿਸਾਨ-ਮੁੱਖ ਖੇਤੀਬਾੜੀ ਅਫ਼ਸਰ
ਮਾਨਸਾ, 09 ਨਵੰਬਰ : ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ’ਤੇ ਖੇਤੀਬਾੜੀ ਅਤੇ ਹੋਰਨਾ ਵਿਭਾਗਾਂ ਦੇ ਅਧਿਕਾਰੀ ਲਗਾਤਾਰ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਲਈ ਜਾਗਰੂਕ ਕਰ ਰਹੇ ਹਨ, ਇਸ ਦੇ ਨਾਲ ਹੀ ਪਰਾਲੀ ਦੀ ਸਾਂਭ ਸੰਭਾਲ ਲਈ ਖੇਤੀ ਮਸ਼ੀਨਰੀ ਦੀ ਵਰਤੋਂ ਕਰ ਰਹੇ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਤੋਂ ਪ੍ਰੇਰਨਾ ਲੈ ਕੇ ਹੋਰ ਕਿਸਾਨ ਵੀ ਅਜਿਹੇ ਨਿਵੇਕਲੇ ਉਪਰਾਲੇ ਕਰਨ। ਇਸੇ ਲੜੀ ਤਹਿਤ ਮੁੱਖ ਖੇਤੀਬਾੜੀ ਅਫ਼ਸਰ ਡਾ. ਦਿਲਬਾਗ ਸਿੰਘ ਹੀਰ ਵੱਲੋਂ ਪਿੰਡ ਹਮੀਰਗੜ੍ਹ ਢੈਪਈ ਦੇ ਕਿਸਾਨ ਬੂਟਾ ਸਿੰਘ ਦੇ ਖੇਤ ਦਾ ਦੌਰਾ ਕੀਤਾ ਗਿਆ। ਡਾ. ਦਿਲਬਾਗ ਸਿੰਘ ਨੇ ਦੱਸਿਆ ਕਿ ਕਿਸਾਨ ਬੂਟਾ ਸਿੰਘ ਨੇ ਪੰਜ ਏਕੜ ਵਿਚ ਝੋਨੇ ਦੀ ਪਰਾਲੀ ਦਾ ਸਰਫੇਸ ਸੀਡਰ ਨਾਲ ਪ੍ਰਬੰਧਨ ਕਰਦਿਆਂ ਕਣਕ ਦੀ ਬਿਜਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਵਿਭਾਗੀ ਅਧਿਕਾਰੀਆਂ ਵੱਲੋਂ ਕਿਸਾਨ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਹੋਰਨਾਂ ਕਿਸਾਨਾਂ ਦਾ ਵੀ ਸਹਿਯੋਗ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਸਮੇਂ ਦੋ ਲੋੜ ਮੁਤਾਬਿਕ ਕਿਸਾਨਾਂ ਨੂੰ ਆਧੁਨਿਕ ਤਕਨੀਕ ਨਾਲ ਜੁੜਨ ਦੀ ਲੋੜ ਹੈ, ਜਿਸ ਦੇ ਵਧੀਆ ਨਤੀਜੇ ਸਾਹਮਣੇ ਆ ਰਹੇ ਹਨ। ਉਨ੍ਹਾ ਕਿਹਾ ਕਿ ਭਵਿੱਖ ਵਿਚ ਕਿਸਾਨ ਜਾਗਰੂਕਤਾ ਗਤੀਵਿਧੀਆਂ ਵਿਚ ਹੋਰ ਤੇਜੀ ਲਿਆਂਦੀ ਜਾਵੇਗੀ ਤਾਂ ਜੋ ਹਰ ਇਕ ਕਿਸਾਨ ਨਵੀਆਂ ਤਕਨੀਕਾਂ ਨਾਲ ਜੁੜ ਕੇ ਖੇਤੀ ਨੂੰ ਲਾਹੇਵੰਦ ਧੰਦਾ ਬਣਾ ਸਕੇ। ਉਨ੍ਹਾਂ ਇਸ ਮੌਕੇ ਕਿਸਾਨਾ ਨੂੰ ਮਲਚਿੰਗ ਵਿਧੀ ਨਾਲ ਬਿਜਾਈ ਦੇ ਫਾਇਦੇ ਦੱਸਦਿਆ ਝੋਨੇ ਦੀ ਪਰਾਲੀ ਦੀ ਸਾਭ-ਸੰਭਾਲ ਲਈ ਤਕਨੀਕੀ ਜਾਣਕਾਰੀ ਦਿੱਤੀ। ਸ੍ਰੀ ਹਰਵਿੰਦਰ ਸਿੱਧੂ ਖੇਤੀਬਾੜੀ ਅਫਸਰ ਬਲਾਕ ਭੀਖੀ, ਅਮਨਮਦੀਪ ਸਿੰਘ ਚਹਿਲ ਖੇਤੀਬਾੜੀ ਵਿਕਾਸ ਅਫਸਰ ਵੱਲੋਂ ਝੋਨੇ ਦੀ ਪਰਾਲੀ ਨੂੰ ਜ਼ਮੀਨ ਵਿੱਚ ਵਾਹੁਣ ਦੇ ਫਾਇਦਿਆਂ ਬਾਰੇ ਕਿਸਾਨਾਂ ਨੂੰ ਜਾਣੂ ਕਰਵਾਇਆ ਗਿਆ। ਇਸ ਮੌਕੇ ਪਿੰਡ ਢੈਪਈ ਦੇ ਕੋ-ਆਪ.ਸੁਸਾਇਟੀ ਦੇ ਪ੍ਰਧਾਨ ਨਵਨੀਤ ਸਿੰਘ ਨੇ ਦੱਸਿਆ ਕਿ ਜੋ ਵੀ ਕਿਸਾਨ ਪਰਾਲੀ ਦੀ ਸਾਭ-ਸੰਭਾਲ ਬਿਨਾ ਅੱਗ ਲਾਇਆ ਕਰਦਾ ਹੈ, ਉਸਨੂੰ ਖੇਤੀਬਾੜੀ ਮਸ਼ੀਨਰੀ ਮੁਫ਼ਤ ਦਿੱਤੀ ਜਾਦੀ ਹੈ। ਇਸ ਮੌਕੇ ਅਮਰੀਕ ਸਿੰਘ ਬੇਲਦਾਰ, ਅਰਸ਼ਦੀਪ ਸਿੰਘ ਬੇਲਦਾਰ ਤੋ ਇਲਾਵਾ ਕੁਲਵਿੰਦਰ ਸਿੰਘ, ਜਗਰਾਜ ਸਿੰਘ, ਸੁਖਪਾਲ ਸਿੰਘ ਅਤੇ ਪਿੰਡ ਦੇ ਹੋਰ ਮੋਹਤਬਰ ਕਿਸਾਨ ਹਾਜ਼ਰ ਸਨ ।