- ਡਿਪਟੀ ਕਮਿਸ਼ਨਰ ਕੁਲਵੰਤ ਸਿੰਘ, ਐਸ.ਡੀ.ਐਮ. ਸਾਰੰਗਪ੍ਰੀਤ ਸਿੰਘ ਔਜਲਾ ਨਾਲ ਕੀਤੀਆਂ ਸਿੱਧੀਆਂ ਗੱਲਾਂ
- ਡਿਪਟੀ ਕਮਿਸ਼ਨਰ ਦੀ ਗੱਲਬਾਤ ਨੇ ਵਿਦਿਆਰਥੀਆਂ ਵਿੱਚ ਭਰਿਆ ਪੰਜਾਬ ਵਿੱਚ ਰਹਿ ਕੇ, ਪੰਜਾਬ ਲਈ ਵਿਲੱਖਣ ਕਰਨ ਦਾ ਜ਼ਜਬਾ
ਮੋਗਾ, 27 ਦਸੰਬਰ : ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਕੂਲ ਸਿੱਖਿਆ ਵਿਭਾਗ, ਵੱਲੋਂ ਵਿਦਿਆਰਥੀਆਂ ਦੇ ਵਿੱਦਿਅਕ ਅਨੁਭਵ ਵਿੱਚ ਵਾਧਾ ਕਰਨ ਅਤੇ ਪ੍ਰਸ਼ਾਸ਼ਨਿਕ ਪ੍ਰਣਾਲੀ ਬਾਰੇ ਚੇਤਨਤਾ ਪੈਦਾ ਕਰਨ ਦੇ ਮਨੋਰਥ ਵਜੋਂ ਐਕਸਪੋਜ਼ਰ ਵਿਜ਼ਟ ਕਰਵਾਏ ਜਾ ਰਹੇ ਹਨ। ਇਸਦੀ ਲਗਾਤਾਰਤਾ ਵਿੱਚ ਅੱਜ ਸਕੂਲ ਆਫ਼ ਐਂਮੀਨੈਂਸ ਬਾਘਾਪੁਰਾਣਾ ਤੇ ਨਿਹਾਲ ਸਿੰਘ ਵਾਲਾ ਦੇ ਵਿਦਿਆਰਥੀਆਂ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਮੋਗਾ, ਐਸ.ਡੀ.ਐਮ. ਦਫ਼ਤਰ ਮੋਗਾ ਤੇ ਇਸਦੀਆਂ ਵੱਖ ਵੱਖ ਮਹੱਤਵਪੂਰਨ ਸ਼ਾਖਾਵਾਂ ਤੋਂ ਇਲਾਵਾ ਜਿ਼ਲ੍ਹਾ ਸਿੱਖਿਆ ਦਫ਼ਤਰ ਐਲੀਮੈਂਟਰੀ ਤੇ ਸੈਕੰਡਰੀ ਦਾ ਵਿਜ਼ਟ ਕਰਵਾਇਆ ਗਿਆ।ਇਸ ਦੌਰੇ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਖੁਦ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਦਫ਼ਤਰ ਦੀਆਂ ਵੱਖ ਵੱਖ ਸ਼ਾਖਾਵਾਂ ਦਾ ਦੌਰਾ ਕਰਵਾਇਆ।ਇਸ ਦੌਰੇ ਦੌਰਾਨ ਡਿਪਟੀ ਕਮਿਸ਼ਨਰ ਨੇ ਵਿਦਿਆਰਥੀਆਂ ਨਾਲ ਦਿਲ ਖੋਲ੍ਹ ਕੇ ਮਹੱਤਵਪੂਰਨ ਤੇ ਉਨ੍ਹਾਂ ਦੇ ਭਵਿੱਖ ਵਿੱਚ ਕੰਮ ਆਉਣ ਵਾਲੀਆਂ ਗੱਲਾਂ ਸਾਂਝੀਆਂ ਕੀਤੀਆਂ। ਪ੍ਰਸ਼ਾਸ਼ਨ ਵੱਲੋਂ ਕਿਵੇਂ ਲੋਕਾਂ ਨੂੰ ਪ੍ਰਸ਼ਾਸ਼ਨਿਕ ਸੇਵਾਵਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਗਈ। ਡਿਪਟੀ ਕਮਿਸ਼ਨਰ ਨੇ ਵਿਦਿਆਰਥੀਆਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਅੱਜ ਦੀ ਨੌਜਵਾਨ ਪੀੜ੍ਹੀ ਪੰਜਾਬ ਵਿੱਚ ਆਪਣਾ ਭਵਿੱਖ ਬਣਾਉਣ ਦੀ ਬਿਜਾਇ ਵਿਦੇਸ਼ਾਂ ਵਿੱਚ ਜਾਣ ਨੂੰ ਤਰਜੀਹ ਦੇ ਰਹੀ ਹੈ, ਜਿਹੜੀ ਕਿ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਦੱਸਿਆ ਕਿ ਨੌਜਵਾਨਾਂ ਨੂੰ ਪੰਜਾਬ ਵਿੱਚ ਹੀ ਰਹਿ ਕੇ ਆਪਣੀ ਕੜੀ ਮਿਹਨਤ ਨਾਲ ਉੱਚ ਪੱਧਰੀ ਅਹੁਦੇ ਪ੍ਰਾਪਤ ਕਰਨ, ਵਧੀਆ ਕਾਰੋਬਾਰ ਚਲਾਉਣ ਵੱਲ ਧਿਆਨ ਦੇਣਾ ਚਾਹੀਦਾ ਹੈ ਜਿਸ ਨਾਲ ਉਨ੍ਹਾਂ ਦੀ ਜਿੰਦਗੀ ਸੌਖੀ ਹੋਣ ਦੇ ਨਾਲ ਨਾਲ ਪੰਜਾਬ ਨੂੰ ਤਰੱਕੀ ਵੱਲ ਤੋਰਿਆ ਜਾ ਸਕੇਗਾ ਅਤੇ ਉਹ ਆਪਣੇ ਮਾਤਾ ਪਿਤਾ ਦਾ ਬੁਢਾਪੇ ਵਿੱਚ ਚੰਗਾ ਆਸਰਾ ਬਣ ਸਕਣਗੇ। ਡਿਪਟੀ ਕਮਿਸ਼ਨਰ ਨੇ ਆਪਣੀਆਂ ਮਹੱਤਵਪੂਰਨ ਗੱਲਾਂ ਨਾਲ ਵਿਦਿਆਰਥੀਆਂ ਵਿੱਚ ਪੰਜਾਬ ਵਿੱਚ ਹੀ ਰਹਿ ਕੇ ਕੁਝ ਵੱਖਰਾ ਕਰਨ ਦਾ ਜਜ਼ਬਾ ਭਰਿਆ। ਵਿਦਿਆਰਥੀਆਂ ਨੇ ਡਿਪਟੀ ਕਮਿਸ਼ਨਰ ਨਾਲ ਵਾਅਦਾ ਵੀ ਕੀਤਾ ਕਿ ਉਹ ਵਿਦੇਸ਼ ਜਾਣ ਦੀ ਬਿਜਾਇ ਆਪਣੇ ਪੰਜਾਬ ਲਈ ਕੁਝ ਵੱਖਰਾ ਕਰਨਗੇ ਅਤੇ ਇਧਰ ਰਹਿ ਕੇ ਹੀ ਪੜ੍ਹਾਈ ਵਿੱਚ ਮਲ੍ਹਾਂ ਮਾਰ ਕੇ ਉੱਚ ਪੱਧਰੀ ਪ੍ਰਸ਼ਾਸ਼ਨਿਕ ਅਹੁਦੇ ਪ੍ਰਾਪਤ ਕਰਨ ਵੱਲ ਜ਼ੋਰ ਦੇਣਗੇ। ਇਸ ਤੋਂ ਇਲਾਵਾ ਅੱਜ ਸਕੂਲ ਆਫ਼ ਐਂਮੀਨੈਂਸ ਲੰਢੇਕੇ ਤੇ ਕੈਲਾ ਦੇ ਵਿਦਿਆਰਥੀਆਂ ਨੇ ਸਿਵਲ ਹਸਪਤਾਲ ਮੋਗਾ ਦਾ ਦੌਰਾ ਕੀਤਾ।ਇਸ ਮੌਕੇ ਉਨ੍ਹਾਂ ਨਾਲ ਡਿਪਟੀ ਡੀ.ਈ.ਓ. (ਸੈਕੰਡਰੀ) ਮੋਗਾ ਸ੍ਰ. ਗੁਰਦਿਆਲ ਸਿੰਘ ਵੀ ਮੌਜੂਦ ਸਨ। ਜਿਕਰਯੋਗ ਹੈ ਕਿ 27 ਦਸੰਬਰ ਨੂੰ ਵੀ ਐਮੀਨੈਂਸ ਸਕੂਲਾਂ ਦੇ ਵਿਦਿਆਰਥੀਆਂ ਉਪ ਕਪਤਾਨ ਪੁਲਿਸ ਦਫ਼ਤਰ ਅਤੇ ਵੱਖ ਵੱਖ ਸੰਸਥਾਵਾਂ ਦਾ ਦੌਰਾ ਕਰਕੇ ਆਪਣੇ ਗਿਆਨ ਵਿੱਚ ਵਾਧਾ ਕਰਨਗੇ।