- ਗਿਆਨ ਵਿਚ ਵਾਧਾ ਕਰਵਾਉਣ ਦੇ ਮਕਸਦ ਤਹਿਤ ਵਿਦਿਆਰਥੀਆਂ ਦੀ ਦਫਤਰਾਂ ਵਿਖੇ ਕਰਵਾਈ ਵਿਜਿਟ
- ਸਕੂਲ ਦੇ ਵਿਦਿਆਰਥੀਆਂ ਨੇ ਦਫਤਰਾਂ ਵਿਖੇ ਪੁੱਜ ਕੇ ਦੇਖਿਆ ਕੰਮ-ਕਾਜ
ਫਾਜ਼ਿਲਕਾ, 27 ਦਸੰਬਰ : ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਉੱਚ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਦੇ ਉਦੇਸ਼ ਸਦਕਾ ਸਕੂਲਾਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾ ਰਿਹਾ ਹੈ। ਇਸ ਦੇ ਨਾਲ-ਨਾਲ ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਅਤੇ ਸਿਖਿਆ ਵਿਭਾਗ ਵੱਲੋਂ ਪਹਿਲਕਦਮੀਆਂ ਕਰਦਿਆਂ ਵਿਦਿਆਰਥੀਆਂ ਨੂੰ ਦਫਤਰਾਂ ਅਤੇ ਸਰਕਾਰੀ ਸੰਸਥਾਵਾਂ ਦੀ ਵਿਜਿਟ ਕਰਵਾਈ ਜਾ ਰਹੀ ਹੈ ਤਾਂ ਜੋ ਵਿਦਿਆਰਥੀ ਵਰਗ ਸੰਸਥਾਵਾਂ ਵਿਖੇ ਹੁੰਦੇ ਕੰਮ-ਕਾਜ ਦੀ ਰੂਪ ਰੇਖਾ ਹੁਣੇ ਤੋਂ ਹੀ ਜਾਣ ਸਕੇ। ਫਾਜ਼ਿਲਕਾ ਜ਼ਿਲ੍ਹੇ ਦੇ ਸਕੂਲ ਆਫ ਐਮੀਨਾਂਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਜਲਾਲਾਬਾਦ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਫਾਜ਼ਿਲਕਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਰਨੀਵਾਲਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਸਰਾ ਦੇ ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਦੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸਿਵਲ ਹਸਪਤਾਲ ਅਤੇ ਕੰਟੋਨਮੈਂਟ ਬੋਰਡ ਵਿਖੇ ਵਿਜਿਟ ਕਰਵਾਈ ਗਈ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪਹੁੰਚਣ ਦੌਰਾਨ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਗਿਆਨ ਵਿਚ ਵਾਧੇ ਕਰਨ ਦਾ ਕੋਈ ਵੀ ਮੌਕਾ ਗੁਆਉਣਾ ਨਹੀਂ ਚਾਹੀਦਾ। ਉਨ੍ਹਾਂ ਕਿਹਾ ਕਿ ਇਸ ਉਮਰੇ ਸਾਡੇ ਅੰਦਰ ਬਹੁਤ ਕੁਝ ਸਿਖਣ ਅਤੇ ਨਵਾਂ ਕਰਨ ਦੀ ਉਤਸੁਕਤਾ ਹੁੰਦੀ ਹੈ ਜੋ ਕਿ ਸਾਨੂੰ ਭਵਿੱਖ ਵਿਚ ਤਰੱਕੀ ਪਾਉਣ ਵਿਚ ਮਦਦ ਕਰਦੀ ਹੈ। ਉਨ੍ਹਾਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਸਾਨੂੰ ਆਲੇ-ਦੁਆਲੇ ਕਿ ਹੋ ਰਿਹਾ ਹੈ, ਬਾਰੇ ਵੀ ਜਾਣਕਾਰੀ ਹੋਣੀ ਚਾਹੀਦੀ ਹੈ। ਡਿਪਟੀ ਕਮਿਸ਼ਨਰ ਨੇ ਬਚਿਆਂ ਨੂੰ ਉਜਵਲ ਭਵਿਖ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਅਤੇ ਸਫਲ ਇਨਸਾਨ ਬਣਨ ਬਾਰੇ ਪ੍ਰੇਰਿਤ ਕਰਦਿਆਂ ਕਿਹਾ ਕਿ ਜਿੰਦਗੀ ਵਿਚ ਕਾਮਯਾਬ ਹੋਣ ਲਈ ਸਿਖਲਾਈ ਦੀ ਹਮੇਸ਼ਾ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਹੀ ਗਾਈਡੈਂਸ ਪ੍ਰਾਪਤ ਹੋਣ ਨਾਲ ਕੋਈ ਵੀ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ ਉਨ੍ਹਾਂ ਕਿਹਾ ਕਿ ਸਾਰੀ ਉਮਰ ਵਿਅਕਤੀ ਕੁਝ ਨਾ ਕੁਝ ਸਿਖਦਾ ਹੀ ਹੈ ਤੇ ਸਿਖਲਾਈ ਹਾਸਲ ਕਰਕੇ ਅਸੀਂ ਆਪਣੇ ਟੀਚੇ ਪੂਰੇ ਕਰਦੇ ਹਾਂ। ਡਿਪਟੀ ਕਮਿਸ਼ਨਰ ਨੇ ਬਚਿਆਂ ਦੀ ਹੌਸਲਾਅਫਜਾਈ ਕਰਦਿਆਂ ਕਿਹਾ ਕਿ ਜਿੰਦਗੀ ਵਿਚ ਮੁਸ਼ਕਿਲਾਂ ਤੋਂ ਘਬਰਾਉਣਾ ਨਹੀਂ ਚਾਹੀਦਾ ਸਗੋ ਉਸ ਤੋਂ ਸਿਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਕੰਮ ਨੂੰ ਮਿਹਨਤ, ਲਗਨ ਤੇ ਧਿਆਨ ਨਾਲ ਕਰਾਂਗੇ ਤਾਂ ਸਫਲਤਾ ਆਪਣੇ ਆਪ ਸਾਡੇ ਪੈਰ ਚੁੰਮੇਗੀ ਅਤੇ ਅਸੀਂ ਜਿੰਦਗੀ ਦੀਆਂ ਉਚਾਈਆਂ ਵੱਲ ਵੱਧਦੇ ਜਾਵਾਂਗੇ। ਉਨ੍ਹਾਂ ਵਿਦਿਆਰਥੀਆਂ ਤੋਂ ਵੀ ਜਾਣਿਆ ਕਿ ਉਹ ਜਿੰਦਗੀ ਵਿਚ ਕਿ ਕੁਝ ਬਣਨਾ ਚਾਹੁੰਦੇ ਹਨ, ਕਿਹੜੇ ਅਹੁੱਦਿਆਂ *ਤੇ ਪਹੁੰਚਣਾ ਚਾਹੁੰਦੇ ਹਨ। ਇਸ ਦੇ ਬਦਲੇ ਵਿਦਿਆਰਥੀਆਂ ਵੱਲੋਂ ਫੌਜ਼ ਵਿਚ ਭਰਤੀ ਹੋਣ, ਆਈ.ਏ.ਐਸ. ਬਣਨ, ਪੁਲਿਸ ਮੁੱਖੀ, ਅਧਿਆਪਕ ਬਣਨ ਆਦਿ ਦੀ ਇੱਛਾ ਪ੍ਰਗਟ ਕੀਤੀ ਗਈ ਜਿਸ *ਤੇ ਡਿਪਟੀ ਕਮਿਸ਼ਨਰ ਵੱਲੋਂ ਵਿਦਿਆਰਥੀਆਂ ਨੂੰ ਤਨਦੇਹੀ ਨਾਲ ਪੜ੍ਹਾਈ ਕਰਨ, ਮੁਕਾਬਲੇ ਵਾਲੇ ਇਮਤਿਹਾਨਾਂ ਦੀ ਤਿਆਰੀ ਕਰਨ, ਅਖਬਾਰ ਪੜ੍ਹਨ ਅਤੇ ਇੰਟਰਨੈਟ ਦੀ ਸਹੀ ਵਰਤੋਂ ਕਰਨ ਸਬੰਧੀ ਪ੍ਰੇਰਣਾ ਦਿੱਤੀ ਗਈ। ਉਨ੍ਹਾਂ ਸਕੂਲੀ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਵੱਖ-ਵੱਖ ਦਫਤਰਾਂ ਵਿਖੇ ਜਾ ਕੇ ਦਫਤਰੀ ਕੰਮ-ਕਾਜ ਬਾਰੇ ਜਾਣਕਾਰੀ ਪ੍ਰਾਪਤ ਕਰਨ ਕਿ ਕਿਸ ਕੰਮ ਨੂੰ ਕਿਵੇਂ, ਕਿਹੜੇ ਨਿਯਮਾਂ, ਸਮਾਂਬੱਧ ਅਤੇ ਕਿਸ ਵਿਧੀ ਅਨੁਸਾਰ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹੁਣੇ ਤੋਂ ਹੀ ਦਫਤਰੀ ਕੰਮ-ਕਾਜ ਦੀ ਜਾਣਕਾਰੀ ਭਵਿੱਖ ਵਿਚ ਬਚਿਆਂ ਲਈ ਲਾਹੇਵੰਦ ਸਾਬਿਤ ਹੋਵੇਗੀ। ਸਕੂਲੀ ਵਿਦਿਆਰਥੀਆਂ ਵੱਲੋਂ ਡੀ.ਸੀ. ਦਫਤਰ ਦੀਆਂ ਵੱਖ-ਵੱਖ ਸ਼ਾਖਾਵਾਂ, ਭਾਸ਼ਾ ਵਿਭਾਗ, ਲੇਬਰ ਵਿਭਾਗ, ਰੋਜਗਾਰ ਵਿਭਾਗ, ਪੈਨਸ਼ਨ ਵਿਭਾਗ, ਐਨ.ਆਈ.ਸੀ., ਈ. ਗਵਰਨੈਂਸ ਆਦਿ ਹੋਰ ਵੱਖ-ਵੱਖ ਵਿਭਾਗਾਂ ਵਿਖੇ ਵਿਜਿਟ ਕੀਤੀ ਗਈ ਅਤੇ ਜਿਲ੍ਹਾ ਪ੍ਰਸ਼ਾਸਨ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ।
ਇਸ ਮੌਕੇ ਸਿਖਿਆ ਵਿਭਾਗ ਤੋਂ ਸਤਿੰਦਰ ਬਤਰਾ ਅਤੇ ਸਕੂਲ ਆਫ ਐਮੀਨਾਂਸ ਦੇ ਅਧਿਆਪਕ ਮਨੀਸ਼ ਛਾਬੜਾ, ਸੰਦੀਪ ਅਨੇਜਾ, ਵਿਕਾਸ ਡੋਡਾ, ਮੀਨੂ ਆਹੁਜਾ ਆਦਿ ਸਟਾਫ ਮੌਜੂਦ ਸੀ।