- ਗਵਰਨਰ ਪੰਜਾਬ, ਮੁੱਖ ਮੰਤਰੀ ਪੰਜਾਬ,ਜੇ.ਪੀ.ਨੱਢਾ, ਸਪੀਕਰ ਪੰਜਾਬ ਵਿਧਾਨ ਸਭਾ, ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਅਤੇ ਅਮਨ ਅਰੋੜਾ ਨੇ ਉਚੇਚੇ ਤੌਰ ਤੇ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ
- ਹਜ਼ਾਰਾਂ ਦੀ ਗਿਣਤੀ ਵਿੱਚ ਆਮ ਲੋਕਾਂ ਨੇ ਵੀ ਕੀਤੇ ਅੰਤਿਮ ਦਰਸ਼ਨ
ਸ੍ਰੀ ਮੁਕਤਸਰ ਸਾਹਿਬ, 27 ਅਪ੍ਰੈਲ : ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਨੂੰ ਜਿੱਥੇ ਭਾਰਤ ਦੀਆਂ ੳੁੱਘੀਆਂ ਸਖਸ਼ੀਅਤਾਂ ਨੇ ਪਿੰਡ ਬਾਦਲ ਪਹੁੰਚ ਕੇ ਅੰਤਿਮ ਦਰਸ਼ਨ ਕੀਤੇ, ਉਥੇ ਨਾਲ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਆਮ ਲੋਕ ਸਿਆਸਤਦਾਨ, ਉਘੇ ਵਿਦਵਾਨ ਅਤੇ ਵੱਖ ਵੱਖ ਧਾਰਮਿਕ ਸੰਸਥਾਵਾਂ ਨਾਲ ਜੁੜੇ ਮਹਾਂਪੁਰਸਾਂ ਨੇ ਵੀ ਬਾਦਲ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਬਾਦਲ ਦੀ ਮ੍ਰਿਤਕ ਦੇਹ ਨੂੰ ਬੁੱਧਵਾਰ ਦੇਰ ਸ਼ਾਮ ਚੰਡੀਗੜ੍ਹ ਤੋਂ ਗੱਡੀਆਂ ਦੇ ਵੱਡੇ ਕਾਫਲੇ ਦੇ ਰੂਪ ਵਿੱਚ ਉਹਨਾਂ ਦੇ ਜੱਦੀ ਪਿੰਡ ਬਾਦਲ ਲਿਆਂਦਾ ਗਿਆ। ਵੀਰਵਾਰ ਪਹੁ ਫੁੱਟੇ ਤੇ ਹੀ ਭਾਰੀ ਇਕੱਠ ਦੇ ਰੂਪ ਵਿੱਚ ਦੁੱਖੀ ਹਿਰਦਿਆਂ ਅਤੇ ਨਮ ਅੱਖਾਂ ਨਾਲ ਪਹੁੰਚ ਕੇ ਸੋਗ ਜਾਹਿਰ ਕੀਤਾ। ਇਸ ਉਪਰੰਤ ਸਿਵਿਲ ਅਤੇ ਪੁਲਿਸ ਪ੍ਰਸਾਸ਼ਨ ਦੇ ਸਹਿਯੋਗ ਨਾਲ ਬਣਾਈ ਗਈ ਇੱਕ ਖਾਸ ਜਗ੍ਹਾਂ ਤੇ ਭਾਰੀ ਇਕੱਠ ਵਿੱਚ ਉਹਨਾਂ ਦੇ ਸਪੁੱਤਰ ਅਤੇ ਪ੍ਰਧਾਨ ਅਕਾਲੀ ਦਲ ਸ.ਸੁਖਬੀਰ ਸਿੰਘ ਬਾਦਲ ਨੇ ਸ.ਬਾਦਲ ਦੀ ਮ੍ਰਿਤਕ ਦੇਹ ਨੂੰ ਅਗਨੀ ਭੇਟ ਕੀਤਾ। ਸ਼ੋਕ ਸਮਾਗਮ ਦੌਰਾਨ ਪੰਜਾਬ ਪੁਲਿਸ ਦੀ ਟੁਕੜੀ ਵਲੋਂ ਹਵਾਈ ਫਾਇਰ ਕਰਕੇ ਸਲਾਮੀ ਦਿੱਤੀ ਗਈ ਅਤੇ ਇਸ ਮੌਕੇ ਧਾਰਮਿਕ ਜੱਥੇ ਵਲੋਂ ਗੁਰਬਾਣੀ ਦੇ ਸਬਦ ਕੀਰਤਨ ਦੇ ਗਾਇਨ ਕੀਤੇ ਗਏ। ਕੁਲਤਾਰ ਸਿੰਘ ਸੰਧਵਾ ਸਪੀਕਰ ਪੰਜਾਬ ਵਿਧਾਨ ਸਭਾ ਨੇ ਕਿਹਾ ਕਿ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਸਸਕਾਰ ਸਮਾਰੋਹ ‘ਚ ਸ਼ਿਰਕਤ ਕਰਕੇ ਪਰਿਵਾਰ ਦੇ ਦੁੱਖ ਦੀ ਘੜੀ ‘ਚ ਸ਼ਰੀਕ ਹੋਏ, ਸਾਡੇ ਸੰਸਕਾਰ ਸਾਨੂੰ ਇਹ ਸਿੱਖਿਆ ਦਿੰਦੇ ਹਨ ਕਿ ਅੰਤਿਮ ਯਾਤਰਾ ਸਮੇਂ ਇਨਸਾਨ ਦੇ ਗੁਣਾਂ ਨੂੰ ਚਿਤਾਰਿਆ ਜਾਵੇ, ਮਿੱਠੀ ਬੋਲੀ,ਨਿਮਰਤਾ, ਖੇਤਰੀ ਪਾਰਟੀ ਦੇ ਰੂਪ ‘ਚ ਅਕਾਲੀ ਦਲ ਨੂੰ ਅਹਿਮ ਦਰਜਾ ਦਿਵਾਉਣ ਚ ਉਹਨਾਂ ਦਾ ਯੋਗਦਾਨ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਸ ਮੌਕੇ ਸ੍ਰੀ ਬਨਵਾਰੀ ਲਾਲ ਪਰੋਹਿਤ ਗਵਰਨਰ, ਸ.ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ, ਸ੍ਰੀ ਅਮਨ ਅਰੋੜਾ ਅਤੇ ਡਾ.ਬਲਜੀਤ ਕੌਰ ਕੈਬਨਿਟ ਮੰਤਰੀ, ਸ.ਜਗਦੀਪ ਸਿੰਘ ਕਾਕਾ ਬਰਾੜ ਹਲਕਾ ਵਿਧਾਇਕ ਸ੍ਰੀ ਮੁਕਤਸਰ ਸਾਹਿਬ ਹਾਜ਼ਰ ਸਨ। ਇਹਨਾਂ ਤੋਂ ਇਲਾਵਾ ਸ੍ਰੀ ਭੁਪਿੰਦਰ ਸਿੰਘ ਹੁੱਡਾ ਸਾਬਕਾ ਮੁੱਖ ਮੰਤਰੀ ਹਰਿਆਣਾ, ਸ੍ਰੀ ਉਮਰ ਅਬਦੁਲਾ ਸਾਬਕਾ ਮੁੱਖ ਮੰਤਰੀ ਜੰਮੂ-ਕਸਮੀਰ, ਸ੍ਰੀ ਪਵਨ ਬਾਂਸਲ ਸਾਬਕਾ ਕੇਂਦਰੀ ਮੰਤਰੀ, ਸ੍ਰੀ ਸਰਦ ਪਵਾਰ ਸਾਬਕਾ ਮੁੱਖ ਮੰਤਰੀ ਮਹਾਰਾਸ਼ਟਰ, ਸ੍ਰੀ ਜੇ.ਪੀ.ਨੱਢਾ ਪ੍ਰਧਾਨ ਭਾਰਤੀ ਜਨਤਾ ਪਾਰਟੀ,ਦੁਸ਼ਯੰਤ ਚੌਟਾਲਾ ਉਪ ਮੁੱਖ ਮੰਤਰੀ ਹਰਿਆਣਾ, ਸ੍ਰੀਮਤੀ ਹਰਸਿਮਰਤ ਕੌਰ ਬਾਦਲ, ਸ੍ਰੀ ਬਿਕਰਮਜੀਤ ਸਿੰਘ ਮਜੀਠੀਆ, ਪ੍ਰੋਫੈਸਰ ਬੂਟਾ ਸਿੰਘ ਸਿੱਧੂ ਵਾਇਸ ਚਾਂਸਲਰ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਰਜਿਸਟਰਾਰ ਗੁਰਿੰਦਰਪਾਲ ਸਿੰਘ ਬਰਾੜ ਪੰਜਾਬ ਯੂਨੀਵਰਸਿਟੀ, ਵਿਨੀਤ ਕੁਮਾਰ ਡਿਪਟੀ ਕਮਿਸ਼ਨਰ, ਸ੍ਰੀ ਹਰਮਨਬੀਰ ਸਿੰਘ ਗਿੱਲ ਐਸ.ਐਸ.ਪੀ ਵੀ ਹਾਜ਼ਰ ਸਨ। ਧਾਰਮਿਕ ਆਗੂਆਂ ਵਿੱਚ ਗਿਆਨੀ ਹਰਪ੍ਰੀਤ ਸਿੰਘ ਜੱਥੇਦਾਰ ਅਕਾਲ ਤਖਤ, ਹੈਡ ਗ੍ਰੰਥੀ ਸ੍ਰੀ ਹਰਮੰਦਰ ਸਾਹਿਬ ਗਿਆਨੀ ਜਗਤਾਰ ਸਿੰਘ, ਹਰਮੀਤ ਸਿੰਘ ਕਾਲਕਾ ਪ੍ਰਧਾਨ ਡੀ.ਐਸ.ਜੀ.ਐਮ.ਸੀ. ਨੇ ਵੀ ਅੰਤਿਮ ਯਾਤਰਾ ਵਿੱਚ ਸ਼ਾਮਿਲ ਹੋ ਕੇ ਆਪਣੀ ਹਾਜ਼ਰੀ ਲਗਵਾਈ।