ਫਾਜਿ਼ਲਕਾ 23 ਜਨਵਰੀ : ਜਿ਼ਲ੍ਹਾ ਪ੍ਰਸ਼ਾਸਨ ਫਾਜਿ਼ਲਕਾ ਵੱਲੋਂ ਫਾਜ਼ਿਲਕਾ ਸ਼ਹਿਰ ਵਿਚੋਂ ਬੇਸਹਾਰਾ ਗਊਵੰਸ਼ ਨੂੰ ਗਊਸਾ਼ਲਾ ਭੇਜਣ ਦੀ ਮੁਹਿੰਮ ਤਹਿਤ 2 ਬੀਤੇ ਦਿਨਾਂ ਦੌਰਾਨ ਤੱਕ 135 ਬੇਸਹਾਰਾ ਗਊਵੰਸ਼ ਨੂੰ ਸਰਕਾਰੀ ਗਉ਼ਸ਼ਾਲਾ ਸਲੇਮਸ਼ਾਹ ਵਿਚ ਭੇਜਿਆ ਗਿਆ ਹੈ। ਇਹ ਜਾਣਕਾਰੀ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਦਿੱਤੀ ਹੈ। ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਕਿਹਾ ਕਿ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਅਤੇ ਬੇਸਹਾਰਾ ਗਊਵੰਸ਼ ਦੀ ਸਹੀ ਸੰਭਾਲ ਯਕੀਨੀ ਬਣਾਉਣ ਲਈ ਪ੍ਰਸ਼ਾਸਨ ਵੱਲੋਂ ਇਹ ਉਪਰਾਲਾ ਆਰੰਭ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਲੋਟ ਰੋਡ ਨੇੜੇ ਦਾਣਾ ਮੰਡੀ ਗੇਟ ਤੇ ਸਬਜੀ ਮੰਡੀ ਵਿੱਚੋਂ ਬੀਤੇ ਦਿਨ ਸ਼ੁੱਕਰਵਾਰ ਨੂੰ 75 ਬੇਸਹਾਰਾ ਗਊਵੰਸ਼ ਨੂੰ ਸਰਕਾਰੀ ਗਊਸ਼ਾਲਾ ਭੇਜਿਆ ਗਿਆ। ਉਨ੍ਹਾਂ ਕਿਹਾ ਕਿ ਸੜਕਾਂ ਦੇ ਘੁੰਮਦੇ ਇਹ ਆਵਾਰਾ ਤੇ ਬੇਸਹਾਰਾ ਗਊਵੰਸ਼ ਨੂੰ ਫੜ੍ਹ ਕੇ ਸਰਕਾਰੀ ਗਊਸ਼ਾਲਾ ਵਿੱਚ ਭੇਜਣ ਨਾਲ ਜਿੱਥੇ ਇਨ੍ਹਾਂ ਗਊਵੰਸ਼ਾਂ ਨੂੰ ਰਹਿਣ ਬਸੇਰਾ ਮਿਲੇਗਾ ਉੱਥੇ ਇਨ੍ਹਾਂ ਸੜਕਾਂ ਤੇ ਘੁੰਮਣ ਵਾਲੇ ਪਸ਼ੂਆਂ ਤੋਂ ਹੋਣ ਵਾਲੀਆਂ ਸੜਕੀ ਦੁਰਘਟਨਾਵਾਂ ਨੂੰ ਵੀ ਠੱਲ੍ਹ ਪਵੇਗੀ। ਉਨ੍ਹਾਂ ਜਿ਼ਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਾਲਤੂ ਗਊਵੰਸ਼ ਨੂੰ ਬੇਸਹਾਰਾ ਨਾ ਛੱਡਣ ਅਤੇ ਇਸ ਮੁਹਿੰਮ ਵਿਚ ਪ੍ਰਸ਼ਾਸਨ ਦਾ ਸਹਿਯੋਗ ਕਰਨ।