- ਰਹਿੰਦ—ਖੂਹੰਦ ਨੂੰ ਅੱਗ ਲਗਾਉਣ ਵਾਲਿਆਂ ਖਿਲਾਫ ਨਿਯਮਾਂ ਮੁਤਾਬਕ ਹੋਵੇਗੀ ਕਾਰਵਾਈ
ਫਾਜ਼ਿਲਕਾ, 8 ਨਵੰਬਰ : ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਅਤੇ ਜ਼ਿਲ੍ਹਾ ਪੁਲਿਸ ਮੁੱਖੀ ਸ. ਮਨਜੀਤ ਸਿੰਘ ਢੇਸੀ ਨੇ ਸਾਂਝੇ ਤੌਰ *ਤੇ ਖੇਤੀਬਾੜੀ ਵਿਭਾਗ ਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨਾਲ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਪਹਿਲਕਦਮੀਆਂ ਬਾਰੇ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਪੁਲਿਸ ਵਿਭਾਗ ਅਤੇ ਖੇਤੀਬਾੜੀ ਵਿਭਾਗ ਰਲ ਕੇ ਹੰਬਲਾ ਮਾਰਦੇ ਹੋਏ ਪਿੰਡਾਂ ਵਿਚ ਪਹੁੰਚ ਕੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਬਾਰੇ ਜਾਗਰੂਕ ਕਰੇਗਾ। ਬੈਠਕ ਦੌਰਾਨ ਉਨ੍ਹਾਂ ਕਿਹਾ ਕਿ ਪੁਲਿਸ ਵਿਭਾਗ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਸਾਂਝੇ ਤੌਰ *ਤੇ ਪਿੰਡਾਂ ਵਿਚ ਗਸ਼ਤ ਕਰਦਿਆਂ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਬਾਰੇ ਜਾਗਰੂਕ ਕਰਨਗੇ ਤਾਂ ਜ਼ੋ ਵਾਤਾਵਰਣ ਪੱਖੀ ਅਤੇ ਬਚਿਆਂ ਦੀ ਸਿਹਤ ਪ੍ਰਤੀ ਸੁਚੇਤ ਹੁੰਦਿਆਂ ਪਰਾਲੀ ਅਤੇ ਰਹਿੰਦ—ਖੂਹੰਦ ਨੂੰ ਅੱਗ ਨਹੀਂ ਲਗਾਉਣਗੇ।ਉਨ੍ਹਾਂ ਕਿਹਾ ਕਿ ਇਹ ਵੀ ਜਾਗਰੂਕਤਾ ਫੈਲਾਈ ਜਾਵੇਗੀ ਕਿ ਪਰਾਲੀ ਦੀਆਂ ਗਠਾਂ ਬਣਾਉਣ ਤੋਂ ਪਿਛੇ ਰਹਿ ਜਾਂਦੀ ਰਹਿੰਦ—ਖੂਹੰਦ ਨੂੰ ਵੀ ਅਗ ਲਗਾਉਣ ਤੋਂ ਪਰਹੇਜ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਜਿਥੇ ਕਿਸਾਨਾਂ ਵੀਰਾਂ ਨੂੰ ਵਾਤਾਵਰਣ ਬਚਾਉਣ ਵਿਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕਰਦਾ ਹੈ ਉਥੇ ਵਾਤਾਵਰਣ ਨੂੰ ਗੰਧਲਾ ਕਰਨ ਵਾਲੇ ਖਿਲਾਫ ਨਿਯਮਾਂ ਮੁਤਾਬਕ ਕਾਰਵਾਈ ਕਰਨ ਲਈ ਵੀ ਕਾਰਜਸ਼ੀਲ ਹੈ।ਇਸ ਕਰਕੇ ਉਨ੍ਹਾਂ ਕਿਹਾ ਕਿ ਆਪਣੇ ਆਲੇ—ਦੁਆਲੇ ਨੂੰ ਬਿਮਾਰੀਆਂ ਮੁਕਤ ਸਿਰਜਣ ਲਈ ਪਰਾਲੀ ਨੂੰ ਅਗ ਨਾ ਲਗਾਈ ਜਾਵੇ ਤੇ ਸਰਕਾਰ ਵੱਲੋਂ ਪਰਾਲੀ ਪ੍ਰਬੰਧਨ ਲਈ ਮੁਹੱਈਆ ਕਰਵਾਏ ਗਏ ਯੋਗ ਸਾਧਨ ਦੀ ਵਰਤੋਂ ਕੀਤੀ ਜਾਵੇ। ਇਸ ਮੌਕੇ ਐਸ.ਪੀ. ਮਨਜੀਤ ਸਿੰਘ, ਗੁਰਮੀਤ ਸਿੰਘ, ਮੁੱਖ ਖੇਤੀਬਾੜੀ ਅਫਸਰ ਗੁਰਮੀਤ ਸਿੰਘ ਚੀਮਾ, ਡੀ.ਐਸ.ਪੀ. ਸਾਹਿਬਾਨ, ਆਸ਼ੀਸ਼ ਦੂਬੇ ਤੋਂ ਇਲਾਵਾ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਅਧਿਕਾਰੀ, ਐਸ.ਐਚ.ਓ ਆਦਿ ਮੌਜ਼ੂਦ ਸਨ।